ਸਰਬਸੰਮਤੀ ਨਾਲ ਭਾਰਤੀ ਓਲੰਪਿਕ ਸੰਘ ਦੇ ਐਥਲੀਟ ਕਮਿਸ਼ਨ ਦੀ ਮੈਰੀਕਾਮ ਨੂੰ ਚੁਣਿਆ ਪ੍ਰਧਾਨ

ਨਵੀਂ ਦਿੱਲੀ (ਏਐੱਨਆਈ) : ਓਲੰਪਿਕ ਮੈਡਲ ਜੇਤੂ ਮੁੱਕੇਬਾਜ਼ ਐੱਮਸੀ ਮੈਰੀਕਾਮ ਨੂੰ ਸਰਬਸੰਮਤੀ ਨਾਲ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਐਥਲੀਟ ਕਮਿਸ਼ਨ ਦੀ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੂੰ ਕਮਿਸ਼ਨ ਦਾ ਉੱਪ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੈਰੀਕਾਮ, ਪੀਵੀ ਸਿੰਧੂ ਤੇ ਸ਼ਰਤ ਸਮੇਤ 10 ਪ੍ਰਸਿੱਧ ਖਿਡਾਰੀਆਂ ਨੂੰ ਆਈਓਏ ਐਥਲੀਟ ਕਮਿਸ਼ਨ ਦੇ ਮੈਂਬਰ ਦੇ ਰੂਪ ਵਿਚ ਬਿਨਾਂ ਵਿਰੋਧ ਚੁਣਿਆ ਗਿਆ ਸੀ। ਕਮਿਸ਼ਨ ਦੇ ਪ੍ਰਧਾਨ ਤੇ ਉੱਪ ਪ੍ਰਧਾਨ ਅਹੁਦੇ ਦੀ ਚੋਣ ਇਹ ਚੁਣੇ ਹੋਏ ਮੈਂਬਰ ਆਪਣੇ ਵਿਚੋਂ ਹੀ ਕਰਦੇ ਹਨ। ਇਨ੍ਹਾਂ ਲੋਕਾਂ ਨੇ ਅੱਠ ਉੱਚ ਯੋਗਤਾ ਵਾਲੇ ਖਿਡਾਰੀ (ਐੱਸਓਐੱਮ) ਦੀ ਚੋਣ ਕਰਨੀ ਹੈ। ਐਥਲੀਟ ਕਮਿਸ਼ਨ ਦੇ ਪ੍ਰਧਾਨ ਤੇ ਉੱਪ ਪ੍ਰਧਾਨ ਦੇ ਨਾਲ ਐੱਸਓਐੱਮ 10 ਦਸੰਬਰ ਨੂੰ ਹੋਣ ਵਾਲੀਆਂ ਆਈਓਏ ਪ੍ਰਧਾਨ ਦੀਆਂ ਚੋਣਾਂ ਲਈ ਚੋਣ ਮੰਡਲ ਦਾ ਗਠਨ ਕਰਨਗੇ।