ਦੋ ਮਹੀਨਿਆਂ ਵਿੱਚ 347193 ਲੋਕਾਂ ਦਾ ਇਲਾਜ ਅਤੇ 45576 ਲੋਕਾਂ ਦੇ ਟੈਸਟ ਕੀਤੇ ਗਏ 

ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਦੇ ਦਰਵਾਜ਼ਿਆਂ 'ਤੇ ਮਿਆਰੀ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ 'ਆਮ ਆਦਮੀ ਕਲੀਨਿਕਾਂ' ਨੂੰ ਦੋ ਮਹੀਨੇ ਪੂਰੇ ਹੋ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਕਲੀਨਿਕ ਸਥਾਪਤ ਕਰਨ ਲਈ 'ਆਪ' ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਉਠਾ ਰਹੀਆਂ ਹਨ, ਪਰ ਅਸਲੀਅਤ ਇਹ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਇਨ੍ਹਾਂ ਕਲੀਨਿਕਾਂ ਵਿੱਚ 347193 ਲੋਕਾਂ ਨੇ ਆਪਣਾ ਇਲਾਜ ਕਰਵਾਇਆ ਅਤੇ 45576 ਲੋਕਾਂ ਦੇ ਲੋੜੀਂਦੇ ਟੈਸਟ ਆਮ ਆਦਮੀ ਕਲੀਨਿਕਾਂ ਵਿੱਚ ਹੋਏ। ਸਰਕਾਰ ਨੇ 15 ਅਗਸਤ ਨੂੰ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 100 ਆਮ ਆਦਮੀ ਕਲੀਨਿਕ ਪੰਜਾਬ ਨੂੰ ਸਮਰਪਿਤ ਕੀਤੇ ਸਨ।  ਇਨ੍ਹਾਂ ਵਿੱਚੋਂ 65 ਸ਼ਹਿਰੀ ਅਤੇ 35 ਪੇਂਡੂ ਖੇਤਰਾਂ ਵਿੱਚ ਬਣਾਏ ਗਏ ਸਨ।  ਇਨ੍ਹਾਂ ਕਲੀਨਿਕਾਂ ਵਿੱਚ ਕੁੱਲ 94 ਕਿਸਮਾਂ ਦੀਆਂ ਦਵਾਈਆਂ ਅਤੇ 41 ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਆਮ ਆਦਮੀ ਕਲੀਨਿਕ ਦੀ ਸਫਲਤਾ ਤੋਂ ਖੁਸ਼ ਹੋ ਕੇ ਮਾਨ ਸਰਕਾਰ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ।  ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਾਰੇ ਸੀਐਚਸੀ (ਕਮਿਊਨਿਟੀ ਹੈਲਥ ਸੈਂਟਰਾਂ) ਅਤੇ ਪੀਐਚਸੀ (ਪ੍ਰਾਇਮਰੀ ਹੈਲਥ ਸੈਂਟਰਾਂ) ਨੂੰ ਆਮ ਆਦਮੀ ਕਲੀਨਿਕਾਂ ਦੀ ਤਰਜ਼ 'ਤੇ ਵਿਕਸਤ ਕੀਤਾ ਜਾਵੇਗਾ। ਹੁਣ ਇੱਥੇ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਟੈਸਟਿੰਗ ਸੁਵਿਧਾਵਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਸਦਕਾ ਡੇਂਗੂ ਅਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਾਫੀ ਕਮੀ ਆਈ ਹੈ। ਇਹ ਗਿਣਤੀ ਪਿਛਲੇ ਸਾਲ ਦੇ 23,500 ਕੇਸਾਂ ਤੋਂ ਘੱਟ ਕੇ ਇਸ ਵਾਰ ਸਿਰਫ਼ 3,446 ਰਹਿ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਹ ਕਮੀ ਮਾਨ ਸਰਕਾਰ ਦੀ ਡਰਾਈ-ਡੇਅ ਦੀ ਅਪੀਲ ਕਾਰਨ ਆਈ ਹੈ। ਪੰਜਾਬ ਦੇ 10 ਜ਼ਿਲ੍ਹੇ ਹੁਣ ਡੇਂਗੂ ਮੁਕਤ ਹੋ ਗਏ ਹਨ। ਸਾਡਾ ਟੀਚਾ 2024 ਤੱਕ ਪੰਜਾਬ ਨੂੰ ਡੇਂਗੂ ਮੁਕਤ ਸੂਬਾ ਬਣਾਉਣਾ ਹੈ। ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਪੀਲੀਆ ਦੇ ਇਲਾਜ ਲਈ ਕੇਂਦਰਾਂ ਦੀ ਗਿਣਤੀ 68 ਤੋਂ ਵਧਾ ਕੇ 140 ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ 2030 ਤੱਕ ਸੂਬੇ ਨੂੰ ਕਾਲੇ ਪੀਲੀਏ ਤੋਂ ਮੁਕਤ ਕਰਨ ਦਾ ਟੀਚਾ ਮਿੱਥਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਐੱਮ ਐੱਮ ਆਰ (ਮਟਰਨਲ ਮੋਰਟੈਲਟੀ ਦਰ) ਵਿੱਚ ਵੀ ਸੁਧਾਰ ਆਇਆ ਹੈ ਅਤੇ 'ਆਪ' ਸਰਕਾਰ ਇਸੇ ਤਰ੍ਹਾਂ ਸਿਹਤ ਖੇਤਰ ਦੀਆਂ ਕਮੀਆਂ ਦੂਰ ਕਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।