- ਕੈਬਨਿਟ ਮੰਤਰੀ ਨੇ ਪਿੰਡ ਪਟਿਆੜੀਆਂ ਤੇ ਠਰੋਲੀ ’ਚ 60 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 3 ਜਨਵਰੀ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸੰਕਰ ਜਿੰਪਾ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਵਿਚੋਂ ਇਕ ਹੈ, ਜਿਸ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਹ ਅੱਜ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਪਟਿਆੜੀਆਂ ਤੇ ਠਰੋਲੀ ਵਿਚ 60 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਦੋ ਸਿੰਚਾਈ ਟਿਊਬਵੈਲਾਂ ਦੇ ਕੰਮ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਿਊਬਵੈਲਾਂ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਦੇ ਕਰੀਬ 250 ਏਕੜ ਰਕਬੇ ਨੂੰ ਸਿੰਚਾਈ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਲਿਮਟਡ ਵਲੋਂ ਜ਼ਿਲ੍ਹੇ ਵਿਚ 178 ਨਵੇਂ ਤੇ ਬਦਲਵੇਂ ਟਿਊਬਵੈਲ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 21 ਟਿਊਬਵੈਲ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿਊਬਵੈਲਾਂ ਨੂੰ ਲਗਾਉਣ ਵਿਚ 8.19 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 21 ਟਿਊਬਵੈਲਾਂ ਤਹਿਤ ਕਰੀਬ 53 ਕਿਲੋਮੀਟਰ ਅੰਡਰ ਗਰਾਊਂਡ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ ਕਰੀਬ 2625 ਏਕੜ ਰਕਬੇ ਨੂੰ ਸਿੰਚਾਈ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਅੰਨ ਭੰਡਾਰ ਵਿਚ ਵਾਧਾ ਹੋਵੇਗਾ ਅਤੇ ਸਬੰਧਤ ਕਿਸਾਨਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਇਸ ਦੌਰਾਨ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹੋਰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ।