
- ਪੰਜਾਬ ਦੀ ਰਾਜਨੀਤੀ ਨੂੰ ਦਿੱਲੀ ਤੋਂ ਚਲਾਉਣ ਦੀ ਗੱਲ ਕਰਨ ਵਾਲੇ ਕਾਂਗਰਸੀ ਆਗੂ ਬੇਨਕਾਬ
- ਭੁਪੇਸ਼ ਬਘੇਲ ਪੰਜਾਬ ਦੇ ਇੰਚਾਰਜ ਕਿਉਂ ਹੈ, ਕੀ ਉਹ ਪੰਜਾਬ ਤੋਂ ਹਨ? ਗਰਗ
- ਨੀਲ ਗਰਗ ਨੇ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਦੀ ਕੀਤੀ ਆਲੋਚਨਾ, ਕਿਹਾ- ਇਹੋ ਜਿਹੇ ਪਾਖੰਡ ਕਰਕੇ ਹੀ ਪੰਜਾਬ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ
- ਆਮ ਆਦਮੀ ਪਾਰਟੀ ਅਤੇ ਮਾਨ ਸਰਕਾਰ ਨੇ ਨਤੀਜੇ ਦਿੱਤੇ ਕਨ, ਕਾਂਗਰਸ ਕਰਦੀ ਹੈ ਕੂੜ ਪ੍ਰਚਾਰ - ਗਰਗ
ਚੰਡੀਗੜ੍ਹ, 13 ਮਾਰਚ 2025 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਨੀਲ ਗਰਗ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਦਿੱਲੀ ਵਿੱਚ ਅਹਿਮ ਮੀਟਿੰਗ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ। ਨੀਲ ਗਰਗ ਨੇ ਕਾਂਗਰਸ ਆਗੂਆਂ ਵੱਲੋਂ ਆਮ ਆਦਮੀ ਪਾਰਟੀ 'ਤੇ ਲਗਾਤਾਰ ਦਿੱਲੀ ਨਾਲ ਸਬੰਧਤ ਦੋਸ਼ਾਂ 'ਤੇ ਸਵਾਲ ਉਠਾਉਂਦਿਆਂ ਕਾਂਗਰਸ ਪਾਰਟੀ 'ਤੇ ਹੀ ਦਿੱਲੀ ਕੇਂਦਰਿਤ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਖ਼ੁਦ ਫ਼ੈਸਲੇ ਲੈਣ ਅਤੇ ਅਗਵਾਈ ਲਈ ਦਿੱਲੀ ’ਤੇ ਨਿਰਭਰ ਹਨ। ਗਰਗ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਅਕਸਰ ਇਹ ਦਾਅਵਾ ਕਰਕੇ ਆਪ ਨੂੰ ਨਿਸ਼ਾਨਾ ਬਣਾਉਂਦੀ ਹੈ ਕਿ ਸਾਡੀ ਸਰਕਾਰ ਦਿੱਲੀ ਤੋਂ ਚੱਲਦੀ ਹੈ। ਪਰ ਅੱਜ ਮੈਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਇਹ ਅਹਿਮ ਮੀਟਿੰਗ ਦਿੱਲੀ ਵਿੱਚ ਕਿਉਂ ਹੋ ਰਹੀ ਹੈ? ਕੀ ਤੁਹਾਡੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਤੋਂ ਹਨ? ਕੀ ਉਹ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਵੀ ਸਮਝਦੇ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਜਾਂ ਕੋਈ ਹੋਰ ਸੀਨੀਅਰ ਆਗੂ ਪੰਜਾਬ ਵਿੱਚ ਮੀਟਿੰਗਾਂ ਕਿਉਂ ਨਹੀਂ ਕਰ ਰਿਹਾ। ਜ਼ਾਹਿਰ ਹੈ ਕਿ ਉਨ੍ਹਾਂ ਦਾ ਧਿਆਨ ਪੰਜਾਬ ਦੇ ਮੁੱਦਿਆਂ ਤੋਂ ਭਟਕ ਗਿਆ ਹੈ। ਕਾਂਗਰਸ ਦੀਆਂ ਚੋਣਾਵੀ ਨਾਕਾਮੀਆਂ ਬਾਰੇ ਬੋਲਦਿਆਂ ਗਰਗ ਨੇ ਕਿਹਾ, "ਭਾਵੇਂ ਪੰਚਾਇਤੀ ਚੋਣਾਂ ਹੋਣ, ਨਿਗਮ ਚੋਣਾਂ ਹੋਣ ਜਾਂ ਫਿਰ ਜ਼ਿਮਨੀ ਚੋਣਾਂ, ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਲਗਾਤਾਰ ਨਕਾਰ ਦਿੱਤਾ ਹੈ, ਉਨ੍ਹਾਂ ਕੋਲ ਕੋਈ ਵੀ ਜਨਤਕ ਸਮਰਥਨ ਨਹੀਂ ਬਚਿਆ ਹੈ। ਇਸੇ ਕਰਕੇ ਕਾਂਗਰਸ ਹੁਣ ਬੇਬੁਨਿਆਦ ਦੋਸ਼ਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਜਾਂਚਣ ਦੀ ਬਜਾਏ ਦਿੱਲੀ ਵਿੱਚ ਛਿਪਦੇ ਹਨ ਅਤੇ ਸੂਬੇ ਦੇ ਲੋਕਾਂ ਨਾਲ ਸਬੰਧ ਸਥਾਪਤ ਕੀਤੇ ਬਿਨਾਂ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਦੇ ਹਨ। ਗਰਗ ਨੇ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਵਿੱਚ ਵੱਡੇ ਫਰਕ ਬਾਰੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਪੰਜਾਬ ਦੀ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚੋਂ ਹੀ ਚਲਾਈ ਜਾਂਦੀ ਹੈ। ਸਕੂਲਾਂ ਦੇ ਨਵੀਨੀਕਰਨ ਤੋਂ ਲੈ ਕੇ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਪੰਜਾਬ ਦੇ ਲੋਕਾਂ ਅਤੇ ਇੱਥੋਂ ਦੇ ਅਸਲ ਮੁੱਦਿਆਂ ਤੋਂ ਦੂਰ ਹੋ ਕੇ ਦਿੱਲੀ ਵਿੱਚ ਮੀਟਿੰਗਾਂ ਕਰਨ ਵਿੱਚ ਲੱਗੀ ਹੋਈ ਹੈ। ਗਰਗ ਨੇ ਕਾਂਗਰਸ ਨੂੰ ਨਸੀਹਤ ਦਿੱਤੀ ਕਿ ਜਿਹੜੇ ਲੋਕ ਕੱਚ ਦੇ ਘਰਾਂ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ’ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਕਾਂਗਰਸੀ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਤੋਂ ਕਿਉਂ ਚੱਲ ਰਹੀ ਹੈ ਅਤੇ ਰਾਹੁਲ ਗਾਂਧੀ ਅਜਿਹੀਆਂ ਮੀਟਿੰਗਾਂ ਲਈ ਪੰਜਾਬ ਕਿਉਂ ਨਹੀਂ ਆ ਸਕਦੇ?