ਭਗਤ ਰਵਿਦਾਸ ਜੀ ਦੇ ਜਨਮ ਸਮੇਂ, ਸਮੁੱਚਾ ਸਮਾਜ ਜਾਤਾਂ-ਪਾਤਾਂ, ਵਰਣ-ਵੰਡ, ਕਰਮਕਾਂਡਾਂ, ਪਾਖੰਡਾਂ ਤੇ ਆਡੰਬਰਾਂ ਆਦਿ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਇਕ ਪਾਸੇ ਆਮ ਲੋਕ, ਮੁਗਲ ਹਕੂਮਤ ਦੀ ਗੁਲਾਮੀ ਕਰ ਰਹੇ ਸਨ, ਜਿਸ ਕਾਰਨ ਧਾਰਮਿਕ ਅਜ਼ਾਦੀ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਦੂਜੇ ਪਾਸੇ ਬ੍ਰਾਹਮਣਵਾਦੀ ਸੋਚ ਤੇ ਵਿਚਾਰਧਾਰਾ ਦੇ ਲੋਕ,ਅਖੌਤੀ ਪੱਛੜੀਆਂ, ਅਤਿ ਪੱਛੜੀਆਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਧਾਰਮਿਕ ਤੇ ਸਮਾਜਿਕ ਬਰਾਬਰਤਾ ਨਹੀਂ ਦਿੰਦੇ ਸਨ। ਮੁਗਲ ਹਕੂਮਤ ਤੇ ਬ੍ਰਾਹਮਣ ਆਪੋ-ਆਪਣੀ ਪ੍ਰਭੂ-ਸੱਤਾ ਕਾਇਮ ਰੱਖਣ ਲਈ, ਆਮ ਲੋਕਾਂ ਨੂੰ
ਬੁਰੀ ਤਰ੍ਹਾਂ ਲੁੱਟ ਰਹੇ ਸਨ। ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਪਾਸ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਨਹੀਂ ਸੀ, ਇਹਨਾਂ ਲੋਕਾਂ ਨੂੰ ਮੁੱਢਲੀ ਵਿੱਦਿਆ ਵੀ ਨਹੀਂ ਦਿੱਤੀ ਜਾਂਦੀ ਸੀ। ਇਹਨਾਂ ਨੂੰ ਪੂਜਾ-ਪਾਠ ਜਾਂ ਭਜਨ-ਬੰਦਗੀ ਕਰਨ ਜਾਂ ਮੰਦਿਰਾਂ ਵਿਚ ਜਾਣ ਦੀ ਇਜ਼ਾਜਤ ਨਹੀਂ ਸੀ। ਇਹਨਾਂ ਨਾਲ ਜਾਨਵਰਾਂ ਤੋ ਵੀ ਬਹੁਤਰ ਸਲੂਕ ਕੀਤਾ ਜਾਂਦਾ ਸੀ। ਇਹਨਾਂ ਨੂੰ ਸਾਂਝੇ ਖੂਹ ਤੋਂ ਪਾਣੀ ਲੈਣ ਦੀ ਤੇ ਪਾਣੀ ਪੀਣ ਦੀ ਇਜ਼ਾਜਤ ਨਹੀਂ ਸੀ। ਅਖੌਤੀ ਉੱਚ ਜਾਤਿ ਦੇ ਲੋਕ, ਇਹਨਾਂ ਨੀਵੀਆਂ ਜਾਤਾਂ ਦੇ ਲੋਕਾਂ ਦੇ ਘਰੋਂ ਜਲ ਵੀ ਨਹੀਂ ਗ੍ਰਹਿਣ ਕਰਦੇ ਸਨ। ਪਿੰਡਾਂ ਤੇ ਕਸਬਿਆਂ ’ਚ, ਇਹਨਾਂ ਅਖੌਤੀ ਨੀਵੀਆਂ ਜਾਤਾਂ ਵਾਲੇ ਲੋਕਾਂ ਦੀਆਂ ਬਸਤੀਆਂ ਅਲੱਗ ਤੋਂ ਬਣਾਈਆਂ ਜਾਂਦੀਆਂ ਸਨ ਤੇ ਇਹਨਾਂ ਲੋਕਾਂ ਨੂੰ ਉੱਚੀ ਜਾਤਿ ਦੇ ਲੋਕਾਂ ਨਾਲ ਵਰਤਾਰਾ ਰੱਖਣ ਦੀ ਇਜ਼ਾਜਤ ਨਹੀਂ ਸੀ। ਇਹਨਾਂ ਲੋਕਾਂ ਨੂੰ ਕਈ ਵਾਰ ਇੰਨੀ ਮਾਨਸਿਕ ਪੀੜਾ ਦਿੱਤੀ ਜਾਂਦੀ ਸੀ ਕਿ ਇਹਨਾਂ ਬਸਤੀਆਂ ਦਾ ਨਾਮ ਹੀ ‘ਨੀਚ ਬਸਤੀ’ ਰੱਖ ਦਿੱਤਾ ਜਾਂਦਾ ਸੀ ਤਾਂ ਜੋ ਸਮੇਂ-ਸਮੇਂ ’ਤੇ, ਇਹਨਾਂ ਪਰਿਵਾਰਾਂ ਨੂੰ, ਇਹਨਾਂ ਦੀ ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਦਾ ਅਹਿਸਾਸ ਹੁੰਦਾ ਰਹੇ। ਵਿਕਾਸ, ਸਿੱਖਿਆ ਤੇ ਹੋਰ ਸਹੂਲਤਾਂ ਦੇਣੀਆਂ ਤਾਂ ਬਹੁਤ ਦੂਰ ਦੀ ਗੱਲ ਸੀ, ਇਹਨਾਂ ਨੂੰ ਛੋਟੀ-ਛੋਟੀ ਗੱਲ ’ਤੇ ਪ੍ਰਤਾੜਤ ਕੀਤਾ ਜਾਂਦਾ ਸੀ, ਦੁਰਕਾਰਿਆ, ਫਿਟਕਾਰਿਆ, ਤਿਰਸਕਾਰਿਆ ਤੇ ਨਕਾਰਿਆ ਜਾਂਦਾ ਸੀ। ਜੇ ਕਿਤੇ ਕਿਸੇ ਅਖੌਤੀ ਨੀਵੀਂ ਜਾਤਿ ਵਾਲੇ ਕਿਸੇ ਵਿਅਕਤੀ ਦਾ ਪਰਛਾਵਾਂ, ਕਿਸੇ ਉੱਚੀ ਜਾਤਿ ਵਾਲੇ ਵਿਅਕਤੀ ’ਤੇ ਪੈ ਜਾਂਦਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉੱਚੀ ਜਾਤਿ ਵਾਲਾ ਵਿਅਕਤੀ ਭਿੱਟ ਗਿਆ ਹੈ ਭਾਵ ਕਿ ਅਪਵਿਤ੍ਰ ਹੋ ਗਿਆ ਹੈ। ਇਸ ਲਈ ਉਸ ਨੂੰ ਫਿਰ ਤੋਂ ਇਸ਼ਨਾਨ ਕਰਕੇ, ਆਪਣੇ ਆਪ ਨੂੰ ਸ਼ੁਧ ਤੇ ਪਵਿਤ੍ਰ ਕਰਨਾ ਪੈਂਦਾ ਸੀ।
ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ, ਨਾ ਤਾਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਦੀ ਇਜ਼ਾਜਤ ਸੀ ਤੇ ਨਾ ਹੀ ਪਾਠ ਸੁਣਨ ਦੀ। ਇਥੋਂ ਤੱਕ ਕਿ ਜੇ ਕਿਸੇ ਅਖੌਤੀ ਨੀਵੀਂ ਜਾਤਿ ਵਾਲੇ ਕਿਸੇ ਵਿਅਕਤੀ ਨੇ, ਕਿਸੇ ਧਾਰਮਿਕ ਗ੍ਰੰਥ ਦਾ ਪਾਠ ਸੁਣ ਲਿਆ ਜਾਂ ਕਰ ਲਿਆ ਤਾਂ ਉਸ ਦੇ ਕੰਨਾਂ ’ਚ ਲੋਹਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤੇ ਉਸ ਦੀ ਜੀਭ (ਜਿਹਬਾ) ਕੱਟ ਦਿੱਤੀ ਜਾਂਦੀ ਸੀ। ਇਕ ਵਰਗ-ਵਿਸ਼ੇਸ਼ ’ਤੇ, ਬੜੇ ਯੋਜਨਾਬੱਧ ਤਰੀਕੇ ਨਾਲ ਸਮਾਜ ’ਚ ਵਰਨ-ਵੰਡ ਪਾਈ ਹੋਈ ਸੀ। ਅਧਿਆਤਮ ਤੇ ਉੱਚ ਵਿੱਦਿਆ ਦਾ ਅਧਿਕਾਰ, ਇਕ ਵਰਗ-ਵਿਸ਼ੇਸ਼ ਦੇ ਪਰਿਵਾਰਾਂ ’ਚ ਪੈਦਾ ਹੋਏ ਬੱਚਿਆਂ ਪਾਸ ਹੀ ਹੁੰਦਾ ਸੀ। ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਨਾਲ ਸਬੰਧਿਤ ਪਰਿਵਾਰਾਂ ਦੇ ਬੱਚਿਆਂ ਨੂੰ, ਪੂਜਾ-ਪਾਠ ਕਰਨ ਦਾ, ਵਿੱਦਿਆ ਹਾਸਲ ਕਰਨ ਦਾ ਤੇ ਵਪਾਰ ਆਦਿ ਕਰਨ ਦਾ ਅਧਿਕਾਰ ਨਹੀਂ ਸੀ।
ਪਰਮਾਤਮਾ ਦੇ ਬਣਾਏ ਹੋਏ ਮਨੁੱਖ ਨੇ, ਮਨੁੱਖ ਤੇ ਮਨੁੱਖ ਵਿਚਕਾਰ ਇੰਨਾ ਵੱਡਾ ਪਾੜਾ ਪਾਇਆ ਹੋਇਆ ਸੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਦਾ ਪੁਜਾਰੀ ਵਰਗ, ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਨਾਲ ਸਬੰਧਿਤ ਲੋਕਾਂ ਨੂੰ ਅਪਵਿਤ੍ਰ ਮੰਨਦਾ ਸੀ।
ਬ੍ਰਾਹਮਣ ਤੇ ਪੰਡਿਤ, ਧਰਮ ਗ੍ਰੰਥਾਂ ਦੀ ਮਨ-ਭਾਉਂਦੀ ਵਿਆਖਿਆ ਕਰਦੇ ਸਨ ਅਤੇ ਲੋਕਾਂ ਨੂੰ ਇਹ ਗੱਲ ਵਾਰ-ਵਾਰ ਦ੍ਰਿੜ੍ਹ ਕਰਵਾਉਂਦੇ ਸਨ ਕਿ ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਪਾਸ, ਬਰਾਬਰ ਦੇ ਹੱਕ ਨਹੀਂ ਹਨ। ਇੰਜ ਇਹਨਾਂ ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਦੁਰਕਾਰਿਆ ਤੇ ਤਿਰਸਕਾਰਿਆ ਜਾਂਦਾ ਸੀ।
ਭਗਤ ਰਵਿਦਾਸ ਜੀ ਦਾ ਜਨਮ :
ਇਹੋ ਜਿਹੇ ਸਮੇਂ ਤੇ ਇਸ ਤਰ੍ਹਾਂ ਦੇ ਹਾਲਾਤ ’ਚ, ਭਗਤ ਰਵਿਦਾਸ ਜੀ ਦਾ ਜਨਮ ਪਿਤਾ ਸੰਤੋਖ ਦਾਸ ਦੇ ਘਰ, ਮਾਤਾ ਕਲਸੀ ਦੇਵੀ ਦੀ ਕੁੱਖ ਤੋਂ, ਮਾਘ ਸੁਦੀ 15 ਸੰਨ 1377 ਈ. ਨੂੰ, ਪੂਰਨਮਾਸ਼ੀ ਵਾਲੇ ਦਿਨ, ਬਨਾਰਸ ਵਿਖੇ ਹੋਇਆ। ਕੁੱਝ ਇਤਿਹਾਸਕਾਰ ਤੇ ਵਿਦਵਾਨ, ਭਗਤ ਰਵਿਦਾਸ ਜੀ ਦੇ ਪਿਤਾ ਜੀ ਦਾ ਨਾਮ ਰਘੂ ਤੇ ਮਾਤਾ ਜੀ ਦਾ ਨਾਮ ਧੁਰਬਿਨੀਆ ਲਿਖਦੇ ਹਨ। ਭਗਤ ਰਵਿਦਾਸ ਜੀ ਦੇ ਜਨਮ ਸਬੰਧੀ, ਕਿਸੇ ਕਵੀ ਦੀਆਂ ਲਿਖੀਆਂ ਹੋਈਆਂ ਇਹ ਪੰਕਤੀਆਂ ਬਹੁਤ ਪ੍ਰਸਿੱਧ ਹਨ :
ਚੌਦਹ ਸੌ ਤੈਤੀਸ ਕੀ ਮਾਘ ਸੁਦੀ ਪੰਦਰਾਸ।
ਦੁਖੀਓਂ ਕੇ ਕਲਿਆਣ ਹਿਤ ਪ੍ਰਗਟੈ ਸ੍ਰੀ ਰਵਿਦਾਸ।
ਭਗਤ ਰਵਿਦਾਸ ਜੀ ਦੇ ਜਨਮ-ਅਸਥਾਨ ਬਾਰੇ ਵੱਖ-ਵੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਦੇ, ਵੱਖ-ਵੱਖ ਵਿਚਾਰ ਹਨ। ਕੁੱਝ ਇਤਿਹਾਸਕਾਰ ਤੇ ਵਿਦਵਾਨ, ਭਗਤ ਰਵਿਦਾਸ ਜੀ ਦਾ ਜਨਮ ਸੀਰ ਗੋਵਰਧਨਪੁਰ (ਬਨਾਰਸ) ਵਿਖੇ ਹੋਇਆ ਲਿਖਦੇ ਹਨ ਜਦਕਿ ਕੁੱਝ ਇਤਿਹਾਸਕਾਰ ਤੇ ਵਿਦਵਾਨ ਲਿਖਦੇ ਹਨ ਕਿ ਭਗਤ ਰਵਿਦਾਸ ਜੀ ਦਾ ਜਨਮ ਨਈ ਬਸਤੀ, ਪਿੰਡ ਮੰਡੂਰ (ਹੁਣ ਮੰਡੂਆ ਡੀਹ), ਬਨਾਰਸ ਵਿਖੇ ਹੋਇਆ ਸੀ। ਸੀਰ ਗੋਵਰਧਨਪੁਰ ਵਿਖੇ ਵੀ ਭਗਤ ਰਵਿਦਾਸ ਜੀ ਨਾਲ ਸਬੰਧਿਤ ਦੋ ਵੱਖ-ਵੱਖ ਅਸਥਾਨ ਬਣੇ ਹੋਏ ਹਨ। ਇਕ ਅਸਥਾਨ ਦੀ ਸੇਵਾ-ਸੰਭਾਲ ਸੰਤ ਨਿਰੰਜਨ ਦਾਸ ਜੀ, ਸੱਚਖੰਡ ਬੱਲਾਂ (ਜਲੰਧਰ) ਵਾਲੇ ਕਰ ਰਹੇ ਹਨ ਜਦਕਿ ਦੂਜੇ ਅਸਥਾਨ ਦੀ ਸੇਵਾ-ਸੰਭਾਲ ਮਹੰਤ ਅਚਾਰੀਆ ਭਾਰਤ ਭੂਸ਼ਣ ਦਾਸ ਜੀ ਕਰ ਰਹੇ ਹਨ। ਮੰਡੂਆਡੀਹ ਵਿਖੇ, ਨਈ ਬਸਤੀ ਵਾਲੇ ਅਸਥਾਨ ਦੀ ਸੇਵਾ-ਸੰਭਾਲ ਕੁੱਝ ਸਥਾਨਕ ਪਰਿਵਾਰ ਕਰ ਰਹੇ ਹਨ।
ਇਹ ਗੱਲ ਤਾਂ ਠੀਕ ਹੈ ਕਿ ਭਗਤ ਰਵਿਦਾਸ ਜੀ ਦੇ ਜਨਮ-ਅਸਥਾਨ ਬਾਰੇ ਵੱਖ-ਵੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ, ਪਰ, ਇਸ ਤੱਥ ਲਈ ਸਾਰੇ ਇਤਿਹਾਸਕਾਰ ਤੇ ਵਿਦਵਾਨ ਇਕ ਮਤ ਹਨ ਕਿ ਭਗਤ ਰਵਿਦਾਸ ਜੀ ਦਾ ਜਨਮ, ਬਨਾਰਸ ਦੇ ਆਸ-ਪਾਸ ਹੀ ਹੋਇਆ ਸੀ। ਭਗਤ ਰਵਿਦਾਸ ਜੀ ਆਪਣੇ ਪਰਿਵਾਰ ਤੇ ਆਪਣੇ ਜਨਮ-ਅਸਥਾਨ ਬਾਰੇ ਸੰਕੇਤ ਦਿੰਦੇ ਹੋਏ ਲਿਖਦੇ ਹਨ :
