ਪੱਟੀ : ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਜ਼ਮੀਨ ਵਿਚਲੇ ਖੁਰਾਕੀ ਤੱਤ ਵੀ ਸੜਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਆਪਣੇ 60 ਏਕੜ ਖੇਤਾਂ ਵਿਚ ਪਰਾਲੀ ਪ੍ਰਬੰਧਨ ਕਰਦੇ ਸਮੇਂ ਕੀਤਾ । ਇਸ ਮੌਕੇ ਉਹਨਾਂ ਖ਼ੁਦ ਬੇਲਰ ਮਸ਼ੀਨ ਚਲਾ ਕੇ ਪਰਾਲੀ ਪਰਬੰਧਨ ਲਈ ਦੂਜੇ ਕਿਸਾਨਾਂ ਨੂੰ ਚਲਾਈ ਜਾ ਰਹੀ ਮੁਹਿੰਮ ਲਈ ਸਹਿਯੋਗ ਕਰਨ ਦਾ ਸੰਦੇਸ਼ ਦਿੱਤਾ ।ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਜ਼ਮੀਨ ਦੀ ਘਟ ਰਹੀ ਉਪਜਾਊ ਸ਼ਕਤੀ ਨੂੰ ਗੰਭੀਰਤਾ ਨਾਲ ਲੈ ਕੇ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਕੱਦੂ ਕਰਕੇ ਬੀਜੇ ਝੋਨੇ ਦੀ ਫਸਲ ਨਾਲ ਪਾਣੀ ਦਾ ਪੱਧਰ ਡਿੱਗਦਾ ਹੈ ਉਥੇ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ 30-40 ਪ੍ਰਤੀਸ਼ਤ ਬੱਚਤ ਹੁੰਦੀ ਹੈ ਅਤੇ ਨਾਲ ਹੀ ਪਾਣੀ ਜ਼ਮੀਨ ਵਿਚ ਰੀਚਾਰਜ ਹੁੰਦਾ ਰਹਿੰਦਾ ਹੈ । ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਕਿਸਾਨਾਂ ਨੂੰ ਦਿੱਤੀ ਗਈ ਹੈ।ਇਸੇ ਤਰ੍ਹਾਂ ਪਰਾਲੀ ਪ੍ਰਬੰਧਨ ਕਰਨ ਲਈ ਮਸ਼ੀਨਰੀ ਤੇ 50 ਤੋਂ 80 ਪ੍ਰਤੀਸ਼ਤ ਤਕ ਸਬਸਿਡੀ ਕਿਸਾਨਾਂ,ਪੰਚਾਇਤਾਂ ਅਤੇ ਸੁਸਾਇਟੀਆਂ ਨੂੰ ਦਿੱਤੀ ਜਾ ਰਹੀ ਹੈ। ਕਿਸਾਨ ਵੱਧ ਤੋਂ ਵੱਧ ਇਨ੍ਹਾਂ ਮਸ਼ੀਨਾਂ ਅਤੇ ਵਿਗਿਆਨੀਆਂ ਵਲੋਂ ਸੁਝਾਏ ਵੱਖ ਵੱਖ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਨੂੰ ਅਪਣਾ ਕੇ ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਦਾ ਸੁਧਾਰ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਉਹ ਖੁਦ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਸਲਾਹ ਨਾਲ ਪਰਾਲੀ ਦਾ ਪ੍ਰਬੰਧਨ ਕਰ ਰਹੇ ਹਨ।ਇਸ ਨਾਲ ਉਨ੍ਹਾਂ ਦੀ ਫਸਲ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਖਾਦ ਦੀ ਵਰਤੋਂ ਘਟੀ ਹੈ। ਇਸ ਮੌਕੇ ਉਹਨਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਝਾਏ ਹੋਏ ਰਸਤੇ ਨੂੰ ਅਪਣਾ ਕੇ ਆਪਣੇ ਪੌਣ, ਪਾਣੀ ਅਤੇ ਮਿੱਟੀ ਦੀ ਸੰਭਾਲ ਕਰਨ । ਇਸ ਮੌਕੇ ਤੇ ਬਲਾਕ ਖੇਤੀਬਾਡ਼ੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ ਨੇ ਕਿਹਾ ਕਿ ਜੈਸਾ ਰਾਜਾ ਤੈਸੀ ਪਰਜਾ ਅਨੁਸਾਰ ਕੈਬਨਿਟ ਮੰਤਰੀ ਦਾ ਖੁਦ ਪਰਾਲੀ ਪ੍ਰਬੰਧਨ ਲਈ ਅੱਗੇ ਆਉਣਾ ਇੱਕ ਸ਼ੁਭ ਸੰਦੇਸ਼ ਹੈ, ਇਸ ਨਾਲ ਦੂਜੇ ਕਿਸਾਨਾਂ ਨੂੰ ਵੀ ਇਕ ਪ੍ਰੇਰਨਾ ਅਤੇ ਉਤਸ਼ਾਹ ਮਿਲੇਗਾ। ਇਸ ਮੌਕੇ ਤੇ ਖੇਤੀਬਾਡ਼ੀ ਵਿਕਾਸ ਅਫਸਰ ਡਾ ਸੰਦੀਪ ਸਿੰਘ ਨੇ ਆਏ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।