ਸੁਲਤਾਨਪੁਰ ਲੋਧੀ : ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਵਿੱਚ ਸ਼ਾਮਿਲ ਕੀਤੀ ਗਈ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਸਫ਼ਾਈ ਪੱਖ ਤੋਂ ਸੁੰਦਰ ਬਣਾਉਣ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਐਸ.ਡੀ.ਐਮ ਕੁਮਾਰੀ ਚੰਦਰਾ ਜੋਤੀ ਸਿੰਘ, ਕਾਰਜ ਸਾਧਕ ਅਫ਼ਸਰ ਧਰਮਪਾਲ ਸਿੰਘ, ਸਹਾਇਕ ਇੰਜੀਨੀਅਰ ਨਗਰ ਕੌਂਸਲ ਸਮੇਤ ਹੋਰ ਅਧਿਕਾਰੀ ਹਾਜ਼ਰ ਹੋਏ ਤੇ ਕੌਂਸਲਰਾਂ ਵਿੱਚੋਂ ਸੰਤਪ੍ਰੀਤ ਸਿੰਘ ਹਾਜ਼ਰ ਸਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੌਂਸਲ ਦੇ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਨੂੰ ਸਾਫ਼ ਸੁਥਰਾ ਤੇ ਮਾਡਲ ਸ਼ਹਿਰ ਵੱਜੋਂ ਵਿਕਸਤ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਜਿਸ ਇਤਿਹਾਸਕ ਕਸਬੇ ਤੋਂ ਬਾਬੇ ਨਾਨਕ ਨੇ ਹਵਾ, ਪਾਣੀ ਤੇ ਧਰਤੀ ਨੂੰ ਸਤਿਕਾਰ ਦੇਣ ਦਾ ਸੁਨੇਹਾ ਦਿੱਤਾ ਸੀ ਉਸੇ ਧਰਤੀ ਤੋਂ ਦੇਸ਼ ‘ਤੇ ਦੁਨੀਆਂ ਸੇਧ ਲਵੇ ਕਿ ਸਾਡੇ ਸ਼ਹਿਰ ਤੇ ਕਸਬੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਇੰਦੌਰ ਸ਼ਹਿਰ ਦੀ ਚਰਚਾ ਸਮਾਰਟ ਸਿਟੀ ਵੱਜੋਂ ਹੋ ਰਹੀ ਹੈ ਤੇ ਸੀਚੇਵਾਲ ਮਾਡਲ ਬਾਰੇ ਗੰਦੇ ਪਾਣੀਆਂ ਦੇ ਕੀਤੇ ਯੋਗ ਪ੍ਰਬੰਧਾਂ ਨੂੰ ਦੇਖਣ ਲਈ ਮੁੱਖ ਮੰਤਰੀ ਤੇ ਹੋਰ ਅਧਿਕਾਰੀ ਆ ਰਹੇ ਹਨ ਤਾਂ ਫਿਰ ਸੁਲਤਾਨਪੁਰ ਲੋਧੀ ਨੂੰ ਵੀ ਪੰਜਾਬ ਦੇ ਮਾਡਲ ਕਸਬੇ ਵਜੋ ਵਿਕਸਤ ਕੀਤਾ ਜਾ ਸਕਦਾ। ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਅਧਿਾਕਰੀਆਂ ਨੂੰ ਕਿਹਾ ਕਿ ਸੁਲਤਾਨਪੁਰ ਵਰਗੇ ਇਤਿਹਾਸਕ ਨਗਰੀ ਵਿੱਚ ਵਾਰ-ਵਾਰ ਨੌਕਰੀ ਕਰਨ ਦਾ ਮੌਕਾ ਨਹੀਂ ਮਿਲਦਾ ਹੁੰਦਾ–ਆਪਣੀ ਨੌਕਰੀ ਨੂੰ ਵੀ ਯਾਦਗਾਰੀ ਬਣਾਉ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਹਰ ਘਰ ਵਿੱਚ ਤਿੰਨ ਡਸਟਬਿਨ ਹੋਣੇ ਯਾਕੀਨੀ ਬਣਾਏ ਜਾ ਸਕਣ ਤਾਂ ਜੋ ਠੋਸ ਕੂੜਾ ਘਰ ਵਿੱਚੋਂ ਹੀ ਅਲੱਗ-ਅਲੱਗ ਹੋ ਜਾਵੇ। ਗਿਲੇ ਤੇ ਸੁੱਕੇ ਕੂੜੇ ਦੇ ਵੱਖ-ਵੱਖ ਹੋਣ ਨਾਲ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਆਪਣੇ ਆਪ ਹੱਲ ਨਿਕਲ ਆਉਣਗੇ। ਜਨਤਕ ਪਖਾਨਿਆਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਇਤਿਹਾਸਕ ਅਸਥਾਨਾਂ ਦੀ ਯਾਤਰੀ ਕਰਨ ਲਈ ਆਉਣ ਵਾਲੇ ਸ਼ਰਧਾਂਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਕੂੜੇ ਨੂੰ ਥਾਂ-ਥਾਂ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਕਾਰਜ ਸਧਾਕ ਅਫਸਰ ਧਰਮਪਾਲ ਸਿੰਘ ਨੇ ਦੱਸਿਆ ਕਿ ਨਵਾਂ ਟਰੀਟਮੈਂਟ ਪਲਾਂਟ ਲਗਾਉਣ ਦੀ ਪ੍ਰੀਕ੍ਰਿਆ ਅੰਤਮ ਪੜਾਅ ਵਿੱਚ ਹੈ। ਉਨ੍ਹਾਂ ਦੱਸਿਆ ਕਿ ਠੋਸ ਕੂੜੇ ਲਈ 10 ਪਿਟਸ ਬਣੇ ਹੋਏ ਹਨ ਤੇ 16 ਹੋਰ ਪਿਟਸ ਬਣਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਸਾਰਾ ਕੂੜਾ ਪਿਟਾਂ ਤੱਕ ਨਹੀਂ ਜਾ ਰਿਹਾ।ਮੀਟਿੰਗ ਵਿੱਚ ਹਾਜ਼ਰ ਕੌਂਸਲਰ ਸੰਤਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸਾਫ ਸੁਥਰਾ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇਈ ਤਰਲੋਚਨ ਸਿੰਘ , ਗੌਰਵ, ਗੱਤਕਾ ਕੋਚ ਗੁਰਵਿੰਦਰ ਕੌਰ ਤੇ ਜਸਵੰਤ ਸਿੰਘ ਸਮੇਤ ਹੋਰ ਸ਼ਹਿਰ ਦੇ ਲੋਕ ਵੀ ਹਾਜ਼ਰ ਸਨ।