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
(ਅੰਗ ੧੨੯੩)
ਭਾਵ ਅਰਥ : ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੀ ਜਾਤਿ ਦੇ ਲੋਕ ਭਾਵ ਕਿ ਚੰਮ (ਚਮੜਾ) ਕੁੱਟਣ ਤੇ ਵੱਢਣ ਵਾਲੇ ਲੋਕ (ਭਾਵ ਕਿ ਮਰੇ ਹੋਏ ਪਸ਼ੂਆਂ ਦੀ ਖੱਲ ਉਤਾਰ ਕੇ, ਉਸ ਨੂੰ ਵੱਢਣ ਵਾਲੇ) ਅਤੇ ਨਿਤਾਪ੍ਰਤੀ ਮਰੇ ਹੋਏ ਪਸ਼ੂਆਂ ਨੂੰ ਢੋਣ ਵਾਲੇ ਲੋਕ, ਬਨਾਰਸ ਦੇ ਆਸ-ਪਾਸ ਦੇ ਇਲਾਕਿਆਂ ’ਚ ਰਹਿੰਦੇ ਹਨ।
ਇਹਨਾਂ ਸਤਰਾਂ ਦੇ ਲੇਖਕ ਨੂੰ, ਆਪਣੀ ਬਨਾਰਸ ਯਾਤਰਾ ਦੌਰਾਨ, ਭਗਤ ਰਵਿਦਾਸ ਜੀ ਦੇ ਜਨਮ ਨਾਲ ਸਬੰਧਿਤ ਤਿੰਨਾਂ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਮਿਲਿਆ।
ਮੁੱਢਲੀ ਵਿੱਦਿਆ:
ਭਗਤ ਰਵਿਦਾਸ ਜੀ ਦੀ ਉਮਰ ਹਾਲੇ ਪੰਜ ਕੁ ਸਾਲ ਦੀ ਹੀ ਸੀ ਕਿ ਭਗਤ ਰਵਿਦਾਸ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਉਸ ਸਮੇਂ ਦੇ ਸਮਾਜਿਕ ਤੇ ਧਾਰਮਿਕ ਹਾਲਾਤ ਕਾਰਨ, ਭਗਤ ਰਵਿਦਾਸ ਜੀ ਮੁੱਢਲੀ ਵਿੱਦਿਆ ਵੀ ਹਾਸਲ ਨਾ ਕਰ ਸਕੇ।
ਬਚਪਨ:
ਭਗਤ ਰਵਿਦਾਸ ਜੀ ਬਚਪਨ ਤੋਂ ਹੀ ਵੈਰਾਗ ਵਿਚ ਰਹਿੰਦੇ ਸਨ। ਆਪ ਜੀ ਹਮੇਸ਼ਾ ਹੀ ਸਾਧੂ-ਸੰਤਾਂ ਦੀ ਸੰਗਤ ਕਰਕੇ ਖੁਸ਼ ਹੁੰਦੇ ਸਨ। ਆਪ ਜੀ ਦੇ ਪਿਤਾ ਜੀ ਚਾਹੁੰਦੇ ਸਨ ਕਿ ਭਗਤ ਰਵਿਦਾਸ ਜੀ ਪਿਤਾ ਪੁਰਖੀ ਕੰਮ (ਪਸ਼ੂਆਂ ਦੀ ਖੱਲ ਨਾਲ ਜੁੱਤੀਆਂ ਬਨਾਉਣ ਤੇ ਜੁੱਤੀਆਂ ਗੰਢਣ ਦਾ) ਸਿਖ ਕੇ, ਕੰਮ-ਕਾਜ ਵਿਚ ਹੱਥ ਵਟਾਉਣ। ਪਰ, ਭਗਤ ਰਵਿਦਾਸ ਜੀ ਦਾ ਬਹੁਤ ਸਮਾਂ ਗਿਆਨ-ਧਿਆਨ ਦੀਆਂ ਗੱਲਾਂ ਤੇ ਸੰਤਾਂ-ਮਹਾਂਪੁਰਖਾਂ ਦੀ ਸੰਗਤ ਕਰਨ ’ਚ ਹੀ ਬਿਤੀਤ ਹੋ ਜਾਂਦਾ ਸੀ। ਫਿਰ ਵੀ ਭਗਤ ਰਵਿਦਾਸ ਜੀ, ਭਜਨ-ਬੰਦਗੀ ਤੇ ਸੇਵਾ-ਕਾਰਜਾਂ ’ਚੋਂ ਸਮਾਂ ਕੱਢ ਕੇ, ਆਪਣੇ ਪਿਤਾ ਜੀ ਦੇ ਕੰਮ -ਕਾਜ ’ਚ ਹੱਥ ਵੰਡਾਉਂਦੇ ਸਨ।
ਕਿਰਤ ਕਰਨੀ :
ਹੌਲੀ-ਹੌਲੀ ਭਗਤ ਰਵਿਦਾਸ ਜੀ ਨੇ, ਆਪਣੇ ਪਿਤਾ ਪੁਰਖੀ ਕਿੱਤੇ ਨੂੰ, ਆਪਣੀ ਕਿਰਤ ਵਜੋਂ ਅਪਣਾਅ ਲਿਆ ਸੀ। ਭਗਤ ਰਵਿਦਾਸ ਜੀ ਨੇ ਕਿਰਤ ਦੀ ਮਹੱਤਤਾ ਨੂੰ ਦਿੜ੍ਹ ਕਰਵਾਉਣ ਲਈ ਕਿਰਤ ਕਰਨਾ ਜਾਰੀ ਰੱਖਿਆ। ਆਪ ਜੀ ਆਪਣੇ ਜੀਵਨ ਕਾਲ ਦੇ ਅੰਤਿਮ ਸਮੇਂ ਤੱਕ ਕਿਰਤ ਕਰਦੇ ਰਹੇ। ਭਗਤ ਰਵਿਦਾਸ ਜੀ, ਸੀਰ ਗੋਵਰਧਨਪੁਰ ਵਿਖੇ, ਇਮਲੀ ਦੇ ਇਕ ਰੁੱਖ ਹੇਠ ਬੈਠ ਕੇ, ਆਪਣੀ ਕਿਰਤ ਕਰਦੇ ਹੁੰਦੇ ਸਨ। ਆਪ ਜੀ ਕਿਰਤ ਕਰਦੇ ਹੋਏ ਵੀ, ਪਰਮਾਤਮਾ ਦੀ ਭਜਨ-ਬੰਦਗੀ ’ਚ ਲੀਨ ਰਹਿੰਦੇ ਸਨ। ਆਪ ਜੀ ਨੇ ਲੰਬਾ ਸਮਾਂ, ਇਸੇ ਇਮਲੀ ਦੇ ਰੁੱਖ ਹੇਠ ਬਿਤੀਤ ਕੀਤਾ ਸੀ। ਇਹਨਾਂ ਸਤਰਾਂ ਦੇ ਲੇਖਕ ਨੂੰ, ਆਪਣੀ ਬਨਾਰਸ ਯਾਤਰਾ ਦੌਰਾਨ, ਇਮਲੀ ਦੇ ਇਸ ਰੁੱਖ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਮਿਲਿਆ।
ਭਗਤ ਰਵਿਦਾਸ ਜੀ ਨੇ ਆਪਣੀ ਕਿਰਤ ਰਾਹੀਂ, ਸਮੁੱਚੇ ਸੰਸਾਰ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਕੋਈ ਵੀ ਕਿਰਤ ਛੋਟੀ ਜਾਂ ਵੱਡੀ ਨਹੀਂ ਹੁੰਦੀ।ਇਮਾਨਦਾਰੀ ਨਾਲ ਕੀਤੀ ਹੋਈ, ਅਖੌਤੀ ਛੋਟੀ ਕਿਰਤ ਵੀ, ਉਸ ਪਰਮਾਤਮਾ ਦੀ ਪੂਜਾ ਦੀ ਨਿਆਈਂ ਹੈ। ਭਗਤ ਰਵਿਦਾਸ ਜੀ ਨੇ ਸਮੁੱਚੇ ਸੰਸਾਰ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਸੱਚੀ-ਸੁੱਚੀ ਕਿਰਤ ਕਰਕੇ ਤੇ ਪਰਮਾਤਮਾ ਦੀ ਭਜਨ- ਬੰਦਗੀ ਕਰਕੇ, ਆਤਮਿਕ ਉਚਾਈਆਂ ਨੂੰ ਛੂਹਿਆ ਜਾ ਸਕਦਾ ਹੈ ਅਤੇ ਆਪਣੇ ਜੀਵਨ ਦਾ ਮਨੋਰਥ ਪ੍ਰਾਪਤ ਕੀਤਾ ਜਾ ਸਕਦਾ ਹੈ।
ਵਿਆਹ ਤੇ ਸੰਤਾਨ :
ਕੁੱਝ ਸਮਾਂ ਪਾ ਕੇ ਭਗਤ ਰਵਿਦਾਸ ਜੀ ਦੀ ਕੁੜਮਾਈ ਮਿਰਜ਼ਾਪੁਰ ਦੇ ਇਕ ਪਰਿਵਾਰ ਦੀ ਲੜਕੀ, ਲੋਨਾ ਦੇਵੀ ਨਾਲ ਕਰ ਦਿੱਤੀ ਗਈ ਅਤੇ ਛੇਤੀ ਹੀ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ। ਵਿਆਹ ਤੋਂ ਬਾਅਦ, ਲੋਨਾ ਦੇਵੀ ਜੀ ਆਪਣੇ ਸਹੁਰੇ ਘਰ ਆ ਗਏ। ਚੰਗੀ ਗੱਲ ਇਹ ਹੋਈ ਕਿ ਲੋਨਾ ਦੇਵੀ ਜੀ ਵੀ ਧਾਰਮਿਕ ਰੁਚੀ ਰੱਖਦੇ ਸਨ। ਉਹਨਾਂ ਨੇ ਜਿਥੇ ਸਹੁਰੇ ਘਰ ਆ ਕੇ, ਘਰ ਦਾ ਸਾਰਾ ਕੰਮ-ਕਾਜ ਸੰਭਾਲ ਲਿਆ, ਉਥੇ ਨਾਲ ਹੀ, ਉਹ ਭਗਤ ਰਵਿਦਾਸ ਜੀ ਦੀ ਤਰ੍ਹਾਂ ਭਜਨ-ਬੰਦਗੀ ’ਚ ਲੀਨ ਰਹਿਣ ਲੱਗ ਪਏ। ਘਰ ਦਾ ਮਾਹੌਲ ਹੋਰ ਵੀ ਸੁਖਾਵਾਂ ਤੇ ਪਵਿਤ੍ਰ ਹੋ ਗਿਆ ਸੀ। ਲੋਨਾ ਦੇਵੀ ਜੀ ਹਰ ਸਮੇਂ, ਘਰ ਦੇ ਕੰਮ-ਕਾਜ ਦੇ ਨਾਲ-ਨਾਲ, ਸੇਵਾ ਕਾਰਜਾਂ ਲਈ ਵੀ ਤਤਪਰ ਰਹਿੰਦੇ ਸਨ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਦੇ ਪਤੀ, ਭਗਤ ਰਵਿਦਾਸ ਜੀ ਆਪਣੇ ਪਰਿਵਾਰ ਜਾਂ ਕਟੁੰਬ ਦਾ ਹੀ ਨਹੀਂ ਸਗੋਂ ਸਮੁੱਚੇ ਸਮਾਜ ਦਾ ਭਲਾ ਕਰਨ ਲਈ ਆਏ ਹਨ ਅਤੇ ਆਪ ਸਮਾਜ ਅੰਦਰ ਫੈਲੀਆਂ ਹੋਈਆਂ ਕੁਰੀਤੀਆਂ ਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ, ਸਮੁੱਚੇ ਸੰਸਾਰ ਅੰਦਰ, ਪਰਮਾਤਮਾ ਦੇ ਨਾਮ-ਰੂਪੀ ਚਾਨਣ ਨੂੰ ਫੈਲਾਉਣਗੇ।
ਸਮਾਂ ਪੈਣ ’ਤੇ, ਭਗਤ ਰਵਿਦਾਸ ਜੀ ਦੇ ਗ੍ਰਹਿ ਵਿਖੇ, ਲੋਨਾ ਦੇਵੀ ਜੀ ਦੀ ਕੁੱਖ ਤੋਂ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਮ ਵਿਜੈ ਦਾਸ ਰੱਖਿਆ ਗਿਆ।
ਗੁਰੂ ਦੀਖਿਆ:
ਬਨਾਰਸ ’ਚ ਭਗਤ ਰਾਮਾਨੰਦ ਜੀ ਦੀ ਬਹੁਤ ਮਾਨਤਾ ਸੀ। ਦੂਰੋਂ-ਦੂਰੋਂ ਲੋਕ ਆ ਕੇ ਭਗਤ ਰਾਮਾਨੰਦ ਦੀ ਪਾਸੇਂ ਉਪਦੇਸ਼ ਸੁਣਦੇ ਸਨ ਤੇ ਗੁਰੂ-ਦੀਖਿਆ ਲੈ ਕੇ ਪਰਮਾਤਮਾ ਦੀ ਭਜਨ-ਬੰਦਗੀ ਕਰਦੇ ਸਨ। ਭਗਤ ਰਵਿਦਾਸ ਜੀ ਦੀ ਗਿਣਤੀ, ਭਗਤੀ-ਕਾਲ ਦੇ ਗਿਣੇ-ਚੁਣੇ ਭਗਤਾਂ ਤੇ ਮਹਾਪੁਰਖਾਂ ’ਚ ਹੁੰਦੀ ਹੈ। ਆਪ ਜੀ ਬਹੁਤ ਉਦਾਰ ਚਿੱਤ ਸਨ ਅਤੇ ਅਖੌਤੀ ਉੱਚੀਆਂ ਤੇ ਨੀਵੀਆਂ ਜਾਤਾਂ ਦਾ ਭਰਮ ਨਹੀਂ ਕਰਦੇ ਸਨ। ਇਹਨਾਂ ਕਾਰਨਾਂ ਕਰਕੇ, ਭਗਤ ਰਵਿਦਾਸ ਜੀ ਨੇ, ਭਗਤ ਰਾਮਾਨੰਦ ਜੀ ਪਾਸੋਂ ਗੁਰੂ-ਦੀਖਿਆ ਪ੍ਰਾਪਤ ਕੀਤੀ।
ਭਗਤ ਰਵਿਦਾਸ ਜੀ ਦੀ ਵਿਰੋਧਤਾ:
ਭਗਤ ਰਵਿਦਾਸ ਜੀ ਦਾ ਜਨਮ, ਜਿਸ ਸਮਾਜ ਅੰਦਰ ਹੋਇਆ ਸੀ, ਉਸ ਸਮਾਜ ਅੰਦਰ, ਅਗਿਆਨਤਾ ਤੇ ਗਰੀਬੀ ਰੂਪੀ ਕੁਰੀਤੀਆਂ, ਉਸ ਸਮਾਜ ਦੀ ਪਹਿਚਾਣ ਬਣ ਚੁੱਕੀਆਂ ਸਨ। ਭਗਤ ਰਵਿਦਾਸ ਜੀ, ਆਪਣੇ ਜੀਵਨ ਕਾਲ ਦੌਰਾਨ, ਸਮਾਜ ਅੰਦਰ, ਕ੍ਰਾਂਤੀਕਾਰੀ ਬਦਲਾਅ ਲਿਆ ਕੇ, ਸਮਾਜ ਦੀ ਨੁਹਾਰ ਬਦਲ ਦੇਣਾ ਚਾਹੁੰਦੇ ਸਨ।
ਭਗਤ ਰਵਿਦਾਸ ਜੀ ਨੇ ਬਿਬੇਕ ਬੁਧਿ ਰੂਪੀ ਦੀਵੇ ਨੂੰ ਜਗਾਉਣ ਲਈ, ਸਮਾਜ ਨੂੰ ਪ੍ਰੇਰਿਤ ਕੀਤਾ, ਜਿਸ ਨਾਲ ਸਮਾਜ ਅੰਦਰ ਜਾਗਰੂਕਤਾ ਆਈ ਅਤੇ ਗਿਆਨਵਾਨ ਬਣਨ ਦੀ ਨਵੀਂ ਕਿਰਨ ਪੈਦਾ ਹੋਈ। ਜਿਸ ਸਮਾਜ ਨੂੰ ਪੜ੍ਹਨ-ਲਿਖਣ ਦੀ ਮਨਾਹੀ ਸੀ, ਉਹੀ ਸਮਾਜ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਲਾਮਬੰਦ ਹੋ ਰਿਹਾ ਸੀ।
