ਦਸੂਹਾ : ਹਲਕਾ ਦਸੂਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਆਸਟ੍ਰੇਲੀਅਨ ਪੁਲਿਸ ਦੇ ਵਿੱਚ ਅਫਸਰ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਹਰਪ੍ਰੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਹਨ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਆਪਣਾ ਟੀਚਾ ਨਿਰਧਾਰਿਤ ਕੀਤਾ ਅਤੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਆਈਲੈਟਸ ਕਰਕੇ ਮੈਲਬੌਰਨ ਆਸਟ੍ਰੇਲੀਆ ਚੱਲੇ ਗਏ ਜਿੱਥੇ ਉਨ੍ਹਾਂ ਨੇ ਆਸਟ੍ਰੇਲੀਆ ਪੁਲਿਸ ਜੁਆਇਨ ਕੀਤਾ। ਹਰਪ੍ਰੀਤ ਸਿੰਘ ਦੀ ਮਿਹਨਤ ਸਦਕਾ ਹੀ ਉਹ ਹੁਣ ਆਸਟ੍ਰੇਲੀਆ ਪੁਲਿਸ ਵਿੱਚ ਬਤੌਰ ਡਿਟੈਕਟਿਵ ਅਫ਼ਸਰ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਦੀ ਪ੍ਰਾਪਤੀ ’ਤੇ ਉਨ੍ਹਾਂ ਦੇ ਮਾਤਾ ਪਿਤਾ ਮਾਣ ਮਹਿਸੂਸ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਸੂਬੇ ਭਰ ਵਿੱਚ ਜਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ ਪਰ ਇਨ੍ਹਾਂ ਵਿੱਚ ਜਿਆਦਾਤਰ ਬਿਨਾਂ ਆਪਣਾ ਟੀਚਾ ਮਿੱਥੇ ਹੀ ਵਿਦੇਸ਼ ਚੱਲੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਇਨ੍ਹਾਂ ਨੌਜਵਾਨਾਂ ਲਈ ਹਰਪ੍ਰੀਤ ਸਿੰਘ ਮਿਸਾਲ ਬਣੇ ਹਨ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਵਿਦੇਸ਼ ਦੀ ਧਰਤੀ ’ਤੇ ਕਾਮਯਾਬੀ ਹਾਸਿਲ ਕੀਤੀ ਹੈ।