ਸਾਡਾ ਰਾਜਨੀਤੀ ਜਾਂ ਰਾਜਨੀਤਿਕ ਪਾਰਟੀਆਂ ਨਾਲ ਕੋਈ ਲੈਣਾ-ਦੇਣਾ ਨਹੀਂ: ਕਿਸਾਨ ਆਗੂ ਡੱਲੇਵਾਲ

ਚੰਡੀਗੜ, 17 ਫਰਵਰੀ : ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਹੋਵਗੀ, ਇਸ ਬੈਠਕ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ, ਇਸਤੋਂ ਪਹਿਲਾਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ‘ਇਹ ਸਾਡੀਆਂ ਮੰਗਾਂ ਨਹੀਂ ਹਨ, ਇਹ ਕੇਂਦਰ ਸਰਕਾਰ ਦੇ ਵਾਅਦੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਕਹਿ ਰਹੇ ਹਾਂ। ਜੇਕਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਸਾਨੂੰ ਦਿੱਲੀ ਜਾਣ ਦੀ ਕੀ ਲੋੜ ਸੀ? ਡੱਲੇਵਾਲ ਨੇ ਇਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ “ਸਰਕਾਰ ਨੇ ਕਿਸਾਨਾਂ ਨੂੰ ਮਜ਼ਬੂਰ ਕੀਤਾ, ਪਤਾ ਨਹੀਂ ਸਰਕਾਰ ਦੀ ਮਨਸ਼ਾ ਕੀ ਹੈ।” ਅਸੀਂ ਕਿਸਾਨਾਂ ਦੀ ਕਰਜ਼ਾ ਮੁਕਤੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਅਤੇ ਭੂਮੀ ਗ੍ਰਹਿਣ ਕਾਨੂੰਨ 2013 ਨੂੰ ਲਾਗੂ ਕਰਨ ਅਤੇ ਹੋਰ ਮੰਗਾਂ ਲਈ ਲੜ ਰਹੇ ਹਾਂ। ਡੱਲੇਵਾਲ ਦਾ ਕਹਿਣਾ ਹੈ ਕਿ ਅਸੀਂ ਗੈਰ-ਸਿਆਸੀ ਹਾਂ, ਸਾਡਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਨਾ ਕਿਸੇ ਨੂੰ ਹਰਾਉਣ ਲਈ ਵਿਰੋਧ ਕਰਦੇ ਹਾਂ ਅਤੇ ਨਾ ਹੀ ਕਿਸੇ ਨੂੰ ਜਿਤਾਉਣ ਲਈ। ਸਾਡਾ ਮੁੱਦਿਆਂ ਨੂੰ ਲੈ ਕੇ ਅੰਦੋਲਨ ਹੁੰਦਾ ਹੈ। ਅਸੀਂ ਇੱਕ ਸਾਲ ਪਹਿਲਾਂ ਤੋਂ ਸਰਕਾਰ ਨੂੰ ਮੰਗ ਪੱਤਰ ਸੌਂਪ ਰਹੇ ਹਾਂ, ਜੇਕਰ ਸਰਕਾਰ ਨੇ ਨੋਟਿਸ ਲਿਆ ਹੁੰਦਾ ਤਾਂ ਅਸੀਂ ਅੰਦੋਲਨ ਕਿਉਂ ਕਰਦੇ ? ਡੱਲੇਵਾਲ ਨੇ ਕਿਹਾ ਕਿ ”18 ਫਰਵਰੀ ਨੂੰ ਕੇਂਦਰੀ ਮੰਤਰੀਆਂ ਨਾਲ ਬੈਠਕ ਹੈ। ਅਸੀਂ ਕਦੇ ਵੀ ਨਾਉਮੀਦ ਨਹੀਂ ਹੋਏ, ਹਮੇਸ਼ਾ ਉਮੀਦ ਰਹੇਗੀ। ਜੇਕਰ ਅਸੀਂ ਲੜਾਈ ਲੜ ਰਹੇ ਹਾਂ ਤਾਂ ਅਸੀਂ ਸਰਕਾਰ ਨਾਲ ਗੱਲ ਕਰਨ ਆਏ ਹਾਂ। ਜੇਕਰ ਸਰਕਾਰ ਸਾਡੇ ਨਾਲ ਗੱਲ ਕਰਦੀ ਹੈ ਤਾਂ ਅਸੀਂ ਇਹ ਕਿਉਂ ਕਹੀਏ ਕਿ ਸਾਨੂੰ ਕੋਈ ਹੱਲ ਕੱਢਣ ਦੀ ਉਮੀਦ ਨਹੀਂ ਹੈ। ਇਹ ਚੀਜ਼ਾਂ ਕਦੋਂ ਦੇਣੀਆਂ ਹਨ ਇਹ ਸਰਕਾਰ ਦੀ ਚੋਣ ਹੈ।