ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਬਣਨ ਵਾਲੇ ਸ਼ਹੀਦ ਊਧਮ ਸਿੰਘ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਸਰਕਾਰੀ ਮੈਡੀਕਲ ਕਾਲਜ) ਦੇ ਸਥਾਨ ਦਾ ਨਿਰੀਖਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਿਕਾਸਸ਼ੀਲ ਸੋਚ ਤੇ ਲੋਕ ਹਿਤੈਸ਼ੀ ਪਹਿਲਕਦਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਬਣਨ ਵਾਲੇ ਇਸ ਮੈਡੀਕਲ ਕਾਲਜ ਲਈ ਜ਼ਿਲ੍ਹਾ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ, ਜੋ ਕਿ ਸਥਾਨਕ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਨਾਲ ਜਿਥੇ ਸਿਹਤ ਤੇ ਜਾਂਚ ਸੁਵਿਧਾਵਾਂ ਨੂੰ ਹੁਲਾਰਾ ਮਿਲੇਗਾ, ਉਥੇ ਹਲਕੇ ਵਿਚ ਵਿਕਾਸ ਦੀ ਨਵੀਂ ਇਬਾਰਤ ਵੀ ਲਿਖੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਦੋਆਬੇ ਦੀ ਉਨਤੀ ਤੇ ਤਰੱਕੀ ਲਈ ਹੁਸ਼ਿਆਰਪੁਰ ਨੂੰ ਮੈਡੀਕਲ ਸਿੱਖਿਆ ਦੇ ਕੇਂਦਰ ਵਜੋਂ ਉਭਾਰਿਆ ਹੈ। ਉਨ੍ਹਾਂ ਕਿਹਾ ਕਿ 325 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮੈਡੀਕਲ ਕਾਲਜ ਨਾਲ ਹੁਸ਼ਿਆਰਪੁਰ ਵਿਚ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਨਵੀਂ ਸ਼ੁਰੂਆਤ ਹੋਵੇਗੀ।ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੈਡੀਕਲ ਕਾਲਜ ਨਾਲ ਹੁਸ਼ਿਆਰਪੁਰ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਤੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਹੋਣਹਾਰ ਬੱਚਿਆਂ ਨੂੰ ਐਮ.ਬੀ.ਬੀ.ਐਸ. ਤੇ ਐਮ. ਡੀ ਦੀ ਪੜ੍ਹਾਈ ਲਈ ਦੂਜੇ ਰਾਜਾਂ ਤੇ ਵਿਦੇਸ਼ਾਂ ਵਿਚ ਜਾਣ ਦੀ ਜਰੂਰਤ ਨਹੀਂ ਪਵੇਗੀ ਅਤੇ ਉਹ ਘੱਟ ਪੈਸਿਆਂ ਵਿਚ ਹੀ ਹੁਸ਼ਿਆਰਪੁਰ ਵਿਚ ਆਪਣੀ ਪੜ੍ਹਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਵੀ ਉਪਲਬੱਧ ਹੋ ਸਕਣਗੀਆਂ ਜੋ ਕਿ ਹੁਸ਼ਿਆਰਪੁਰ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ।