ਨੈਸ਼ਨਲ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਦੇ ਮੁਕਾਬਲੇ ਸ਼ੁਰੂ, ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਕੀਤਾ ਉਦਘਾਟਨ

  • ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਖ਼ਿਡਾਰੀਆਂ ਨੂੰ ਦਿੱਤੀਆਂ ਸੁਭਕਾਮਨਾਵਾਂ
  • ਏਸ਼ੀਅਨ ਗੇਮਜ਼ ਮੈਡਲਿਸਟ ਰਿਤੂ ਰਾਣੀ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ
  • ਸੁਸਾਇਟੀ ਫਾਰ ਸਪੋਰਟਸਪਰਸਨ ਵੈਲਫੇਅਰ ਨੇ ਅਹਿਮ ਭੂਮਿਕਾ ਨਿਭਾਈ

ਪਟਿਆਲਾ, 26 ਅਪ੍ਰੈਲ : ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ, ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸਾਂਝੇ ਉੱਦਮ ਨਾਲ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ( ਐੱਨ.ਆਈ.ਐਸ.) ਪਟਿਆਲਾ ਦੇ ਸਾਈਕਲਿੰਗ ਵੈਲੋਡਰੰਮ ਵਿੱਚ ਨੈਸ਼ਨਲ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਲੀਗ ਦਾ ਉਦਘਾਟਨ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਸਾਈਕਲਿੰਗ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਕਾਹਲੋਂ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਲੀਗ ਕੋਆਰਡੀਨੇਟਰ ਨੀਰਜ ਤੰਵਰ ਨੇ ਕੀਤਾ। ਇਸ ਮੌਕੇ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਦੇ ਮੁਕਾਬਲੇ, ਜੋ ਪੰਜਾਬ ਵਿੱਚ ਪਹਿਲੀ ਵਾਰ ਹੋ ਰਹੇ ਹਨ, ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੀਗ ਮੁਕਾਬਲਿਆਂ ਨਾਲ  ਲੜਕੀਆਂ ਨੂੰ ਸਾਈਕਲਿੰਗ ਖੇਡ ਨਾਲ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦੇ ਸਾਰਥਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਆਪਣੇ ਸੰਦੇਸ਼ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ ਤੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਦੇਸ਼ ਵਿੱਚ ਟੈਲੰਟ ਦੀ ਕੋਈ ਕਮੀ ਨਹੀਂ ਹੈ, ਲੋੜ ਹੈ ਹੁਨਰ ਨੂੰ ਪਛਾਣ ਕੇ ਸਹੀ ਦਿਸ਼ਾ ਦੇਣ ਦੀ। ਉਹਨਾਂ ਕਿਹਾ ਕਿ ਅੱਜ ਲੜਕੀਆਂ ਕਿਸੇ ਗੱਲੋਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਉਪਲਿੰਕ ਖੇਡਾਂ ਵਿੱਚ ਅੱਜ ਭਾਰਤ ਲਈ ਸਭ ਤੋਂ ਵੱਧ ਤਗਮੇ ਮਹਿਲਾਵਾਂ ਜਿੱਤ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸਾਈਕਲਿੰਗ ਖੇਡ ਵਿੱਚ ਵੀ ਮਹਿਲਾਵਾਂ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ। ਏਸ਼ੀਅਨ ਗੇਮਜ਼ ਮੈਡਲਿਸਟ ਰਿਤੂ ਰਾਣੀ ਨੇ ਕਿਹਾ ਕਿ ਖੇਡ ਨਾਲ ਜਿੱਥੇ ਖਿਡਾਰੀ ਸਰੀਰਕ ਤੌਰ 'ਤੇ ਫਿੱਟ ਹੰਦਾ ਹੈ, ਉਥੇ ਸਮਾਜ ਵਿੱਚ ਵੀ ਉਸਦੀ ਵੱਖਰੀ ਪਛਾਣ ਮਿਲਦੀ ਹੈ। ਖਿਡਾਰੀ ਜਿੱਥੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਰਦੇ ਹਨ, ਓਥੇ ਹਰ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਉਹਨਾਂ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਅੱਜ ਹੋਏ ਮੁਕਾਬਲਿਆਂ ਤਹਿਤ 500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਸੀਨਿਅਰ ਵਰਗ) ਵਿੱਚ ਕਿਰਤੀ ਰੰਗਾਂ ਸੁਆਮੀ (ਕਰਨਾਟਕਾ) ਨੇ 41.015 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ, ਆਰਤੀ (ਉਤਰਾਖੰਡ)  ਨੇ 43.479 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਤੇ ਮੁਕੁਲ (ਹਰਿਆਣਾ) ਨੇ 44.301 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ। 500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਜੂਨੀਅਰ ਵਰਗ) ਵਿੱਚ ਜੇਸ੍ਰੀਮਤੀ (ਤਾਮਿਲਨਾਡੂ) ਨੇ 39.943 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ, ਦੀਵੀਨਾ ਜੋਆਏ (ਕੇਰਲਾ)  ਨੇ 43.243 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਤੇ ਪੁਸ਼ਪਾ ਕੁਮਾਰੀ (ਪਟਿਆਲਾ ) ਨੇ 44.362 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ। 500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਸਬ ਜੂਨੀਅਰ ਵਰਗ) ਵਿੱਚ ਹਰਸ਼ੀਤਾ ਜਾਖੜ (ਐਨ.ਆਈ.ਐਸ ਪਟਿਆਲਾ) ਨੇ 40.161ਸੈਕਿੰਡ  ਦਾ ਸਮਾਂ ਲੈ ਕੇ ਸੋਨ , ਸਰੀਤਾ ਕੁਮਾਰੀ  (ਐਨ.ਆਈ.ਐਸ ਪਟਿਆਲਾ) ਨੇ 40.682 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤੇ ਧੰਨਯਦਾ ਜੇ ਪੀ (ਤਾਮਿਲਨਾਡੂ) ਨੇ 41.719 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ। ਇਹ ਲੀਗ ਕਰਵਾਉਣ ਵਿਚ ਸੁਸਾਇਟੀ ਫਾਰ ਸਪੋਰਟਸਪਰਸਨ ਵੈਲਫੇਅਰ ਨੇ ਅਹਿਮ ਭੂਮਿਕਾ ਨਿਭਾਈ ਗਈ ਹੈ।  ਇਸ ਮੌਕੇ ਸੀਨੀਅਰ ਈ ਡੀ ਕਰਨਲ ਰਾਜ ਸਿੰਘ ਬਿਸ਼ਨੋਈ, ਗੁਰਜੀਤ ਸਿੰਘ ਰੋਮਾਣਾ ਸਾਬਕਾ ਡੀ.ਐਸ.ਪੀ ਪੰਜਾਬ ਪੁਲਿਸ, ਜੋਗਿੰਦਰ ਸਿੰਘ , ਸਤਿੰਦਰਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕਮਲਪ੍ਰੀਤ ਸ਼ਰਮਾ, ਜ਼ਿਲ੍ਹਾ ਖੇਡ ਅਫਸਰ ਸ਼ਾਸ਼ਵਤ ਰਾਜਦਾਨ,ਸੁਸਾਇਟੀ ਫਾਰ ਸਪੋਰਟਸ ਪਰਸਨ ਵੈਲਫੇਅਰ ਦੇ ਕੈਸ਼ੀਅਰ ਅਤੇ ਅੰਤਰਾਸ਼ਟਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਹਰਜੀਤ ਸਿੰਘ ਚਮਾਰਹੇੜੀ, ਬਲਿਹਾਰ ਸਿੰਘ ਚੀਮਾ, ਲੱਕੀ ਦੌਣ, ਅਮਨਦੀਪ ਸਿੰਘ ਕੋਚ, ਪੂਨਮ ਬਾਲਾ ਸਪੋਰਟਸ ਅਥਾਰਟੀ ਆਫ ਇੰਡਿਆ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।