ਭਗਤ ਰਵਿਦਾਸ ਜੀ ਪਰਮਾਤਮਾ ਦੀ ਭਜਨ-ਬੰਦਗੀ ਦੇ ਪ੍ਰਭਾਵ ਕਾਰਨ, ਸਮਾਜ ਅੰਦਰ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਸਨ। ਅਖੌਤੀ ਨੀਵੀਂ ਜਾਤਿ ਦੇ ਪਰਿਵਾਰ ਅੰਦਰ ਪੈਦਾ ਹੋਏ, ਭਗਤ ਰਵਿਦਾਸਜੀ ਦਾ ਐਸਾ ਪ੍ਰਭਾਵ ਦੇਖ ਕੇ, ਅਖੌਤੀ ਉੱਚੀਆਂ ਜਾਤਾਂ ਦੇ ਕੁੱਝ ਅਗਿਆਨੀ ਲੋਕਾਂ ਨੇ ਭਗਤ ਰਵਿਦਾਸ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਉਹਨਾਂ ਲਈ ਇਹ ਗੱਲ ਅਸਹਿਣਯੋਗ ਸੀ ਕਿ ਇਕ ਅਖੌਤੀ ਨੀਵੀਂ ਜਾਤਿ ਦਾ ਸ਼ੂਦਰ, ਸੱਚ ਦੇ ਮਾਰਗ ’ਤੇ ਚੱਲ ਰਿਹਾ ਹੈ ਤੇ ਹੋਰਨਾਂ ਨੂੰ ਪਰਮਾਤਮਾ ਦੀ ਭਜਨ-ਬੰਦਗੀ ਕਰਨ ਦਾ ਉਪਦੇਸ਼ ਦੇ ਰਿਹਾ ਹੈ। ਇਹਨਾਂ ਕਾਰਨਾਂ ਕਰਕੇ, ਬਹੁਤ ਸਾਰੇ ਵਿਰੋਧੀਆਂ ਨੇ ਭਗਤ ਰਵਿਦਾਸ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਭਗਤ ਰਵਿਦਾਸ ਜੀ ਤਾਂ ਸਮੁੱਚੀ ਮਨੁੱਖਤਾ ਨੂੰ ਰੱਬੀ, ਸੰਦੇਸ਼ ਦੇ ਰਹੇ ਸਨ। ਪਰ, ਬਨਾਰਸ ਦੀ ਧਰਤੀ (ਜਿਥੇ ਕਰਮਕਾਂਡਾਂ, ਪਾਖੰਡਾਂ ਤੇ ਆਡੰਬਰਾਂ ਦਾ ਬੋਲ-ਬਾਲਾ ਸੀ) ’ਤੇ ਰਹਿਣ ਵਾਲੇ ਪੁਜਾਰੀਆਂ ਨੂੰ ਭਗਤ ਰਵਿਦਾਸ ਜੀ ਦੀ ਮਨੁੱਖਤਾਵਾਦੀ ਸੋਚ ਕਿਵੇਂ ਚੰਗੀ ਲਗਦੀ। ਇਸ ਲਈ ਇਹਨਾਂ ਪੁਜਾਰੀਆਂ ਨੇ ਵੀ ਭਗਤ ਰਵਿਦਾਸ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਭਗਤ ਰਵਿਦਾਸ ਜੀ ਨੂੰ ਅਖੌਤੀ ਨੀਵੀਂ ਜਾਤਿ ਦਾ ਕਹਿ ਕੇ ਭੰਡਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਤੁਸੀਂ ਆਪਣੇ ਪਿਤਾ-ਪੁਰਖੀ ਕਿੱਤੇ ਵੱਲ ਧਿਆਨ ਦਿਉ। ਪਰ, ਭਗਤ ਰਵਿਦਾਸ ਜੀ ਨੇ ਦਿੜ੍ਹ ਨਿਸ਼ਚਾ ਕੀਤਾ ਹੋਇਆ ਸੀ ਕਿ ਸਮਾਜ ’ਚ ਫੈਲੀਆਂ ਹੋਈਆਂ, ਧਾਰਮਿਕ ਤੇ ਸਮਾਜਿਕ ਕੁਰੀਤੀਆਂ ਨੂੰ ਜੜ੍ਹ ਤੋਂ ਹੀ ਖ਼ਤਮ ਕਰ ਦੇਣਾ ਹੈ।
ਭਗਤ ਰਵਿਦਾਸ ਜੀ ਦੀ ਉਪਮਾ ਵੱਧਦੀ ਦੇਖ ਕੇ, ਵਿਰੋਧੀ ਲੋਹੇ-ਲਾਖੇ ਹੋਣ ਲੱਗ ਪਏ। ਉਹਨਾਂ ਨੂੰ ਇਹ ਕਿਵੇਂ ਪ੍ਰਵਾਨ ਹੋ ਸਕਦਾ ਸੀ ਕਿ ਅਖੌਤੀ ਨੀਵੀਂ ਜਾਤਿ ਦੇ ਭਗਤ ਰਵਿਦਾਸ ਜੀ ਪਰਮਾਤਮਾ ਦੀ ਭਜਨ-ਬੰਦਗੀ ਕਰਨ ਤੇ ਹੋਰਨਾਂ ਨੂੰ ਵੀ ਪਰਮਾਤਮਾ ਦਾ ਨਾਮ-ਸਿਮਰਨ ਕਰਨ ਦੀ ਪ੍ਰੇਰਣਾ ਕਰਨ।
ਕੁੱਝ ਸਮਾਂ ਪਾ ਕੇ, ਭਗਤ ਰਵਿਦਾਸ ਜੀ ਨੇ ਆਪਣੀ ਕੁਟੀਆ ਅੰਦਰ, ਰੋਜ਼ਾਨਾ ਸਤਿਸੰਗ ਕਰਨਾ ਸ਼ੁਰੂ ਕਰ ਦਿੱਤਾ। ਸਤਿਸੰਗ ਤੋਂ ਪ੍ਰਭਾਵਿਤ ਹੋ ਕੇ, ਬਹੁਤ ਸਾਰੇ ਸਤਿਸੰਗੀ ਭਗਤ ਰਵਿਦਾਸ ਜੀ ਦੀ ਕੁਟੀਆ ’ਚ ਪਹੁੰਚ ਕੇ, ਸਤਿਸੰਗ ਦਾ ਲਾਹਾ ਲੈਣ ਲੱਗ ਪਏ। ਸਤਿਸੰਗੀਜਨ, ਭਗਤ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਅਧਿਆਤਮਕਤਾ ਦੇ ਰਹੱਸਵਾਦੀ ਬਚਨ ਸਰਵਣ ਕਰਕੇ, ਨਿਹਾਲ ਹੋ ਜਾਂਦੇ ਸਨ। ਭਗਤ ਰਵਿਦਾਸ ਜੀ ਸਤਿਸੰਗੀਆਂ ਨੂੰ ਇਹ ਉਪਦੇਸ਼ ਦਿੰਦੇ ਹੁੰਦੇ ਸਨ ਕਿ ਕੋਈ ਵੀ ਪ੍ਰਾਣੀ ਜਨਮ ਕਾਰਨ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋਂ ਉਸ ਦੇ ਅੰਦਰਲੇ ਗੁਣ, ਇਹ ਨਿਰਧਾਰਤ ਕਰਦੇ ਹਨ ਕਿ ਪ੍ਰਾਣੀ ਵੱਡਾ ਹੈ ਜਾਂ ਛੋਟਾ। ਭਗਤ ਰਵਿਦਾਸ ਜੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ, ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਦੇ ਨਾਲ-ਨਾਲ, ਅਖੌਤੀ ਉੱਚੀਆਂ ਜਾਤਾਂ ਦੇ ਲੋਕਾਂ ਨੇ ਵੀ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਇਹੀ ਕਾਰਨ ਸੀ ਕਿ ਆਪ ਜੀ ਨੂੰ ਆਪਣੇ ਵਿਰੋਧੀਆਂ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਭਗਤ ਕਬੀਰ ਜੀ ਨਾਲ ਗਿਆਨ ਗੋਸ਼ਟੀ:
ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ’ਚ ਗੂੜ੍ਹੀ ਮਿੱਤਰਤਾ ਸੀ। ਦੋਵੇਂ ਹੀ ਇਕ-ਦੂਜੇ ਦਾ ਬਹੁਤ ਸਤਿਕਾਰ ਕਰਦੇ ਸਨ। ਦੋਹਾਂ ਦੀ ਵਿਚਾਰਧਾਰਾ ਵੀ ਇੱਕ ਸੀ। ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਇਕ ਨਿਰਗੁਣ ਤੇ ਨਿਰਾਕਾਰ ਪਾਰਬ੍ਰਹਮ ਦੇ ਉਪਾਸ਼ਕ ਸਨ। ਦੋਵੇਂ ਹੀ ਮੂਰਤੀ-ਪੂਜਾ, ਤੀਰਥ ਇਸ਼ਨਾਨ, ਵਰਤ ਤੇ ਹੋਰ ਧਾਰਮਿਕ ਕਰਮਕਾਂਡਾਂ ਤੇ ਪਾਖੰਡਾਂ ਦੇ ਵਿਰੁੱਧ ਸਨ। ਦੋਵੇਂ ਹੀ ਜਾਤ-ਪਾਤ ਤੇ ਵਰਣ-ਵੰਡ ਵਿਵਸਥਾ ਤੇ ਖ਼ਿਲਾਫ਼ ਸਨ। ਫਿਰ, ਦੋਵੇਂ ਹੀ ਅਖੌਤੀ ਨੀਵੀਆਂ ਜਾਤਾਂ ਦੇ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ। ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਗੁਰਭਾਈ ਵੀ ਸਨ ਕਿਉਂਕਿ ਦੋਹਾਂ ਨੇ ਹੀ ਭਗਤ ਰਾਮਾਨੰਦ ਜੀ ਪਾਸੇਂ ਗੁਰੂ-ਦੀਖਿਆ ਲਈ ਹੋਈ ਸੀ।
ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ, ਦੋਵੇਂ ਹੀ ਬਨਾਰਸ ’ਚ ਰਹਿੰਦੇ ਸਨ, ਇਸ ਲਈ ਉਹ ਆਮ ਕਰਕੇ ਕਿਸੇ ਨਾ ਕਿਸੇ ਸਤਿਸੰਗ ’ਚ ਇਕੱਠੇ ਹੋ ਜਾਂਦੇ ਸਨ। ਕਈ ਵਾਰ ਭਗਤ ਰਵਿਦਾਸ ਜੀ ਸਤਿਸੰਗ ਕਰਨ ਲਈ ਜਾਂ ਗਿਆਨ ਗੋਸ਼ਟੀ ਕਰਨ ਲਈ ਭਗਤ ਕਬੀਰ ਜੀ ਪਾਸ ਚਲੇ ਜਾਂਦੇ ਸਨ ਜਾਂ ਫਿਰ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਪਾਸ ਆ ਜਾਂਦੇ ਸਨ। ਭਗਤੀ ਕਾਲ ’ਚ ਜਿੰਨੇ ਵੀ ਭਗਤ ਜਾਂ ਮਹਾਂਪੁਰਖ ਹੋਏ ਹਨ, ਉਹਨਾਂ ਵਿਚੋਂ ਭਗਤ ਰਵਿਦਾਸ ਜੀ ਤੇ ਭਗਤ ਕਬੀਰ ਜੀ ਦਾ ਆਪਣਾ ਇਕ ਨਿਵੇਕਲਾ ਅਸਥਾਨ ਹੈ।
ਸਮਕਾਲੀ ਭਗਤਾਂ ਦਾ ਪ੍ਰਭਾਵ:
ਭਗਤ ਰਵਿਦਾਸ ਜੀ, ਸਮਕਾਲੀ ਭਗਤਾਂ ਅਤੇ ਪੂਰਬ-ਕਾਲ ਦੇ ਭਗਤਾਂ ਜਿਵੇਂ ਕਿ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ ਤੇ ਭਗਤ ਸੈਣ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ। ਭਗਤ ਰਵਿਦਾਸ ਜੀ ਨੇ ਇਸ ਪਰਥਾਇ, ਆਪਣੀ ਬਾਣੀ ਅੰਦਰ ਇੰਜ ਫੁਰਮਾਇਆ ਹੈ :
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥ (ਅੰਗ ੧੧੦੬)
ਭਾਵ ਅਰਥ : ਉਸ ਪਰਮਾਤਮਾ ਦੀ ਕਿਰਪਾ ਸਦਕਾ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ ਤੇ ਭਗਤ ਸੈਣ ਜੀ ਇਸ ਸੰਸਾਰ ਸਮੁੰਦਰ ਤੋਂ ਪਰ ਲੰਘ ਗਏ।
ਅਖੌਤੀ ਨੀਵੀਂ ਜਾਤਿ ਤੇ ਮਾਣ ਕਰਨਾ:
ਬਨਾਰਸ ਦੀ ਧਰਤੀ, ਬ੍ਰਾਹਮਣਵਾਦੀ ਸਭਿਆਚਾਰ ਦਾ ਮੁੱਖ ਕੇਂਦਰ ਸੀ। ਇਸੇ ਧਰਤੀ ਤੋਂ ਭਗਤੀ ਲਹਿਰ ਦਾ ਆਰੰਭ ਹੋਣਾ ਤੇ ਪ੍ਰਫੁਲਿਤ ਹੋਣਾ, ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਇਸ ਲਹਿਰ ਦੇ ਦੋ ਪ੍ਰਮੁੱਖ ਆਗੂ, ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ, ਦੋਵੇਂ ਹੀ ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਨਾਲ ਸਬੰਧ ਰੱਖਦੇ ਸਨ।
ਇਹਨਾਂ ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਵਾਲੇ ਲੋਕਾਂ ਦਾ ਸਮਾਜ ਸਦੀਆਂ ਤੋਂ ਚੁਪਚਾਪ ਜ਼ੁਲਮ ਸਹਿ ਰਿਹਾ ਸੀ। ਭਗਤ ਰਵਿਦਾਸ ਜੀ ਨੇ ਇਹਨਾਂ ਲੋਕਾਂ ਅੰਦਰੋਂ, ਅਖੌਤੀ ਪੱਛੜੀਆਂ ਤੇ ਨੀਵੀਆਂ ਜਾਤਾਂ ਦੀ ਹੀਨ-ਭਾਵਨਾ ਨੂੰ ਕੱਢਣ ਦਾ ਯਤਨ ਕੀਤਾ।
ਭਗਤ ਰਵਿਦਾਸ ਜੀ ਨੇ ਆਪਣੀ ਅਖੌਤੀ ਨੀਵੀਂ ਜਾਤਿ ਨੂੰ ਕਿਸੇ ਹੀਨ ਭਾਵਨਾ ਅਧੀਨ ਛੁਪਾਇਆ ਨਹੀਂ, ਸਗੋਂ ਆਪਣੀ ਜਾਤਿ ’ਤੇ ਮਾਣ ਕਰਦੇ ਹੋਏ, ਉਸ ਸਮੇਂ ਦੇ ਦਬੇ-ਕੁਚਲੇ ਲੋਕਾਂ ਅੰਦਰ ਸ੍ਰੈ-ਮਾਣ ਦੀ ਭਾਵਨਾ ਨੂੰ ਜਾਗ੍ਰਤ ਕੀਤਾ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਵੀ, ਆਪਣੀ ਜਾਤਿ (ਚਮਾਰ) ਦੀ ਵਾਰ-ਵਾਰ ਵਰਤੋ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਇਮਾਨ ਬਾਣੀ ’ਚ, ਭਗਤ ਰਵਿਦਾਸ ਜੀ ਵਲੋਂ ਵਰਤੇ ਗਏ, ਇਸ ਜਾਤੀ ਸੂਚਕ ਸ਼ਬਦ ਦੀਆਂ ਕੁੱਝ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ।
ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥
(ਅੰਗ ੩੪੫)
ਭਾਵ ਅਰਥ : ਵਿਕਾਰਾਂ ਤੋਂ ਮੁਕਤ ਹੋਏ, ਚਮਾਰ ਜਾਤਿ ਦੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਸਾਡਾ ਮਿੱਤਰ ਉਹੀ ਹੈ ਜੋ ਸਾਡਾ ਸਤਿਸੰਗੀ ਹੈ ਭਾਵ ਕਿ ਜਿਸ ਨੇ ਵਿਕਾਰਾਂ ਤੋਂ ਖ਼ਲਾਸੀ ਪਾ ਲਈ ਹੈ।
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥ (ਅੰਗ ੩੪੬)
ਭਾਵ ਅਰਥ : ਚਮਾਰ ਜਾਤਿ ਨਾਲ ਸਬੰਧ ਰੱਖਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੇ ਪਿਆਰੇ ਰਾਮ ਦੇ ਨਾਮ ਦਾ ਰੰਗ ਇੰਜ ਹੈ ਜਿਵੇਂ ਕਿ ਮਜੀਠ ਦਾ ਰੰਗ, ਜਿਹੜਾ ਕਦੇ ਨਹੀਂ ਉਤਰਦਾ।
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥ (ਅੰਗ ੩੪੬)
ਭਾਵ ਅਰਥ : ਚਮਾਰ ਜਾਤਿ ਦੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ! ਮੈਂ ਤੇਰੀ ਪ੍ਰੇਮਾ-ਭਗਤੀ ਪ੍ਰਾਪਤ ਕਰਨ ਲਈ ਬੇਨਤੀ ਕਰਦਾ ਹਾਂ।
ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥
ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ॥ (ਅੰਗ ੪੮੬)
ਭਾਵ ਅਰਥ : ਚਮਾਰ ਜਾਤਿ ਦੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਲੋਕਾਂ ਦੀ ਨਜ਼ਰ ਵਿਚ ਮੇਰੀ ਜਾਤਿ, ਮੇਰੀ ਕੁੱਲ ਤੇ ਮੇਰਾ ਜਨਮ ਸਭ ਕੁੱਝ ਨੀਚ ਹੈ। ਹੇ ਪਰਮਾਤਮਾ! ਜੇ ਮੈਂ ਤੇਰੀ ਭਗਤੀ ਨਾ ਕੀਤੀ ਤਾਂ ਮੇਰੀ ਜਾਤਿ, ਮੇਰੀ ਕੁੱਲ ਤੇ ਮੇਰਾ ਜਨਮ, ਸਚਮੁੱਚ ਹੀ ਨੀਚ ਰਹਿ ਜਾਣਗੇ ਭਾਵ ਕਿ ਭਗਤ ਨਾ ਕਰਨ ਵਾਲੇ ਮਨੁੱਖ ਦੀ ਜਾਤਿ, ਕੁੱਲ ਤੇ ਜਨਮ ਨੂੰ ਨੀਚ ਸਮਝਣਾ ਚਾਹੀਦਾ ਹੈ।
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਅੰਗ ੬੫੯)
ਭਾਵ ਅਰਥ : ਚਮਾਰ ਜਾਤਿ ਦੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੀ ਜਾਤਿ, ਮੇਰੀ ਕੁੱਲ ਤੇ ਮੇਰਾ ਜਨਮ ਨੀਚ ਹੈ। ਹੇ ਪਰਮਾਤਮਾ! ਮੈਂ ਤੇਰੀ ਸ਼ਰਨ ’ਚ ਆ ਗਿਆ ਹਾਂ, ਤੇਰੀ ਸ਼ਰਨ ’ਚ ਆਉਣ ਨਾਲ ਮੇਰਾ ਪਾਰ-ਉਤਾਰਾ ਹੋ ਜਾਵੇਗਾ।
ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥
(ਅੰਗ ੬੫੯)
ਭਾਵ ਅਰਥ : ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਮੈਂ ਗਰੀਬ ਚਮਾਰ, ਸਰੀਰ ਰੂਪੀ ਜੁੱਤੀ ਨੂੰ ਗੰਢਣਾ ਨਹੀਂ ਜਾਣਦਾ ਭਾਵ ਕਿ ਮੈਂ ਸਰੀਰ ਦੇ ਮੋਹ-ਪਿਆਰ ਨੂੰ ਤਿਆਗ ਦਿੱਤਾ ਹੈ। ਪਰ, ਸੰਸਾਰ ’ਚ ਰਹਿਣ ਵਾਲੇ ਜੀਵ ਆਪੋ ਆਪਣੇ ਸਰੀਰ ਰੂਪੀ ਜੁੱਤੀ ਨੂੰ ਗੰਢਾ ਰਹੇ ਹਨ ਭਾਵ ਕਿ ਲੋਕ ਦਿਨ-ਰਾਤ ਆਪਣੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗੇ ਹੋਏ ਹਨ।
ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥
ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ (ਅੰਗ ੧੨੯੩)
ਭਾਵ ਅਰਥ : ਹੇ ਨਗਰ ਦੇ ਲੋਕੋ ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਭਾਵ ਕਿ ਪ੍ਰਸਿੱਧ ਹੈ ਕਿ ਮੇਰੀ ਜਾਤਿ ਚਮਾਰ ਹੈ, ਜਿਸ ਨੂੰ ਤੁਸੀਂ ਬਹੁਤ ਨੀਵੀਂ ਸਮਝਦੇ ਹੋ। ਪਰ, ਮੈਂ ਆਪਣੇ ਹਿਰਦੇ ’ਚ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਰਹਿੰਦਾ ਹਾਂ, ਇਸ ਲਈ ਮੈਂ ਨੀਚ ਨਹੀਂ ਰਹਿ ਗਿਆ।
ਸਾਧੂ ਅਤੇ ਪਾਰਸ :
ਕੁੱਝ ਸਮਾਂ ਪਿਆ ਤਾਂ ਇਕ ਸਾਧੂ ਭਗਤ ਰਵਿਦਾਸ ਜੀ ਦੀ ਉਪਮਾ ਸੁਣ ਕੇ, ਆਪ ਜੀ ਪਾਸ ਆਇਆ। ਭਗਤ ਰਵਿਦਾਸ ਜੀ ਨੇ ਇਸ ਸਾਧੂ ਦਾ ਬਹੁਤ ਸਤਿਕਾਰ ਕੀਤਾ ਤੇ ਸੁਆਦਲਾ ਭੋਜਨ ਛਕਾਇਆ। ਫਿਰ, ਇਸ ਸਾਧੂ ਨਾਲ ਬੈਠ ਕੇ ਸਤਿਸੰਗ ਕੀਤਾ। ਸਤਿਸੰਗ ਤੋਂ ਬਾਅਦ, ਭਗਤ ਰਵਿਦਾਸ ਜੀ ਨੇ ਸਾਧੂ ਨਾਲ ਗਿਆਨ-ਚਰਚਾ ਕੀਤੀ। ਕੁੱਝ ਸਮਾਂ ਪਾ ਕੇ ਇਹ ਸਾਧੂ ਜਾਣ ਲੱਗਾ ਤਾਂ ਇਸ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਕਿ ਆਪ ਜੀ ਪਾਸ ਕੋਈ ਧਨ-ਦੌਲਤ ਜਾਂ ਕੋਈ ਹੋਰ ਕੀਮਤੀ ਵਸਤ ਨਜ਼ਰ ਨਹੀਂ ਆ ਰਹੀ। ਇੰਜ ਲਗਦਾ ਹੈ ਕਿ ਤੁਸੀਂ ਗਰੀਬੀ ਵਾਲਾ ਜੀਵਨ ਬਿਤਾ ਰਹੇ ਹੋ। ਮੇਰੇ ਪਾਸ ਇਕ ਪਾਰਸ ਹੈ, ਇਸ ਨੂੰ ਲੋਹੇ ਦੀ ਜਿਸ ਵੀ ਵਸਤ ਨਾਲ ਛੁਹਾਉਗੇ, ਉਹ ਸੋਨੇ ਦੀ ਬਣ ਜਾਵੇਗੀ। ਫਿਰ, ਤੁਸੀਂ ਉਸ ਵਸਤ ਨੂੰ ਬਜ਼ਾਰ ਵਿਚ ਵੇਚ ਕੇ, ਬਹੁਤ ਸਾਰਾ ਧਨ ਲਿਆ ਸਕਦੇ ਹੋ। ਜਿਸ ਨਾਲ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ। ਅਗੋਂ ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਮੇਰੇ ਲਈ ਤਾਂ ਪਰਮਾਤਮਾ ਦਾ ਨਾਮ ਹੀ ਅਸਲੀ ਪਾਰਸ ਹੈ, ਮੈਂ ਤੁਹਾਡੇ ਇਸ ਪਾਰਸ ਨੂੰ ਲੈ ਕੇ ਕੀ ਕਰਾਂਗਾ। ਇੰਜ ਕਹਿ ਕੇ ਭਗਤ ਰਵਿਦਾਸ ਜੀ ਨੇ, ਉਸ ਸਾਧੂ ਪਾਸੋਂ ਉਹ ਪਾਰਸ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਸਾਧੂ ਨੇ ਇਕ ਵਾਰ ਫਿਰ ਤੋਂ ਭਗਤ ਰਵਿਦਾਸ ਜੀ ਨੂੰ ਇਹ ਪਾਰਸ ਰੱਖ ਲੈਣ ਲਈ ਕਿਹਾ। ਭਗਤ ਰਵਿਦਾਸ ਜੀ ਦੇ ਫਿਰ ਤੋਂ ਮਨ੍ਹਾਂ ਕਰਨ ਦੇ ਬਾਵਜੂਦ, ਇਹ ਸਾਧੂ ਭਗਤ ਰਵਿਦਾਸ ਜੀ ਨੂੰ ਪਾਰਸ ਰੱਖਣ ਲਈ, ਵਾਰ-ਵਾਰ ਜ਼ਿੱਦ ਕਰਨ ਲੱਗ ਪਿਆ। ਅਖ਼ੀਰ ਸਾਧੂ ਨੇ ਆਪਣੀ ਗੱਠੜੀ ਵਿਚੋਂ ਪਾਰਸ ਕੱਢਿਆ ਤੇ ਕਹਿਣ ਲੱਗਾ ਕਿ ਤੁਸੀਂ ਇਸ ਨੂੰ ਮੇਰੀ ਅਮਾਨਤ ਸਮਝ ਕੇ ਰੱਖ ਲਉ। ਮੈਂ ਯਾਤਰਾ ’ਤੇ ਜਾ ਰਿਹਾ ਹਾਂ। ਜਦੋਂ ਯਾਤਰਾ ਕਰਕੇ ਵਾਪਸ ਆਵਾਂਗਾ ਤਾਂ ਤੁਹਾਡੇ ਪਾਸੋਂ ਇਹ ਪਾਰਸ ਵਾਪਸ ਲੈ ਲਵਾਂਗਾ। ਭਗਤ ਰਵਿਦਾਸ ਜੀ ਕਹਿਣ ਲੱਗ ਕਿ ਇਸ ਕੁਟੀਆ ਅੰਦਰ, ਜਿਥੇ ਤੁਸੀਂ ਪਾਰਸ ਰੱਖਣਾ ਚਾਹੋ, ਰੱਖ ਦਿਉ। ਜਦੋਂ ਵਾਪਸ ਆਉਗੇ ਤਾਂ ਉਥੋਂ ਹੀ ਚੁੱਕ ਲੈਣਾ। ਉਸ ਸਾਧੂ ਨੇ ਪਾਰਸ ਨੂੰ, ਕੁਟੀਆਂ ਦੀ ਛੱਤ ਵਿਚ ਟਿਕਾ ਕੇ ਰੱਖ ਦਿੱਤਾ ਤੇ ਭਗਤ ਰਵਿਦਾਸ ਜੀ ਨੂੰ ਦੱਸ ਦਿੱਤਾ ਕਿ ਪਾਰਸ ਇਥੇ ਪਿਆ ਹੈ।
ਇਸ ਸਾਧੂ ਨੇ ਮਨ ਅੰਦਰ ਸੋਚਿਆ ਕਿ ਭਗਤ ਰਵਿਦਾਸ ਜੀ ਮੇਰੇ ਸਾਹਮਣੇ ਪਾਰਸ ਲੈਣ ਤੋਂ ਸੰਕੋਚ ਕਰ ਰਹੇ ਹਨ, ਪਰ, ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਜਾਣ ਤੋ ਬਾਅਦ, ਭਗਤ ਰਵਿਦਾਸ ਜੀ ਇਸ ਪਾਰਸ ਦੀ ਵਰਤੋਂ ਕਰਕੇ, ਆਪਣੀ ਗਰੀਬੀ ਦੂਰ ਕਰ ਲੈਣਗੇ, ਕਿਉਂਕਿ ਮਾਇਆ ਦੀ ਲੋੜ ਤਾਂ ਹਰ ਕਿਸੇ ਨੂੰ ਹੁੰਦੀ ਹੈ। ਮਾਇਆ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ ਹੋ ਸਕਦਾ। ਇਹ ਸੋਚ ਕੇ, ਇਹ ਸਾਧੂ ਆਪਣੇ ਰਸਤੇ ਪੈ ਗਿਆ।
