ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ 178 ਸਿੰਚਾਈ ਟਿਊਬਵੈਲ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ 21 ਟਿਊਬਵੈਲ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਲੱਗਣਗੇ। ਹੁਸ਼ਿਆਰਪੁਰ ਵਿਖੇ ਲੱਗਣ ਵਾਲੇ ਟਿਊਬਵੈਲਾਂ ’ਤੇ ਕਰੀਬ 8.19 ਕਰੋੜ ਰੁਪਏ ਦੀ ਲਾਗਤ ਨਾਲ ਆਵੇਗੀ। ਉਹ ਅੱਜ ਪਿੰਡ ਸ਼ੇਰਪੁਰ ਬਾਤੀਆਂ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਸਿੰਚਾਈ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਵਿਚ ਇਹ ਟਿਊਬਵੈਲ ਸ਼ੁਰੂ ਹੋਣ ਨਾਲ ਕਰੀਬ 125 ਏਕੜ ਰਕਬੇ ਦੀ ਸਿੰਚਾਈ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਕਾਫ਼ੀ ਅਸਾਨੀ ਰਹੇਗੀ, ਜੋ ਕਿ ਇਕ ਵੱਡੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਲੱਗਣ ਵਾਲੇ 21 ਟਿਊਬਵੈਲਾਂ ਲਈ ਕਰੀਬ 53 ਕਿਲੋਮੀਟਰ ਅੰਡਰ ਗਰਾਊਂਡ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ ਕਰੀਬ 2625 ਏਕੜ ਰਕਬੇ ਦੀ ਸਿੰਚਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪੰਜਾਬ ਦੇ ਅੰਨ ਭੰਡਾਰ ਵਿਚ ਵਾਧਾ ਹੋਵੇਗਾ ਅਤੇ ਸਬੰਧਤ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਵੇਗੀ। ਇਸ ਮੌਕੇ ਐਕਸੀਅਨ ਤੇਜਿੰਦਰ ਸਿੰਘ, ਐਸ.ਡੀ.ਓ. ਹਰਦੀਪ ਸਿੰਘ, ਜੇ.ਈ. ਰਾਜਨ ਗਰੋਵਰ, ਸਤਵੰਤ ਸਿੰਘ ਸਿਆਣ, ਰਾਜਨ ਗੌਰੀ, ਪ੍ਰਿੰਤਪਾਲ ਸਿੰਘ,ਰੇਸ਼ਮ ਸਿੰਘ ਲਾਲਾ ਤੋਂ ਇਲਾਵਾ ਪਿੰਡ ਦੇ ਸਰਪੰਚ, ਪੰਚ ਤੇ ਹੋਰ ਪਤਵੰਤੇ ਵੀ ਮੌਜੂਦ ਸਨ।