ਆਸਟ੍ਰੇਲੀਆਂ ਨੂੰ ਪਹਿਲੇ ਟੈਸਟ ਮੈਚ 'ਚ ਹਰਾ ਕੇ ਭਾਰਤ ਨੇ ਦਰਜ ਕੀਤੀ ਜਿੱਤ

ਨਾਗਪੁਰ, 11 ਫਰਵਰੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਇੱਕ ਪਾਰੀ ਅਤੇ 132 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਆਸਟ੍ਰੇਲੀਆ ਤੋਂ 223 ਦੌੜਾਂ ਦੀ ਲੀਡ ਲੈ ਲਈ ਸੀ। ਆਸਟ੍ਰੇਲੀਆ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ 'ਚ 32.3 ਓਵਰਾਂ 'ਚ 91 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਆਰ ਅਸ਼ਵਿਨ ਨੇ ਪੰਜ ਵਿਕਟਾਂ ਲਈਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 177 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 'ਚ 400 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ 223 ਦੌੜਾਂ ਦੀ ਲੀਡ ਲੈਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ | ਦੂਜੀ ਪਾਰੀ 'ਚ ਆਸਟ੍ਰੇਲੀਆ ਦੀ ਓਪਨਿੰਗ ਜੋੜੀ ਉਸਮਾਨ ਖਵਾਜਾ ਅਤੇ ਡੇਵਿਡ ਵਾਰਨਰ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਪਹਿਲੀ ਪਾਰੀ ਵਾਂਗ ਦੂਜੀ ਪਾਰੀ ਦੀ ਸ਼ੁਰੂਆਤ ਵੀ ਖਰਾਬ ਰਹੀ। ਉਸਮਾਨ ਖਵਾਜਾ ਨੂੰ ਆਰ ਅਸ਼ਵਿਨ ਨੇ ਆਪਣੀ ਹੀ ਗੇਂਦ 'ਤੇ ਕੈਚ ਕਰਵਾਇਆ। 

ਅਸ਼ਵਿਨ ਦੇ ਪੰਜਾਂ 'ਚ ਫਸਿਆ ਆਸਟ੍ਰੇਲੀਆਈ ਬੱਲੇਬਾਜ਼
ਖਵਾਜਾ ਦੇ ਆਊਟ ਹੋਣ ਤੋਂ ਬਾਅਦ ਮਾਰਨਸ ਲਾਬੂਸ਼ੇਨ ਕ੍ਰੀਜ਼ 'ਤੇ ਆਏ। ਉਸ ਨੇ ਦੂਜੀ ਵਿਕਟ ਲਈ 21 ਦੌੜਾਂ ਜੋੜੀਆਂ, ਪਰ ਲਾਬੂਸ਼ੇਨ ਨੂੰ ਰਵਿੰਦਰ ਜਡੇਜਾ ਨੇ ਆਪਣੀ ਸਪਿਨ ਵਿਚ ਫਸਾ ਕੇ ਐਲਬੀਡਬਲਿਊ ਆਊਟ ਕਰ ਦਿੱਤਾ। ਅਸ਼ਵਿਨ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ 'ਚ 5 ਵਿਕਟਾਂ ਲਈਆਂ। ਇਸ ਵਿੱਚ ਉਸਮਾਨ ਖਵਾਜਾ (5), ਡੇਵਿਡ ਵਾਰਨਰ (10), ਮੈਟ ਰੇਨਸ਼ਾਅ (2), ਪੀਟਰ ਹੈਂਡਸਕੌਮ (6) ਅਤੇ ਐਲੇਕਸ ਕੈਰੀ (10) ਦੀਆਂ ਵਿਕਟਾਂ ਸ਼ਾਮਲ ਹਨ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ। ਇਸ ਵਿੱਚ ਮਾਰਨਸ ਲਾਬੂਸ਼ੇਨ (17) ਅਤੇ ਪੈਟ ਕਮਿੰਸ ਦੇ ਵਿਕਟ ਵੀ ਸ਼ਾਮਲ ਹਨ। ਸ਼ਮੀ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੇ ਇੱਕ ਵਿਕਟ ਲਈ। ਪਟੇਲ ਨੇ ਟੌਡ ਮਰਫੀ ਨੂੰ 2 ਦੌੜਾਂ 'ਤੇ ਆਊਟ ਕੀਤਾ।

ਅਕਸ਼ਰ ਅਤੇ ਜਡੇਜਾ ਨੇ ਅਹਿਮ ਸਾਂਝੇਦਾਰੀ ਕੀਤੀ
ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ ਵਿੱਚ ਭਾਰਤ ਨੇ 321 ਦੌੜਾਂ ਦੀ ਬੜ੍ਹਤ ਨਾਲ ਸ਼ੁਰੂਆਤ ਕੀਤੀ। ਜਡੇਜਾ ਆਪਣੇ ਸਕੋਰ ਨੂੰ 4 ਦੌੜਾਂ ਤੱਕ ਵਧਾਉਣ 'ਚ ਕਾਮਯਾਬ ਰਹੇ। ਉਹ 70 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਹਾਲਾਂਕਿ ਅਕਸ਼ਰ ਨੇ ਆਪਣੇ ਸਕੋਰ 'ਚ 32 ਦੌੜਾਂ ਜੋੜੀਆਂ। ਅਕਸ਼ਰ ਨੇ ਆਊਟ ਹੋਣ ਤੋਂ ਪਹਿਲਾਂ 84 ਦੌੜਾਂ ਬਣਾਈਆਂ। ਉਸ ਨੂੰ ਪੈਟ ਕਮਿੰਸ ਨੇ ਆਪਣਾ ਸ਼ਿਕਾਰ ਬਣਾਇਆ। ਸ਼ਮੀ ਨੇ 37 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਦਾ ਸਕੋਰ 400 ਤੱਕ ਪਹੁੰਚ ਗਿਆ।