ਲਗਭਗ ਇਕ ਸਾਲ ਬਾਅਦ, ਇਹ ਸਾਧੂ ਆਪਣੀ ਯਾਤਰਾ ਸੰਪੂਰਨ ਕਰਕੇ ਵਾਪਸ ਆਇਆ ਤਾਂ ਇਸ ਦੇ ਮਨ ’ਚ ਖ਼ਿਆਲ ਆਇਆ ਕਿ ਚਲੋ ਭਗਤ ਰਵਿਦਾਸ ਜੀ ਦਾ ਹਾਲ-ਚਾਲ ਪੁੱਛ ਆਉਂਦੇ ਹਾਂ, ਨਾਲੇ ਭਗਤ ਜੀ ਦਾ ਨਵਾਂ ਮਹਿਲ ਦੇਖ ਕੇ ਆਉਂਦੇ ਹਾਂ। ਜਿਹੜਾ ਉਹਨਾਂ ਨੇ ਪਾਰਸ ਦੀ ਮਦਦ ਨਾਲ ਬਣਾ ਲਿਆ ਹੋਣਾ ਹੈ। ਇਹੀ ਸੋਚਾਂ ਸੋਚਦਿਆਂ ਹੋਇਆਂ, ਇਹ ਸਾਧੂ ਭਗਤ ਰਵਿਦਾਸ ਜੀ ਦੇ ਘਰ ਦੇ ਪਾਸ ਪਹੁੰਚਿਆ। ਭਗਤ ਰਵਿਦਾਸ ਜੀ ਦਾ ਘਰ ਦੇਖ ਕੇ, ਇਸ ਦੀ ਹੈਰਾਨੀ ਦੀ ਹੱਦ ਨਾ ਰਹੀ। ਭਗਤ ਰਵਿਦਾਸ ਜੀ ਜਿਸ ਕੁਟੀਆਂ ’ਚ ਇੱਕ ਸਾਲ ਪਹਿਲਾਂ ਰਹਿੰਦੇ ਸਨ, ਉਸੇ ਕੁਟੀਆ ’ਚ ਹੁਣ ਰਹਿ ਰਹੇ ਹਨ।
ਇਸ ਨੇ ਭਗਤ ਰਵਿਦਾਸ ਜੀ ਨੂੰ ਪੁੱਛਿਆ ਕਿ ਤੁਸੀਂ ਮਾਇਆ ਲੈਣ ਲਈ ਪਾਰਸ ਨਹੀਂ ਵਰਤਿਆ? ਤਾਂ ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਉਦੋਂ ਹੀ ਕਹਿ ਦਿੱਤਾ ਸੀ ਕਿ ਇਹ ਪਾਰਸ ਸਾਡੇ ਤਾਂ ਪੱਥਰ ਸਮਾਨ ਹੈ। ਸਾਡੇ ਲਈ ਤਾਂ ਪਰਮਾਤਮਾ ਦੀ ਭਜਨ-ਬੰਦਗੀ ਹੀ ਅਸਲ ਪਾਰਸ ਹੈ। ਭਗਤ ਰਵਿਦਾਸ ਜੀ ਪਾਸੋਂ ਗਿਆਨ ਦੀਆਂ ਗੱਲਾਂ ਸੁਣ ਕੇ, ਇਹ ਸਾਧੂ ਹੈਰਾਨ ਵੀ ਹੋਇਆ ਤੇ ਨਿਹਾਲ ਵੀ। ਫਿਰ, ਇਹ ਸਾਧੂ ਕਹਿਣ ਲੱਗਾ ਕਿ ਉਹ ਪਾਰਸ ਕਿਥੇ ਪਿਆ ਹੈ, ਮੈਨੂੰ ਮੇਰਾ ਪਾਰਸ ਵਾਪਸ ਦੇ ਦਿਉ। ਭਗਤ ਰਵਿਦਾਸ ਜੀ ਨੇ ਬੇਪਰਵਾਹੀ ਨਾਲ ਜੁਆਬ ਦਿੱਤਾ ਕਿ ਜਿਥੇ ਤੁਸੀਂ ਰੱਖ ਕੇ ਗਏ ਸੀ, ਉਥੇ ਹੀ ਪਿਆ ਹੋਣਾ ਹੈ।
ਸਾਧੂ ਨੇ, ਕੁਟੀਆ ਦੀ ਛੱਤ ਦੇ ਉਸ ਹਿੱਸੇ ’ਚ ਹੱਥ ਮਾਰਿਆ, ਜਿਥੇ ਉਹ ਪਾਰਸ ਰੱਖ ਕੇ ਗਿਆ ਸੀ। ਸਾਧੂ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਪਾਰਸ ਤਾਂ ਸਚਮੁੱਚ, ਉਸੇ ਜਗ੍ਹਾ ਤੇ ਪਿਆ ਹੈ, ਜਿਥੇ ਉਹ ਰੱਖ ਕੇ ਗਿਆ ਸੀ। ਇਸ ਘਟਨਾ ਤੋਂ ਬਾਅਦ, ਇਹ ਸਾਧੂ ਭਗਤ ਰਵਿਦਾਸ ਜੀ ਦਾ ਮੁਰੀਦ ਬਣ ਗਿਆ।
ਕੁੱਝ ਇਤਿਹਾਸਕਾਰਾਂ ਤੇ ਵਿਦਵਾਨਾਂ ਦੇ ਵਿਚਾਰ ਅਨੁਸਾਰ, ਇਹ ਸਾਧੂ ਕੋਈ ਆਮ ਸਾਧੂ ਨਹੀਂ ਸੀ ਸਗੋਂ ਪਰਮਾਤਮਾ ਆਪ ਸਾਧੂ ਦੀ ਭੇਸ ਵਟਾ ਕੇ, ਭਗਤ ਰਵਿਦਾਸ ਜੀ ਦਾ ਇਮਤਿਹਾਨ ਲੈਣ ਆਇਆ ਸੀ। ਭਗਤ ਰਵਿਦਾਸ ਜੀ ਨੂੰ ਇਸ ਇਮਤਿਹਾਨ ’ਚ ਪਾਸ ਹੋਇਆ ਦੇਖ ਕੇ, ਪਰਮਾਤਮਾ ਬਹੁਤ ਪ੍ਰਸੰਨ ਹੋਇਆ ਸੀ।
ਗੰਗਾ ਨੂੰ ਕਸੀਰਾ ਭੇਂਟ ਕਰਨਾ:
ਇੱਕ ਵਾਰ, ਕੁੰਭ ਦੇ ਮੌਕੇ ’ਤੇ, ਪੰਡਿਤ ਗੰਗਾ ਰਾਮ ਦੀ ਅਗਵਾਈ ਵਿਚ ਕੁੱਝ ਸੰਗੀ-ਸਾਥੀ ਗੰਗਾ ਇਸ਼ਨਾਨ ਕਰਨ ਲਈ ਜਾ ਰਹੇ ਸਨ। ਇਹ ਗੰਗਾ ਇਸ਼ਨਾਨ ਕਰਨ ਲਈ ਜਾਂਦੇ ਹੋਏ, ਰਾਹ ਵਿਚ ਭਗਤ ਰਵਿਦਾਸ ਜੀ ਪਾਸ ਰੁਕੇ। ਭਗਤ ਰਵਿਦਾਸ ਜੀ ਦੇ ਇਹ ਪੁੱਛਣ ’ਤੇ ਕਿ ਕਿਥੇ ਜਾ ਰਹੇ ਹੋ, ਪੰਡਿਤ ਗੰਗਾਰਾਮ ਕਹਿਣ ਲੱਗਾ ਕਿ ਕੁੱਭ ਦਾ ਮੇਲਾ ਲੱਗਾ ਹੋਇਆ ਹੈ, ਇਸ ਮੌਕੇ ’ਤੇ ਗੰਗਾ-ਇਸ਼ਨਾਨ ਦੀ ਬਹੁਤ ਮਹੱਤਤਾ ਹੈ, ਤੁਸੀਂ ਵੀ ਸਾਡੇ ਨਾਲ ਚਲੋ, ਬਹੁਤ ਸ਼ੁਭ ਮੌਕਾ ਹੈ, ਇਸ ਮੌਕੇ ’ਤੇ ਗੰਗਾ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਹੈ। ਤੁਸੀਂ ਵੀ ਗੰਗਾ-ਇਸ਼ਨਾਨ ਕਰਕੇ ਆਪਣਾ ਜਨਮ ਸਫ਼ਲਾ ਕਰ ਲਉ। ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਮਨ ਚੰਗਾ ਤੋਂ ਕਠੌਤੀ ਮੇਂ ਗੰਗਾ ਭਾਵ ਕਿ ਜੇ ਮਨ ਪਵਿੱਤਰ ਹੈ ਤਾਂ ਇਸ ਕਠੌਤੀ (ਮਿੱਟੀ ਦੇ ਭਾਂਡੇ ) ’ਚ ਹੀ ਗੰਗਾ ਹੈ। ਪੰਡਿਤ ਗੰਗਾ ਰਾਮ ਦੇ ਵਾਰ-ਵਾਰ ਕਹਿਣ ’ਤੇ, ਭਗਤ ਰਵਿਦਾਸ ਜੀ ਨੇ ਪੰਡਿਤ ਗੰਗਾ ਰਾਮ ਨੂੰ ਇੱਕ ਕਸੀਰਾ ਦਿੱਤਾ ਤੇ ਕਿਹਾ ਕਿ ਮੇਰੇ ਵਲੋਂ ਇਹ ਕਸੀਰਾ ਗੰਗਾ ਨੂੰ ਭੇਂਟ ਕਰ ਦੇਣਾ, ਪਰ, ਇਹ ਕਸੀਰਾ ਭੇਂਟ ਤਾਂ ਹੀ ਕਰਨਾ ਜੇ ਗੰਗਾ ਹੱਥ ਬਾਹਰ ਕੱਢ ਕੇ, ਇਸ ਭੇਂਟ ਨੂੰ ਸਵੀਕਾਰ ਕਰੇ, ਨਹੀਂ ਤਾਂ ਇਹ ਕਸੀਰਾ ਤੁਸੀਂ ਵਾਪਸ ਲੈ ਆਉਣਾ।
ਪੰਡਿਤ ਗੰਗਾ ਰਾਮ ਤੇ ਉਸ ਦੇ ਸਾਥੀ ਬਹੁਤ ਹੈਰਾਨ ਹੋਏ ਤੇ ਸੋਚਣ ਲੱਗੇ ਕਿ ਕੀ ਕਦੇ ਇੰਜ ਵੀ ਹੋਇਆ ਹੈ ਕਿ ਗੰਗਾ ਹੱਥ ਬਾਹਰ ਕੱਢ ਕੇ, ਭੇਂਟ ਸਵੀਕਾਰ ਕਰੇ। ਇਹ ਸੋਚ ਰਹੇ ਸਨ ਕਿ ਸਾਨੂੰ ਗੰਗਾ-ਇਸ਼ਨਾਨ ਕਰਨ ਲਈ ਜਾਂਦਿਆਂ ਨੂੰ, ਇੰਨੇ ਸਾਲ ਹੋ ਗਏ ਹਨ, ਪਰ, ਅੱਜ ਤੱਕ ਤਾਂ ਇੰਜ ਨਹੀਂ ਹੋਇਆ। ਅਸੀਂ ਤਾਂ ਕਦੇ ਨਹੀਂ ਦੇਖਿਆ ਕਿ ਗੰਗਾ ਨੇ ਹੱਥ ਬਾਹਰ ਕੱਢ ਕੇ, ਕਿਸੇ ਦੀ ਭੇਂਟ ਸਵੀਕਾਰ ਕੀਤੀ ਹੋਵੇ। ਫਿਰ, ਅੱਜ ਗੰਗਾ ਹੱਥ ਬਾਹਰ ਕੱਢ ਕੇ, ਇਹ ਭੇਂਟ ਕਿਵੇਂ ਸਵੀਕਾਰ ਕਰੇਗੀ, ਅਖ਼ੀਰ, ਪੰਡਿਤ ਗੰਗਾ ਰਾਮ, ਭਗਤ ਰਵਿਦਾਸ ਜੀ ਪਾਸੋਂ ਕਸੀਰਾ ਲੈ ਕੇ, ਆਪਣੇ ਸਾਥੀਆਂ ਨਾਲ ਗੰਗਾ ਇਸ਼ਨਾਨ ਕਰ ਲਈ ਗੰਗਾ ਨਦੀ ਵੱਲ ਤੁਰ ਪਿਆ।
ਗੰਗਾ ਨਦੀ ’ਤੇ ਪਹੁੰਚ ਕੇ, ਪੰਡਿਤ ਗੰਗਾ ਰਾਮ ਨੇ ਇਸ਼ਨਾਨ ਕੀਤਾ ਤੇ ਫਿਰ ਭਗਤ ਰਵਿਦਾਸ ਜੀ ਦੀ ਦਿੱਤੀ ਹੋਈ ਭੇਂਟ ਲੈ ਕੇ, ਗੰਗਾ ਨਦੀ ਵੱਲ ਵਧਿਆ। ਪੰਡਿਤ ਗੰਗਾ ਰਾਮ ਤੇ ਉਸ ਦੇ ਸਾਥੀ ਦੇਖਦੇ ਹਨ ਕਿ ਅਚਾਨਕ ਹੀ ਗੰਗਾ ਨਦੀ ਵਿਚੋਂ ਇੱਕ ਹੱਥ ਨਿਕਲਿਆ, ਜਿਸ ਨੇ ਭਗਤ ਰਵਿਦਾਸ ਜੀ ਵਲੋਂ ਭੇਂਟ ਕੀਤਾ ਗਿਆ ਇਹ ਕਸੀਰਾ ਸਵੀਕਾਰ ਕੀਤਾ ਤੇ ਫਿਰ ਇਹ ਹੱਥ ਅਲੋਪ ਹੋ ਗਿਆ। ਸਾਰੇ ਲੋਕ ਇਸ ਅਦਭੁੱਤ ਕੌਤਕ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਅਤੇ ਭਗਤ ਰਵਿਦਾਸ ਜੀ ਦੀ ਜੈ-ਜੈਕਾਰ ਕਰਨ ਲੱਗ ਪਏ।
ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਦੀ ਪੰਦਰਵੀਂ ਪਉੜੀ ’ਚ ਇਸ ਬਾਰੇ ਬ੍ਰਿਤਾਂਤ ਨੂੰ ਇੰਜ ਬਿਆਨ ਕੀਤਾ ਹੈ।
ਭਗਤੁ ਭਗਤੁ ਜਗਿ ਵਜਿਆ ਚਹੁ ਚਕਾਂ ਦੇ ਵਿਚਿ ਚਮਿਰੇਟਾ।
ਪਾਣ੍ਹਾ ਗੰਢੇ ਰਾਹ ਵਿਚਿ ਕੁਲਾ ਧਰਮ ਢੋਇ ਢੋਰ ਸਮੇਟਾ।
ਜਿਉ ਕਰਿ ਮੈਲੇ ਚੀਥੜੇ ਹੀਰਾ ਲਾਲੁ ਅਮੋਲੁ ਪਲੇਟਾ।
ਚਹੁ ਵਰਨਾ ਉਪਦੇਸਦਾ ਗਿਆਨ ਧਿਆਨੁ ਕਰਿ ਭਗਤਿ ਸਹੇਟਾ।
ਨ੍ਹਾਵਣਿ ਆਇਆ ਸੰਗੁ ਮਿਲਿ ਬਾਨਾਰਸ ਕਰਿ ਗੰਗਾ ਥੇਟਾ ।
ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ।
ਲਗਾ ਪੁਰਬੁ ਅਭੀਚ ਦਾ ਡਿਠਾ ਚਲਿਤੁ ਅਚਰਜੁ ਅਮੇਟਾ।
ਲਇਆ ਕਸੀਰਾ ਹਥੁ ਕਢਿ ਸੂਤੁ ਇਕੁ ਜਿਉ ਤਾਣਾ ਪੇਟਾ।
ਭਗਤ ਜਨਾਂ ਹਰਿ ਮਾਂ ਪਿਉ ਬੇਟਾ ॥੧੭॥
(ਵਾਰ ੧੫ਵੀਂ, ਪਉੜੀ ੧੦ਵੀਂ)
ਭਾਵ ਅਰਥ : ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਅਖੌਤੀ ਚਮਾਰ ਜਾਤਿ ਦੇ ਰਵਿਦਾਸ ਭਗਤ ਜੀ ਸਾਰੇ ਸੰਸਾਰ ਅੰਦਰ ਤੇ ਚਾਰੇ ਦਿਸ਼ਾਵਾਂ ’ਚ ‘ਭਗਤ’ ਕਰਕੇ ਪ੍ਰਸਿੱਧ ਹੋਏ ਹਨ। ਆਪਣੇ ਪਰਿਵਾਰ ਦੇ ਕਿੱਤੇ (ਕਿਰਤ) ਅਨੁਸਾਰ, ਇਹ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ ਤੇ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਹਨ ਭਾਵ ਕਿ ਸਮੇਟਦੇ ਹਨ। ਅਸਲ ’ਚ ਭਗਤ ਰਵਿਦਾਸ ਜੀ ਇੰਜ ਸਨ ਜਿਵੇਂ ਕਿ ਮੈਲੇ ਜਿਹੇ ਚੀਥੜੇ (ਲੀਰ) ’ਚ ਅਨਮੋਲ ਹੀਰਾ ਜਾਂ ਲਾਲ ਲਪੋਟਿਆ ਹੋਇਆ ਹੋਵੇ।
ਭਗਤ ਰਵਿਦਾਸ ਜੀ ਨੇ ਚਾਰੇ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਦੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਭਗਤੀ ਰਾਹੀਂ ਗਿਆਨ ਤੇ ਧਿਆਨ ਕਰਵਾਉਣ ਲੱਗ ਪਏ।
ਇਕ ਵਾਰ ਭਗਤ ਜੀ ਦੇ ਕੁੱਝ ਸਾਥੀ ਇਕੱਠੇ ਹੋ ਕੇ, ਬਨਾਰਸ ਵਿਖੇ ਗੰਗਾ ਇਸ਼ਨਾਨ ਕਰਨ ਲਈ ਜਾਣ ਲੱਗੇ ਤਾਂ ਭਗਤ ਰਵਿਦਾਸ ਜੀ ਨੇ ਇੱਕ ਧੇਲਾ ਕੱਢ ਕੇ, ਇੱਕ ਸਾਥੀ ਨੂੰ ਦਿੱਤਾ ਤੇ ਕਿਹਾ ਕਿ ਇਹ ਮਾਇਆ ਗੰਗਾ ਨਦੀ ’ਚ ਭੇਂਟ ਕਰ ਦੇਣਾ।
ਅਭਿਜਿੱਤ ਨਛੱਤਰ ਦੀ ਪੂਰਬੀ ਦਾ ਮੇਲਾ ਲੱਗਾ ਹੋਇਆ ਸੀ, ਬਹੁਤ ਭਾਰੀ ਭੀੜ ਜਮ੍ਹਾਂ ਸੀ। ਲੋਕਾਂ ਨੇ ਇਕ ਅਚਰਜ ਕੌਤਕ ਦੇਖਿਆ, ਜਿਸ ਨੂੰ ਕੋਈ ਝੁਠਲਾ ਨਹੀਂ ਸਕਦਾ। ਗੰਗਾ ਨੇ ਭਗਤ ਰਵਿਦਾਸ ਜੀ ਦੀ ਦਿੱਤੀ ਮਾਇਆ, ਹੱਥ ਬਾਹਰ ਕੱਢ ਕੇ, ਸਵੀਕਾਰ ਕੀਤੀ। ਇੰਜ ਜਾਪਦਾ ਸੀ ਜਿਵੇਂ ਕਿ ਸੂਤ ਇਕ ਹੈ ਤੇ ਤਾਣਾ-ਪੇਟਾ (ਭਗਤ ਰਵਿਦਾਸ ਜੀ ਤੇ ਗੰਗਾ ਜੀ) ਦੋ ਹਨ। ਭਗਤ ਜਨਾਂ ਦੀ ਮਾਤਾ, ਉਹਨਾਂ ਦਾ ਪਿਤਾ-ਪੁੱਤਰ, ਸਭ ਕੁੱਝ ਉਹ ਪਰਮਾਤਮਾ ਹੀ ਹੈ।
ਪ੍ਰਚਾਰ ਯਾਤਰਾਵਾਂ :
ਭਗਤੀ ਕਾਲ ਦੌਰਾਨ ਸਮੂਹ ਭਗਤਾਂ ਤੇ ਮਹਾਪੁਰਖਾਂ ਨੇ ਪ੍ਰਚਾਰ ਯਾਤਰਾਵਾਂ ਰਾਹੀਂ ਸੰਸਾਰ ਦੇ ਵੱਖ-ਵੱਖ ਇਲਾਕਿਆਂ ’ਚ ਜਾ ਕੇ ਆਮ ਲੋਕਾਂ ਨੂੰ ਪਰਮਾਤਮਾ ਦੀ ਭਜਨ-ਬੰਦਗੀ ਕਰਨ ਦਾ ਉਪਦੇਸ਼ ਦਿੱਤਾ। ਭਗਤ ਰਵਿਦਾਸ ਜੀ ਵੀ ਆਪਣੇ ਜੀਵਨ ਕਾਲ ਦੌਰਾਨ, ਪ੍ਰਚਾਰ ਯਾਤਰਾਵਾਂ ਕਰਕੇ ਵੱਖ-ਵੱਖ ਇਲਾਕਿਆਂ ’ਚ ਗਏ ਅਤੇ ਆਮ ਲੋਕਾਂ ਨੂੰ ਕਰਮਕਾਂਡਾਂ ਤੇ ਪਾਖੰਡਾਂ ਤੋਂ ਬਾਹਰ ਕੱਢ ਕੇ, ਨਿਰਗੁਣ ਤੇ ਨਿਰਾਕਾਰ ਪਰਮਾਤਮਾ ਦੀ ਭਜਨ-ਬੰਦਗੀ ਕਰਨ ਦੀ ਪ੍ਰੇਰਣਾ ਕੀਤੀ। ਭਗਤ ਰਵਿਦਾਸ ਜੀ ਨੇ, ਆਪਣੇ ਜੀਵਨ ਕਾਲ ਦੌਰਾਨ, ਰਾਜਸਥਾਨ ਦੇ ਚਿਤੌੜਗੜ੍ਹ, ਉਦੈਪੁਰ, ਬੂੰਦੀ, ਅਜਮੇਰ, ਜੋਧਪੁਰ
ਤੇ ਜੈਸਲਮੇਰ, ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੇ ਭੋਪਾਲ, ਮਹਾਂਰਾਸ਼ਟਰਾ ਦੇ ਮੁੰਬਈ ਤੇ ਨਾਗਪੁਰ, ਬਿਹਾਰ ਦੇ ਭਾਗਲਪੁਰ, ਪੰਜਾਬ ਦੇ ਮਾਧੋਪੁਰ, ਜੰਮੂ-ਕਸ਼ਮੀਰ ਦੇ ਸ੍ਰੀ ਨਗਰ, ਹਿਮਾਚਲ ਪ੍ਰਦੇਸ਼ ਦੇ ਡਲਹੌਜੀ, ਹੁਣ ਵਾਲੇ ਪਾਕਿਸਤਾਨ ਦੇ ਕਰਾਚੀ, ਬਹਾਵਲਪੁਰ, ਕੋਹਾਟ ਤੇ ਦੱਰਾ-ਖੇਬਰ ਅਤੇ ਹੋਰ ਅਨੇਕਾਂ ਇਲਾਕਿਆਂ ਦੀਆਂ ਪ੍ਰਚਾਰ ਯਾਤਰਾਵਾਂ ਕਰਕੇ, ਸਮੁੱਚੀ ਲੋਕਾਈ ਨੂੰ ਸੱਚ ਦਾ ਰਾਹ ਦਰਸਾਇਆ।
ਗੁਰੂ ਨਾਨਕ ਦੇਵ ਜੀ ਨਾਲ ਮਿਲਾਪ :
‘ਗੁਰਮੁਖ ਖੋਜਨ ਭਏ ਉਦਾਸੀ’ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ, ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਯਾਤਰਾਵਾਂ ਕੀਤੀਆਂ। ਪਹਿਲੀ ਪ੍ਰਚਾਰ ਯਾਤਰਾ ਦੌਰਾਨ, ਗੁਰੂ ਨਾਨਕ ਦੇਵ ਜੀ ਫਰਵਰੀ ਸੰਨ 1509 ਈ. ’ਚ ਸ਼ਿਵਰਾਤਰੀ ਤੋਂ ਕੁੱਝ ਦਿਨ ਪਹਿਲਾਂ ਬਨਾਰਸ ਪਹੁੰਚੇ। ਬਨਾਰਸ ਪਹੁੰਚ ਕੇ, ਜਿਸ ਅਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਟਿਕਾਣਾ ਕੀਤਾ, ਉਸ ਅਸਥਾਨ ’ਤੇ ਸੁੰਦਰ ਗੁਰਦੁਆਰਾ ‘ਗੁਰੂ ਕਾ ਬਾਗ’ ਸੁਭਾਇਮਾਨ ਹੈ। ਇਥੋਂ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਜੀ ਨੂੰ ਮਿਲਣ ਲਈ, ਉਹਨਾਂ ਦੇ ਘਰ ਗਏ ਤੇ ਉੱਥੇ ਸਤਿਸੰਗ ਕਰਕੇ ਸਭ ਨੂੰ ਨਿਹਾਲ ਕੀਤਾ। ਉਦੋਂ ਗੁਰੂ ਨਾਨਕ ਦੇਵ ਜੀ ਦੀ ਦੁਨੀਆਵੀ ਉਮਰ ਲਗਭਗ 40 ਸਾਲ ਦੀ ਸੀ ਤੇ ਭਗਤ ਰਵਿਦਾਸ ਜੀ ਦੀ ਦੁਨੀਆਵੀ ਉਮਰ ਲਗਭਗ 132 ਸਾਲ ਦੀ ਸੀ।
ਬਨਾਰਸ ’ਚ ਹੀ ਗੁਰੂ ਨਾਨਕ ਦੇਵ ਜੀ ਨੇ ਭਗਤ ਰਵਿਦਾਸ ਜੀ ਦੀ ਬਾਣੀ ਦਾ ਉਤਾਰਾ ਕਰਕੇ ਸਾਂਭ ਲਿਆ ਸੀ, ਜਿਸ ਨੂੰ ਬਾਅਦ ਵਿਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਭਾਇਮਾਨ ਕੀਤਾ ਸੀ।
ਵੱਖ-ਵੱਖ ਸੰਸਥਾਵਾਂ ਵਲੋਂ, ਭਗਤ ਰਵਿਦਾਸ ਜੀ ਦੀਆਂ ਰਚਨਾਵਾਂ ਦੇ ਵੱਖ-ਵੱਖ ਸੰਗ੍ਰਹਿ ਤਿਆਰ ਕੀਤੇ ਗਏ ਹਨ, ਪਰ, ਇਹਨਾਂ ਰਚਨਾਵਾਂ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ ਕਿਉਂਕਿ ਵੱਖ-ਵੱਖ ਸੰਗ੍ਰਹਿਆਂ ਅੰਦਰ, ਰਚਨਾਵਾਂ ਦੀ ਗਿਣਤੀ ਵੀ ਵੱਖ-ਵੱਖ ਹੈ ਤੇ ਰਚਨਾਵਾਂ ਦਾ ਸਰੂਪ ਵੀ ਵੱਖ-ਵੱਖ ਹੈ। ਇਹਨਾਂ ਰਚਨਾਵਾਂ ’ਚ ਇਕਸਾਰਤਾ ਨਹੀਂ ਹੈ।
ਇਸ ਲਈ ਉਪਰ ਦਿੱਤੇ ਗਏ ਤੱਥਾਂ ਦੇ ਆਧਾਰ ’ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਮੌਜੂਦਾ ਸਮੇਂ ਅੰਦਰ, ਭਗਤ ਰਵਿਦਾਸ ਜੀ ਸਭ ਤੋਂ ਵੱਧ ਪ੍ਰਮਾਣਿਕ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਇਮਾਨ ਹੈ ਕਿਉਂਕਿ ਇਸ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਇਕੱਤਰ ਕੀਤਾ ਸੀ ਤੇ ਆਪ ਆਪਣੇ ਹੱਥੀ ਸੰਭਾਲਿਆ ਸੀ।
ਰਾਣੀ ਝਾਲਾਬਾਈ:
ਉਹਨਾਂ ਦਿਨਾਂ ਵਿਚ ਬਨਾਰਸ ਦੀ ਧਰਤੀ ਧਾਰਮਿਕ, ਅਧਿਆਤਮਕ ਤੇ ਸਭਿਆਚਾਰ ਦੇ ਪੱਖੋਂ ਬਹੁਤ ਮਹੱਤਵਪੂਰਨ ਤੇ ਪਵਿੱਤਰ ਮੰਨੀ ਜਾਂਦੀ ਸੀ। ਚਿਤੌੜਗੜ੍ਹ ਦੀ ਰਾਣੀ ਝਾਲਾਬਾਈ, ਚਿਤੌੜਗੜ੍ਹ ਤੋਂ ਚੱਲ ਕੇ ਬਨਾਰਸ ਪਹੁੰਚੀ। ਕਈ ਇਤਿਹਾਸਕਾਰ ਲਿਖਦੇ ਹਨ ਕਿ ਝਾਲਾਬਾਈ ਨਾਮ ਦੀ ਕੋਈ ਰਾਣਾ ਨਹੀਂ ਹੋਈ। ਅਸਲ ਚ ਚਿਤੌੜਗੜ੍ਹ ਦੇ ਰਾਜਾ ਰਾਣਾ ਸਾਂਗਾ ਦੀ ਇੱਕ ਪਤਨੀ, ਝਾਲਵਾੜ (ਰਾਜਸਥਾਨ) ਇਲਾਕੇ ਦੇ, ਇੱਕ ਰਾਜਪੁਤਾਨੇ ਪਰਿਵਾਰ ਵਿਚੋਂ ਸੀ, ਜਿਸ ਕਾਰਨ ਇਸ ਰਾਣੀ ਦਾ ਨਾਮ ਝਾਲਾਬਾਈ ਪੈ ਗਿਆ ਸੀ। ਕੁੱਝ ਕੁ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ, ਇਸ ਰਾਣੀ ਦਾ ਨਾਮ ਝਾਲੀ ਬਾਈ ਵੀ ਲਿਖਿਆ ਹੈ।
ਬਨਾਰਸ ਪਹੁੰਚ ਕੇ, ਰਾਣੀ ਝਾਲਾਬਾਈ ਨੇ ਗੰਗਾ ਇਸ਼ਨਾਨ ਕਰਕੇ, ਵੱਖ-ਵੱਖ ਮੰਦਿਰਾਂ ਦੇ ਦਰਸ਼ਨ ਕੀਤੇ। ਇਸੇ ਦੌਰਾਨ, ਰਾਣੀ ਝਾਲਾਬਾਈ ਨੇ ਭਗਤ ਰਵਿਦਾਸ ਜੀ ਦੀ ਉਪਮਾ ਸੁਣੀ ਤੇ ਉਸ ਨੇ ਹਿਰਦੇ ਅੰਦਰ, ਭਗਤ ਰਵਿਦਾਸ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਬਲ ਹੋਈ ਅਤੇ ਇਹ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਨ ਲਈ, ਭਗਤ ਜੀ ਪਾਸ ਪਹੁੰਚ ਗਈ। ਭਗਤ ਰਵਿਦਾਸ ਜੀ ਪਾਸੇਂ ਸਤਿਸੰਗ ਸੁਣ ਕੇ, ਇਹ ਬਹੁਤ ਨਿਹਾਲ ਹੋਈ, ਇਸ ਦਾ ਹਿਰਦਾ ਸ਼ਾਂਤ ਹੋ ਗਿਆ। ਇੰਜ ਸਮਝ ਲਈਏ ਕਿ ਇਸ ਦੇ ਹਿਰਦੇ ਦੇ ਕਪਾਟ ਖੁੱਲ੍ਹ ਗਏ। ਰਾਣੀ ਝਾਲਾਬਾਈ ਭਗਤ ਰਵਿਦਾਸ ਜੀ ਤੋਂ ਇੰਨਾਂ ਪ੍ਰਭਾਵਤ ਹੋਈ ਕਿ ਇਸ ਨੇ ਭਗਤ ਰਵਿਦਾਸ ਜੀ ਦੇ ਚਰਨਾਂ ’ਚ ਬੇਨਤੀ ਕੀਤੀ ਕਿ ਮੈਨੂੰ ਗੁਰੂ-ਦੀਖਿਆ ਦੇ ਕੇ ਕਿਰਤਾਰਥ ਕਰੋ। ਭਗਤ ਰਵਿਦਾਸ ਜੀ ਰਾਣੀ ਨੂੰ ਕਹਿਣ ਲੱਗੇ ਕਿ ਤੁਸੀਂ ਉੱਚੀ ਕੁੱਲ ਦੇ ਰਾਜਪੁਤਾਨੇ ਘਰਾਨੇ ਨਾਲ ਸਬੰਧ ਰੱਖਦੇ ਹੋ ਤੇ ਅਸੀਂ ਨੀਵੀਂ ਜਾਤ ਦੇ ਚਮਾਰ ਹਾਂ, ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਤੁਹਾਨੂੰ ਗੁਰੂ-ਦੀਖਿਆ ਦੇਈਏ। ਤੁਸੀਂ ਕਿਸੇ ਉੱਚ ਜਾਤ ਦੇ ਬ੍ਰਾਹਮਣ ਜਾਂ ਪੰਡਿਤ ਪਾਸ ਜਾ ਕੇ, ਗੁਰੂ ਦੀਖਿਆ ਪ੍ਰਾਪਤ ਕਰੋ ਤੇ ਆਪਣਾ ਗੁਰੂ ਧਾਰਨ ਕਰੋ। ਇਹ ਸੁਣ ਕੇ, ਰਾਣੀ ਝਾਲਾ ਬਾਈ ਕਹਿਣ ਲੱਗੀ ਕਿ ਮੈਂ ਬਹੁਤ ਥਾਵਾਂ ’ਤੇ ਗਈ ਹਾਂ, ਪਰ, ਜੋ ਅਨੰਦ ਤੇ ਆਤਮਿਕ ਸ਼ਾਂਤੀ ਮੈਨੂੰ ਆਪ ਜੀ ਪਾਸੇਂ ਸਤਿਸੰਗ ਸੁਣ ਕੇ ਮਿਲੀ ਹੈ, ਉਹ ਹੋਰ ਕਿਤੋਂ ਨਹੀਂ ਮਿਲੀ। ਇਸ ਲਈ ਮੈਂ ਇਹ ਨਿਸ਼ਚਾ ਕੀਤਾ ਹੈ ਕਿ ਮੈਂ ਗੁਰੂ-ਦੀਖਿਆ ਆਪ ਜੀ ਪਾਸੋਂ ਹੀ ਲਵਾਂਗੀ।
ਭਗਤ ਰਵਿਦਾਸ ਜੀ ਦੇ ਗੁਰੂ-ਦੀਖਿਆ ਦੇਣ ਤੋਂ ਵਾਰ-ਵਾਰ ਮਨ੍ਹਾਂ ਕਰਨ ’ਤੇ, ਰਾਣੀ ਝਾਲਾਬਾਈ ਨੇ ਪਿਆਰ ਤੇ ਸਤਿਕਾਰ ਭਰਿਆ ਬਾਲ-ਹੱਠ ਕਰ ਲਿਆ ਤੇ ਭਗਤ ਰਵਿਦਾਸ ਜੀ ਨੂੰ ਬੇਨਤੀ ਰੂਪ ’ਚ ਕਹਿਣ ਲੱਗੀ ਕਿ ਜਦੋਂ ਤੱਕ ਤੁਸੀਂ ਮੈਨੂੰ ਗੁਰੂ-ਦੀਖਿਆ ਨਹੀਂ ਦਿਉਗੇ, ਉਦੋਂ ਤੱਕ ਮੈਂ ਅੰਨ ਨਹੀਂ ਗ੍ਰਹਿਣ ਕਰਾਂਗੀ। ਅਖ਼ੀਰ, ਰਾਣੀ ਝਾਲਾਬਾਈ ਦਾ ਪਿਆਰ, ਸਤਿਕਾਰ ਤੇ ਸ਼ਰਧਾ ਦੇਖਕੇ, ਭਗਤ ਰਵਿਦਾਸ ਜੀ ਨੇ ਰਾਣੀ ਝਾਲਾਬਾਈ ਨੂੰ ਗਰੂ-ਦੀਖਿਆ ਦੇ ਦਿੱਤੀ।
