ਛੋਟੇ ਭਰਾ ਨੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਹੁਸ਼ਿਆਰਪੁਰ, 13 ਮਾਰਚ : ਹੁਸ਼ਿਆਰਪੁਰ ‘ਚ ਇਕ ਛੋਟੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਛੋਟਾ ਭਰਾ ਨਸ਼ੇ ਦਾ ਆਦੀ ਸੀ ਅਤੇ ਕੰਮ ਜਾਂ ਕਾਰੋਬਾਰ ਨਹੀਂ ਕਰਦਾ ਸੀ, ਇਸ ਲਈ ਉਹ ਅਕਸਰ ਲੜਦਾ ਰਹਿੰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਡੀਐਸਪੀ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਗੜ੍ਹਦੀਵਾਲਾ ਨੇੜਲੇ ਪਿੰਡ ਰਾਮਦਾਸਪੁਰ ਦੇ ਰਹਿਣ ਵਾਲੇ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਮੰਗਲਵਾਰ ਦੇਰ ਰਾਤ ਕਤਲ ਕਰ ਦਿੱਤਾ ਗਿਆ। ਇਹ ਕਤਲ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਨੇ ਕੀਤਾ ਸੀ। ਘਟਨਾ ਦੇ ਸਮੇਂ ਘਰ ‘ਚ ਸਿਰਫ ਉਸ ਦੀ ਦਾਦੀ ਹੀ ਸੀ, ਜੋ ਸੌਂ ਰਹੀ ਸੀ। ਡੀਐਸਪੀ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਲੋਕਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਲੋਕਾਂ ਨੇ ਦੱਸਿਆ ਹੈ ਕਿ ਮਨਪ੍ਰੀਤ ਨਸ਼ੇ ਦਾ ਆਦੀ ਸੀ। ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਭਰਾ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।