ਬਾਬਾ ਬਕਾਲਾ ਸਾਹਿਬ ਵਿੱਚ ਔਰਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ 

ਬਾਬਾ ਬਕਾਲਾ ਸਾਹਿਬ, 11 ਨਵੰਬਰ : ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਵਿੱਚ ਪਿੰਡ ਦੇ ਹੀ ਇੱਕ ਨੌਜਵਾਨ ਵਲੋਂ ਪਿੰਡ ਦੀ ਔਰਤ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਘਟਨਾ ਦੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਔਰਤ ਪਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਪਿੰਡ ਸਠਿਆਲਾ ਨੂੰ ਪਿੰਡ ਦੇ ਨੌਜਵਾਨ ਵਲੋਂ ਉਸਦੇ ਘਰ ਵਿੱਚ ਵੜ ਕੇ ਗੋਲੀਆਂ ਮਾਰੀਆਂ ਗਈਆਂ। ਜਿਸ ਨੂੰ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਨੌਜਵਾਨ ਵਲੋਂ ਮ੍ਰਿਤਿਕ ਔਰਤ ਨੂੰ ਉਸਦੀ ਲੜਕੀ ਦਾ ਰਿਸ਼ਤਾ ਕਰਨ ਲਈ ਕਿਹਾ ਜਾ ਰਿਹਾ ਸੀ, ਜਿਸ ਤੋਂ ਔਰਤ ਵਲੋਂ ਇਨਕਾਰੀ ਕਰਨ ਤੇ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋਸ਼ੀ ਨੌਜਵਾਨ ਖਿਲਾਫ ਕਤਲ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।