ਭਗਤ ਰਵਿਦਾਸ ਜੀ ਪਾਸੋਂ ਗੁਰੂ-ਦੀਖਿਆ ਲੈ ਕੇ, ਰਾਣੀ ਝਾਲਾ ਬਾਈ, ਨਿਰਗੁਣ ਤੇ ਨਿਰਾਕਾਰ ਪਰਮਾਤਮਾ ਦੀ ਭਜਨ-ਬੰਦਗੀ ’ਚ ਲੀਨ ਹੋ ਗਈ। ਜਦੋਂ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਚਿਤੌੜਗੜ੍ਹ ਰਾਜ ਘਰਾਨੇ ਦੀ ਰਾਜਪੁਤ ਰਾਣੀ ਝਾਲਾ ਬਾਈ ਨੇ ਅਖੌਤੀ ਨੀਵੀਂ ਜਾਤ ਦੇ ਭਗਤ ਰਵਿਦਾਸ ਜੀ ਪਾਸੋਂ ਗੁਰੂ ਦੀਖਿਆ ਲੈ ਕੇ, ਉਹਨਾਂ ਨੂੰ ਆਪਣਾ ਗੁਰੂ ਧਾਰ ਲਿਆ ਹੈ ਤਾਂ ਉਹ ਬਹੁਤ ਤਿਲਮਿਲਾਏ। ਉਹਨਾਂ ਨੂੰ ਲੱਗਾ ਕਿ ਇੰਜ ਤਾਂ ਉਹਨਾਂ ਦੀ ਸਰਬਉੱਚਤਾ ਹੀ ਖ਼ਤਮ ਹੋ ਜਾਵੇਗੀ। ਪਰ, ਇਹ ਬ੍ਰਾਹਮਣ ਤੇ ਪੰਡਿਤ ਕੁੱਝ ਕਰ ਨਾ ਸਕੇ।
ਰਾਣੀ ਝਾਲਾਬਾਈ ਕੁੱਝ ਦਿਨ ਬਨਾਰਸ ਵਿਖੇ ਹੀ ਪਰਮਾਤਮਾ ਦੀ ਭਜਨ-ਬੰਦਗੀ ਕਰਨ ਤੋਂ ਬਾਅਦ, ਭਗਤ ਰਵਿਦਾਸ ਜੀ ਪਾਸੋਂ ਆਗਿਆ ਲੈ ਕੇ ਵਾਪਸ ਚਿਤੌੜਗੜ੍ਹ ਆ ਗਈ। ਰਾਣੀ ਝਾਲਾ ਬਾਈ ਨੇ ਚਿਤੌੜਗੜ੍ਹ ਪਹੁੰਚ ਕੇ, ਆਪਣੇ ਪਤੀ ਰਾਣਾ ਸਾਂਗਾ ਨੂੰ ਸਾਰਾ ਹਾਲ ਸੁਣਾਇਆ। ਰਾਣੀ ਝਾਲਾ ਬਾਈ ਪਾਸੋਂ ਭਗਤ ਰਵਿਦਾਸ ਜੀ ਦੀ ਉਪਮਾ ਸੁਣ ਕੇ, ਰਾਣਾ ਸਾਂਗਾ ਦੇ ਹਿਰਦੇ ਵਿਚ ਵੀ, ਭਗਤ ਰਵਿਦਾਸ ਜੀ ਪ੍ਰਤੀ ਪਿਆਰ, ਸਤਿਕਾਰ ਤੇ ਸ਼ਰਧਾ ਦੀ ਭਾਵਨਾ ਪ੍ਰਗਟ ਹੋ ਗਈ। ਰਾਣੀ ਝਾਲਾ ਬਾਈ ਨੇ ਰਾਣਾ ਸਾਂਗਾ ਨੂੰ ਕਿਹਾ ਕਿ ਭਗਤ ਰਵਿਦਾਸ ਜੀ ਨੂੰ ਸਤਿਕਾਰ ਸਹਿਤ ਸੱਦਾ-ਪੱਤਰ ਭੇਜ ਕੇ ਚਿਤੌੜਗੜ੍ਹ ਆਉਣ ਲਈ ਬੇਨਤੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਚਿਤੌੜਗੜ੍ਹ ਆ ਕੇ, ਇਥੋਂ ਦੇ ਵਸਨੀਕਾਂ ਨੂੰ ਸਤਿਸੰਗ ਸੁਣਾ ਕੇ ਨਿਹਾਲ ਕਰਨ ਤੇ ਪਰਮਾਤਮਾ ਦੀ ਭਜਨ- ਬੰਦਗੀ ਕਰਨ ਦੀ ਪ੍ਰੇਰਣਾ ਕਰਨ।
ਰਾਜਾ ਰਾਣਾ ਸਾਂਗਾ ਨੇ, ਰਾਣੀ ਝਾਲਾ ਬਾਈ ਦੀ ਸਲਾਹ ਮੰਨ ਕੇ, ਆਪਣੇ ਵਜ਼ੀਰਾਂ ਨੂੰ ਬੁਲਾਇਆ ਤੇ ਹੁਕਮ ਕੀਤਾ ਕਿ ਬਨਾਰਸ ਜਾ ਕੇ, ਭਗਤ ਰਵਿਦਾਸ ਜੀ ਨੂੰ ਚਿਤੌੜਗੜ੍ਹ ਆਉਣ ਲਈ ਸਤਿਕਾਰ ਸਹਿਤ ਬੇਨਤੀ ਕੀਤੀ ਜਾਵੇ ਅਤੇ ਉਹਨਾਂ ਨੂੰ ਸਤਿਕਾਰ ਸਹਿਤ ਤੇ ਸ਼ਾਨੋ-ਸ਼ੌਕਤ ਨਾਲ ਚਿਤੌੜਗੜ੍ਹ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਰਾਜਾ ਦਾ ਹੁਕਮ ਸੁਣ ਕੇ, ਵਜ਼ੀਰਾਂ ਨੇ ਭਗਤ ਰਵਿਦਾਸ ਜੀ ਨੂੰ ਬਨਾਰਸ ਤੋਂ ਚਿਤੌੜਗੜ੍ਹ ਲਿਆਉਣ ਦਾ ਪੁਰਾ ਪ੍ਰਬੰਧ ਕਰ ਦਿੱਤਾ ਅਤੇ ਰਾਜਾ ਰਾਣਾ ਸਾਂਗਾ ਦੇ ਹੁਕਮ ਅਨੁਸਾਰ, ਇਹ ਵਜ਼ੀਰ ਆਪ ਬਨਾਰਸ ਜਾ ਕੇ, ਭਗਤ ਰਵਿਦਾਸ ਜੀ ਨੂੰ ਸ਼ਰਧਾ ਤੇ ਸਤਿਕਾਰ
ਸਹਿਤ ਚਿਤੌੜਗੜ੍ਹ ਲੈ ਆਏ। ਇਤਿਹਾਸਕ ਹਵਾਲਿਆਂ ਅਨੁਸਾਰ, ਭਗਤ ਰਵਿਦਾਸ ਜੀ ਪਹਿਲੀ ਵਾਰ ਸੰਨ 1517 ਈ. ’ਚ ਚਿਤੌੜਗੜ੍ਹ ਆਏ ਸਨ।
ਭਗਤ ਰਵਿਦਾਸ ਜੀ ਦੇ ਚਿਤੌੜਗੜ੍ਹ ਪਹੁੰਚਣ ’ਤੇ ਇਥੇ ਇੱਕ ਬਹੁਤ ਵੱਡੇ ਤੇ ਉੱਚ ਕੋਟੀ ਦੇ ਸਤਿਸੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਿੱਸਾ ਲੈਣ ਲਈ, ਇਲਾਕੇ ਦੇ ਮੰਨੇ-ਪ੍ਰਮੰਨੇ ਵਿਦਵਾਨ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਸੱਦਾ-ਪੱਤਰ ਭੇਜੇ ਗਏ। ਚਿਤੌੜਗੜ੍ਹ ਤੇ ਆਸ-ਪਾਸ ਦੇ ਹੋਰ ਇਲਾਕਿਆਂ ਦੇ ਲੋਕਾਂ ਨੇ, ਇਸ ਸਤਿਸੰਗ ’ਚ ਸ਼ਮੂਲੀਅਤ ਕੀਤੀ। ਸਤਿਸੰਗ ਦੀ ਸਮਾਪਤੀ ਤੋਂ ਬਾਅਦ, ਬ੍ਰਹਮ ਭੋਜ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਵਿਦਵਾਨ ਬ੍ਰਾਹਮਣਾਂ ਤੇ ਪੰਡਿਤਾਂ ਨੂੰ, ਪੰਗਤ ’ਚ ਬੈਠ ਕੇ ਬ੍ਰਹਮ-ਭੋਜ ਛੱਕੜ ਲਈ ਬੇਨਤੀ ਕੀਤੀ ਗਈ। ਬ੍ਰਾਹਮਣ ਤੇ ਪੰਡਿਤ ਪੰਗਤਾਂ ’ਚ ਸੱਜ ਗਏ, ਪਰ, ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਭਗਤ ਰਵਿਦਾਸ ਜੀ ਵੀ ਇਸੇ ਹੀ ਪੰਗਤ ’ਚ ਬੈਠ ਕੇ ਭੋਜਨ ਗ੍ਰਹਿਣ ਕਰਨਗੇ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਕਹਿਣ ਲੱਗੇ ਕਿ ਭਗਤ ਰਵਿਦਾਸ ਜੀ ਅਖੌਤੀ ਨੀਵੀਂ ਜਾਤ ਨਾਲ ਸਬੰਧਤ ਹਨ, ਇਸ ਲਈ ਭਗਤ ਰਵਿਦਾਸ ਜੀ ਨਾਲ ਪੰਗਤ ’ਚ ਬੈਠ ਕੇ ਭੋਜਨ ਗ੍ਰਹਿਣ ਕਰਨ ਨਾਲ ਤਾਂ ਸਾਡਾ ਧਰਮ ਭ੍ਰਿਸ਼ਟ ਹੋ ਜਾਵੇਗਾ ਤੇ ਅਸੀਂ ਅਪਵਿਤ੍ਰ ਹੋ ਜਾਵਾਂਗੇ। ਇਸ ਲਈ ਅਸੀਂ ਭਗਤ ਰਵਿਦਾਸ ਜੀ ਨਾਲ ਪੰਗਤ ’ਚ ਬੈਠ ਕੇ ਭੋਜਨ ਗ੍ਰਹਿਣ ਨਹੀਂ ਕਰਾਂਗੇ। ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਨੇ ਆਪਸ ’ਚ ਸਲਾਹ ਕਰਕੇ, ਇਹ ਫੈਸਲਾ ਸੁਣਾ ਦਿੱਤਾ ਕਿ ਪਹਿਲਾਂ ਅਸੀਂ ਪੰਗਤ ’ਚ ਬੈਠ ਕੇ, ਭੋਜਨ ਗ੍ਰਹਿਣ ਕਰਾਂਗੇ, ਉਸ ਤੋਂ ਬਾਅਦ ਹੀ ਭਗਤ ਰਵਿਦਾਸ ਜੀ ਤੇ ਹੋਰ ਸਤਿਸੰਗੀਆਂ ਨੂੰ ਭੋਜਨ ਛਕਾਇਆ ਜਾਵੇ। ਜੇ ਤੁਸੀਂ ਇੰਜ ਨਾ ਕੀਤਾ ਤਾਂ ਅਸੀਂ ਬ੍ਰਹਮ-ਭੋਜ ਗ੍ਰਹਿਣ ਨਹੀਂ ਕਰਾਂਗੇ ਤੇ ਬ੍ਰਹਮ-ਭੋਜ ਵਿੱਚੇ ਛੱਡ ਕੇ ਚਲੇ ਜਾਵਾਂਗੇ।
ਜਦੋਂ ਰਾਜਾ ਰਾਣਾ ਸਾਂਗਾ ਤੇ ਰਾਣੀ ਝਾਲਾਬਾਈ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸੋਚਣ ਲੱਗ ਪਏ ਕਿ ਹੁਣ ਕੀ ਕਰੀਏ? ਜੇ ਭਗਤ ਰਵਿਦਾਸ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਬਾਅਦ ’ਚ ਭੋਜਨ ਗ੍ਰਹਿਣ ਕਰ ਲੈਣਾ ਤਾਂ ਉਹ ਨਾਰਾਜ਼ ਹੋ ਜਾਣਗੇ। ਆਪਣੇ ਗੁਰੂ ਨੂੰ ਨਾਰਾਜ਼ ਕਰਕੇ ਅਸੀਂ ਕਿੱਥੇ ਜਾਵਾਂਗੇ ਅਤੇ ਜੇ ਅਸੀਂ ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਦੀ ਗੱਲ ਨਹੀਂ ਮੰਨਦੇ ਤਾਂ ਇਹ ਬ੍ਰਾਹਮਣ ਤੇ ਪੰਡਿਤ ਬ੍ਰਹਮ-ਭੋਜ ਵਿੱਚੇ ਛੱਡ ਕੇ ਚਲੇ ਜਾਣਗੇ, ਇੰਜ ਸਾਰੀ ਰਿਆਸਤ ’ਚ ਸਾਡੀ ਬਦਨਾਮੀ ਹੋ ਜਾਵੇਗੀ। ਇਹੋ ਜਿਹੇ ਹਾਲਾਤ ’ਚ ਕੀ ਕੀਤਾ ਜਾਵੇ, ਕੁੱਝ ਸਮਝ ਨਹੀਂ ਆ ਰਿਹਾ।
ਇਧਰ ਜਦੋਂ ਭਗਤ ਰਵਿਦਾਸ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬ੍ਰਾਹਮਣ ਤੇ ਪੰਡਿਤ, ਉਹਨਾਂ ਨਾਲ ਪੰਗਤ ’ਚ ਬੈਠ ਕੇ, ਭੋਜਨ ਛੱਕਣ ਤੋਂ ਮਨ੍ਹਾਂ ਕਰ ਰਹੇ ਹਨ ਤਾਂ ਉਹਨਾਂ ਨੇ ਆਪਣੇ ਹਿਰਦੇ ਦੀ ਵਿਸ਼ਾਲਤਾ ਦਰਸਾਉਂਦੇ ਹੋਏ, ਆਪ ਹੀ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਭੋਜਨ ਛਕਾ ਦਿਉ, ਅਸੀਂ ਬਾਅਦ ’ਚ ਛੱਕ ਲਵਾਂਗੇ।
ਭਗਤ ਰਵਿਦਾਸ ਜੀ ਪਾਸੋਂ ਆਗਿਆ ਲੈ ਕੇ, ਬ੍ਰਾਹਮਣਾਂ ਤੇ ਪੰਡਿਤਾਂ ਨੂੰ ਭੋਜਨ ਛਕਾਉਣ ਦਾ ਪ੍ਰਬੰਧ ਕੀਤਾ ਗਿਆ। ਬ੍ਰਾਹਮਣ ਤੇ ਪੰਡਿਤ ਪੰਗਤ ’ਚ ਬੈਠ ਗਏ ਤੇ ਇਹਨਾਂ ਦੀਆਂ ਥਾਲੀਆਂ ’ਚ ਭੋਜਨ ਪਰੋਸ ਦਿੱਤਾ ਗਿਆ। ਪਰ, ਜਦੋਂ ਇਹ ਬ੍ਰਾਹਮਣ ਤੇ ਪੰਡਿਤ ਭੋਜਨ ਗ੍ਰਹਿਣ ਕਰਨ ਲੱਗੇ ਤਾਂ ਇੱਕ ਕੌਤਕ ਵਰਤਿਆ। ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਇੰਜ ਅਨੁਭਵ ਹੋਇਆ ਜਿਵੇਂ ਕਿ ਭਗਤ ਰਵਿਦਾਸ ਜੀ ਵੀ ਉਹਨਾਂ ਨਾਲ ਬੈਠ ਕੇ, ਉਹਨਾਂ ਦੀਆਂ ਥਾਲੀਆਂ ਵਿਚੋਂ ਭੋਜਨ ਗ੍ਰਹਿਣ ਕਰ ਰਹੇ ਹੋਣ। ਇਹ ਦ੍ਰਿਸ਼ ਦੇਖ ਕੇ, ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਦੇ ਹੋਸ਼ ਉੱਡ ਗਏ। ਉਹ ਹੈਰਾਨ ਹੋ ਗਏ... ਇਹ ਕੀ...?
