ਥਾਣਿਆਂ 'ਤੇ ਗ੍ਰੇਨੇਡ ਹਮਲਿਆਂ ਦੀ NIA ਕਰੇਗੀ ਜਾਂਚ

ਚੰਡੀਗੜ੍ਹ, 21 ਦਸੰਬਰ 2024 : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਹੁਣ ਪੰਜਾਬ ਦੇ ਥਾਣਿਆਂ 'ਤੇ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ 'ਚ 28 ਦਿਨਾਂ 'ਚ ਅੱਠ ਗ੍ਰਨੇਡ ਹਮਲੇ ਅਤੇ ਆਈ.ਈ.ਡੀ. ਬਰਾਮਦ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਇਨ੍ਹਾਂ ਗ੍ਰਨੇਡ ਹਮਲਿਆਂ ਪਿੱਛੇ ਪਾਕਿਸਤਾਨੀ ਏਜੰਸੀ ਆਈਐਸਆਈ ਅਤੇ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਦਾ ਹੱਥ ਹੈ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਹੈਪੀ ਪਾਸੀਆ, ਜੀਵਨ ਫੌਜੀ ਤੋਂ ਇਲਾਵਾ ਕਈ ਅੱਤਵਾਦੀ ਮਾਡਿਊਲਾਂ ਦੇ ਹੈਂਡਲਰ ਇਨ੍ਹਾਂ ਗ੍ਰਨੇਡ ਹਮਲਿਆਂ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ। ਲਗਾਤਾਰ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ ਐਨਆਈਏ ਨੇ ਹੁਣ ਤੱਕ ਪੰਜਾਬ ਪੁਲੀਸ ਤੋਂ ਇਨਪੁਟ ਲੈ ਕੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। NIA ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ ਏਜੰਸੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਥਾਣਿਆਂ ਦੇ ਬਾਹਰ ਹੋਏ ਗ੍ਰਨੇਡ ਹਮਲਿਆਂ ਅਤੇ ਬਰਾਮਦ ਹੋਏ ਆਰਡੀਐਕਸ ਆਈਈਡੀ ਦੀਆਂ ਫੋਰੈਂਸਿਕ ਰਿਪੋਰਟਾਂ ਐਨਆਈਏ ਅਤੇ ਗ੍ਰਹਿ ਮੰਤਰਾਲੇ ਨਾਲ ਸਾਂਝੀਆਂ ਕੀਤੀਆਂ ਹਨ। ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਅਤੇ ਐਸਬੀਐਸ ਨਗਰ ਥਾਣਿਆਂ ਵਿੱਚ ਗ੍ਰੇਨੇਡ ਹਮਲੇ ਦੀਆਂ ਫੋਰੈਂਸਿਕ ਰਿਪੋਰਟਾਂ ਆ ਗਈਆਂ ਹਨ। ਬਾਕੀ ਥਾਣਿਆਂ ਅਤੇ ਚੌਕੀਆਂ ਦੇ ਬਾਹਰ ਹੋਏ ਗ੍ਰਨੇਡ ਹਮਲਿਆਂ ਦੀ ਫੋਰੈਂਸਿਕ ਜਾਂਚ ਜਲਦੀ ਕੀਤੀ ਜਾ ਰਹੀ ਹੈ।