ਹੁਣ ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਭਗਤ ਰਵਿਦਾਸ ਜੀ ਕੋਈ ਆਮ ਮਨੁੱਖ ਨਹੀਂ ਹਨ ਸਗੋਂ ਕੋਈ ਪਹੁੰਚੀ ਹੋਈ ਰੂਹ ਹਨ। ਇਹਨਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਭਗਤ ਰਵਿਦਾਸ ਜੀ, ਪਰਮਾਤਮਾ ਦੇ ਅਨਿੰਨ ਭਗਤ ਤੇ ਮਹਾਂਪੁਰਖ ਹਨ।
ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਨੇ ਅਗਿਆਨਤਾਵਸ਼ ਹੋਈ ਆਪਣੀ ਇਸ ਭੁੱਲ ਲਈ, ਭਗਤ ਰਵਿਦਾਸ ਜੀ ਪਾਸੋਂ ਮੁਆਫ਼ੀ ਮੰਗੀ ਅਤੇ ਭਗਤ ਰਵਿਦਾਸ ਜੀ ਪਾਸੋਂ ਆਪਣੀ ਭੁੱਲ ਬਖ਼ਸ਼ਵਾ ਕੇ, ਉਹਨਾਂ ਨਾਲ ਪੰਗਤ ’ਚ ਬੈਠ ਕੇ ਭੋਜਨ ਗ੍ਰਹਿਣ ਕੀਤਾ।
ਭਗਤ ਰਵਿਦਾਸ ਜੀ ਨੇ ਇਹਨਾਂ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਸਮਝਾਇਆ ਤੇ ਉਪਦੇਸ਼ ਦਿੱਤਾ ਕਿ ਨਿਰਾਕਾਰ ਤੇ ਨਿਰਗੁਣ ਪਰਮਾਤਮਾ ਦੀ ਭਗਤੀ ਸਭ ਤੋਂ ਉੱਤਮ ਹੈ। ਉਸ ਪਰਮਾਤਮਾ ਨੇ ਸਭ ਨੂੰ ਇਕੋ ਜਿਹਾ ਪੈਦਾ ਕੀਤਾ ਹੈ, ਇਹ ਅਖੌਤੀ ਜ਼ਾਤਾਂ-ਪਾਤਾਂ ਤਾਂ ਸਾਡੇ ਸਮਾਜ ਨੇ ਬਣਾਈਆਂ ਹਨ। ਪਰਮਾਤਮਾ ਦੇ ਦਰ ’ਤੇ ਭਜਨ-ਬੰਦਗੀ ਤੇ ਨਾਮ-ਸਿਮਰਨ ਦੀ ਮਹੱਤਤਾ ਹੈ ਨਾ ਕਿ ਅਖੌਤੀ ਉੱਚੀਆਂ ਜਾਤਾਂ ਦੀ।
ਭਗਤ ਰਵਿਦਾਸ ਜੀ ਪਾਸੋਂ ਸੱਚ ਦਾ ਉਪਦੇਸ਼ ਸੁਣ ਕੇ, ਇਹ ਬ੍ਰਾਹਮਣ ਤੇ ਪੰਡਿਤ ਬਹੁਤ ਨਿਹਾਲ ਹੋਏ ਤੇ ਖੁਸ਼ੀ-ਖੁਸ਼ੀ ਆਪਣੇ ਘਰ ਚਲੇ ਗਏ।
ਮੀਰਾ ਬਾਈ ਨੂੰ ਗੁਰੂ ਦੀਖਿਆ:
ਚਿਤੋੜਗੜ੍ਹ ਦੇ ਰਾਜਾ ਰਾਣਾ ਸਾਂਗਾ ਤੇ ਰਾਣੀ ਝਾਲਾ ਬਾਈ ਦੀ ਨੂੰਹ ਤੇ ਰਾਜਾ ਭੋਜ ਦੀ ਪਤਨੀ, ਮੀਰਾ ਬਾਈ ਨੇ ਭਗਤ ਰਵਿਦਾਸ ਜੀ ਦੀ ਬਹੁਤ ਉਪਮਾ ਸੁਣੀ ਸੀ। ਸੰਨ 1527 ਈ. ਦੀ ਗੱਲ ਹੈ, ਮੀਰਾ ਬਾਈ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਨ ਲਈ, ਚਿਤੌੜਗੜ੍ਹ ਤੋ ਬਨਾਰਸ ਪਹੁੰਚੀ ਅਤੇ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ।
ਮੀਰਾ ਬਾਈ ਨੇ ਭਗਤ ਰਵਿਦਾਸ ਜੀ ਨੂੰ ਬੇਨਤੀ ਕੀਤੀ ਕਿ ਮੈਂ ਆਪ ਜੀ ਪਾਸੋਂ ਗੁਰੂ-ਦੀਖਿਆ ਲੈ ਕੇ, ਆਪ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦੀ ਹਾਂ, ਮੈਨੂੰ ਗੁਰੂ-ਦੀਖਿਆ ਦੇ ਕੇ ਕ੍ਰਿਤਾਰਥ ਕਰੋ। ਭਗਤ ਰਵਿਦਾਸ ਜੀ ਚਾਹੁੰਦੇ ਸਨ ਕਿ ਮੀਰਾ ਬਾਈ ਕਿਸੇ ਉੱਚ ਜਾਤ ਦੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰਨ ਕਰਕੇ, ਉਸ ਪਾਸੋਂ ਗੁਰੂ ਦੀਖਿਆ ਪ੍ਰਾਪਤ ਕਰੇ ਕਿਉਂਕਿ ਇਹ ਰਾਜ ਪੁਤਾਨੇ ਦੀ ਨੂੰਹ ਹੈ ਤੇ ਅਖੌਤੀ ਉੱਚ ਜਾਤ ਨਾਲ ਸਬੰਧ ਰੱਖਦੀ ਹੈ। ਪਰ, ਮੀਰਾ ਬਾਈ ਦੇ ਵਾਰ-ਵਾਰ ਬੇਨਤੀ ਕਰਨ ’ਤੇ, ਭਗਤ ਰਵਿਦਾਸ ਜੀ ਨੇ ਮੀਰਾ ਬਾਈ ਨੂੰ ਗੁਰੂ-ਦੀਖਿਆ ਦੇ ਕੇ ਕ੍ਰਿਤਾਰਥ ਕੀਤਾ।
ਭਗਤ ਰਵਿਦਾਸ ਜੀ ਪਾਸੋਂ ਗੁਰੂ-ਦੀਖਿਆ ਲੈ ਕੇ, ਮੀਰਾ ਬਾਈ ਬਹੁਤ ਖੁਸ਼ ਹੋਈ ਤੇ ਪਰਮਾਤਮਾ ਦੀ ਭਜਨ-ਬੰਦਗੀ ’ਚ ਲੀਨ ਰਹਿਣ ਲੱਗ ਪਈ।
ਕੁੱਝ ਸਮਾਂ ਬਨਾਰਸ ਵਿਖੇ ਰੁਕਣ ਤੋਂ ਬਾਅਦ, ਮੀਰਾ ਬਾਈ ਨੇ ਭਗਤ ਰਵਿਦਾਸ ਜੀ ਨੂੰ ਚਿਤੌੜਗੜ੍ਹ ਚੱਲਣ ਲਈ ਬੇਨਤੀ ਕੀਤੀ। ਭਗਤ ਰਵਿਦਾਸ ਜੀ ਨੇ ਮੀਰਾ ਬਾਈ ਦੇ ਪਿਆਰ, ਸਤਿਕਾਰ ਤੇ ਸ਼ਰਧਾ ਨੂੰ ਦੇਖਦੇ ਹੋਏ, ਚਿਤੌੜਗੜ੍ਹ ਜਾਣ ਲਈ ‘ਹਾਂ’ ਕਰ ਦਿੱਤੀ। ਭਗਤ ਰਵਿਦਾਸ ਜੀ ਤੇ ਹੋਰ ਸਤਿਸੰਗੀ, ਬਨਾਰਸ ਤੋਂ ਚੱਲ ਕੇ ਚਿਤੌੜਗੜ੍ਹ ਪਹੁੰਚ ਗਏ। ਚਿਤੌੜਗੜ੍ਹ ਪਹੁੰਚ ਕੇ, ਭਗਤ ਰਵਿਦਾਸ ਜੀ ਨੇ ਸਭ ਸਤਿਸੰਗੀਆਂ ਨੂੰ ਪਰਮਾਤਮਾ ਦੀ ਭਜਨ-ਬੰਦਗੀ ਕਰਨ ਦੀ ਪ੍ਰੇਰਣਾ ਕੀਤੀ।
ਅੰਤਿਮ ਸਮਾਂ:
ਭਗਤ ਰਵਿਦਾਸ ਜੀ ਬਹੁਤ ਬਿਰਧ ਹੋ ਗਏ ਸਨ, ਆਪ ਜੀ ਦਾ ਅੰਤਿਮ ਸਮਾਂ ਨਜ਼ਦੀਕ ਆ ਗਿਆ ਸੀ। ਭਗਤ ਰਵਿਦਾਸ ਜੀ ਦੇ ਅੰਤਿਮ ਸਮੇਂ ਬਾਰੇ ਵੱਖ-ਵੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਦੀ ਵੱਖ-ਵੱਖ ਰਾਇ ਹੈ। ਬਹੁਤੇ ਇਤਿਹਾਸਕਾਰਾਂ ਤੇ ਵਿਦਵਾਨਾਂ ਅਨੁਸਾਰ, ਭਗਤ ਰਵਿਦਾਸ ਜੀ ਆਪਣੇ ਅੰਤਿਮ ਸਮੇਂ, ਚਿਤੌੜਗੜ੍ਹ ਤੋਂ ਚੱਲ ਕੇ, ਵਾਪਸ ਬਨਾਰਸ ਆ ਗਏ ਅਤੇ ਇਥੇ ਹੀ, ਭਗਤ ਰਵਿਦਾਸ ਜੀ ਨੇ ਕੁੱਲ 151 ਸਾਲ ਦੀ ਦੁਨੀਆਵੀ ਉਮਰ ਭੋਗ ਕੇ, ਸੰਨ 1527 ਈ. (ਸੰਮਤ 1584) ’ਚ ਹਾੜ ਦੀ ਸੰਗਰਾਂਦ ਵਾਲੇ ਦਿਨ, ਆਪਣੇ ਸੁਆਸ ਤਿਆਗ ਦਿੱਤੇ। ਕੁੱਝ ਕੁ ਇਤਿਹਾਸਕਾਰ ਤੇ ਵਿਦਵਾਨ, ਹੇਠ ਲਿਖੀਆਂ ਪੰਕਤੀਆਂ ਦਾ ਹਵਾਲਾ ਦੇ ਕੇ, ਇਹ ਲਿਖਦੇ ਹਨ ਕਿ ਭਗਤ ਰਵਿਦਾਸ ਜੀ ਚਿਤੌੜਗੜ੍ਹ ਤੋਂ ਵਾਪਸ ਨਹੀਂ ਆਏ ਤੇ ਆਪ ਜੀ ਨੇ ਚਿਤੌੜਗੜ੍ਹ ਵਿਖੇ ਰਹਿੰਦਿਆਂ ਹੋਇਆਂ ਹੀ, ਆਪਣੇ ਸੁਆਸ ਤਿਆਗ ਦਿੱਤੇ।
ਪੰਦਰਹ ਸੌ ਚਉਅੱਸੀ, ਚੀਤੌਰੇ ਭਈ ਭੀਰ।
ਜਰ ਜਰ ਦੇਹ ਕੰਚਨ ਭਈ, ਰਵਿ ਰਵਿ ਮਿਲਿਓ ਸਰੀਰ।