26 ਫਰਵਰੀ ਨੂੰ ਕਰੇਗਾ ਟਰੈਕਟਰ ਮਾਰਚ, 14 ਮਾਰਚ ਨੂੰ ਹੋਵੇਗੀ ਰਾਮਲੀਲਾ ਮੈਦਾਨ 'ਚ ਮਹਾਂਰੈਲੀ : ਸੰਯੁਕਤ ਕਿਸਾਨ ਮੋਰਚਾ 

  • ਸੰਯੁਕਤ ਕਿਸਾਨ ਮੋਰਚਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆਲ ਇੰਡੀਆ ਮੈਗਾ ਪ੍ਰੋਗਰਾਮਾਂ ਦਾ ਐਲਾਨ
  • ਕਿਸਾਨ ਯੂਨੀਅਨਾਂ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਤੱਕ ਟਰੈਕਟਰ ਮਾਰਚ ਅਤੇ ਮਹਾਪੰਚਾਇਤ ਕਰਨਗੀਆਂ

ਚੰਡੀਗੜ੍ਹ, 22 ਫਰਵਰੀ : ਪੰਜਾਬ-ਹਰਿਆਣਾ ਸਰਹੱਦਾਂ 'ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਵੀਰਵਾਰ ਨੂੰ ਇੱਥੇ ਕਿਸਾਨ ਭਵਨ ਵਿਖੇ ਵੱਖ-ਵੱਖ ਸੂਬਿਆਂ ਦੇ ਕਈ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ 23 ਫਰਵਰੀ ਨੂੰ ਸਾਰੀਆਂ ਕਿਸਾਨ ਯੂਨੀਅਨਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਪੁਤਲੇ ਫੂਕਣਗੀਆਂ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ਕਈ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। 14 ਮਾਰਚ ਨੂੰ ਨਵੀਂ ਦਿੱਲੀ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਮਹਾਂਪੰਚਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਜਿਨ੍ਹਾਂ ਕਿਸਾਨਾਂ ਦੇ ਟਰੈਕਟਰ ਨੁਕਸਾਨੇ ਗਏ ਹਨ, ਉਨ੍ਹਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ। ਉਨ੍ਹਾਂ ਖਨੌਰੀ ਸਰਹੱਦ ਵਿਖੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ। ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ 26 ਫਰਵਰੀ ਨੂੰ ਵਿਸ਼ਵ ਵਪਾਰ ਸੰਗਠਨ ਤੋਂ ਖੇਤੀਬਾੜੀ ਸੈਕਟਰ ਨੂੰ ਹਟਾਉਣ ਦੀ ਮੰਗ ਲਈ ਕਿਸਾਨਾਂ ਵੱਲੋਂ ਦਿੱਲੀ ਵੱਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਦੇਸ਼ ਵਿਆਪੀ ਟਰੈਕਟਰ ਮਾਰਚ ਹੋਵੇਗਾ ਅਤੇ ਰਾਜ ਅਤੇ ਰਾਸ਼ਟਰੀ ਰਾਜਮਾਰਗਾਂ ਤੋਂ ਲੰਘੇਗਾ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਯੁੱਧਵੀਰ ਸਿੰਘ, ਡਾ: ਦਰਸ਼ਨ ਪਾਲ ਆਦਿ ਹਾਜ਼ਰ ਸਨ। 

26 ਫਰਵਰੀ ਨੂੰ ਕਰੇਗਾ ਟਰੈਕਟਰ ਮਾਰਚ, 14 ਮਾਰਚ ਨੂੰ ਹੋਵੇਗੀ ਰਾਮਲੀਲਾ ਮੈਦਾਨ 'ਚ ਮਹਾਂਰੈਲੀ
ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਵੱਡਾ ਐਲਾਨ ਕਰਦਿਆਂ ਕਿਹਾ ਕਿ, 26 ਫਰਵਰੀ ਨੂੰ ਟਰੈਕਟਰ ਮਾਰਚ ਪੂਰੇ ਦੇਸ਼ ਦੇ ਅੰਦਰ ਕੀਤਾ ਜਾਵੇਗਾ। ਇਸ ਤੋਂ ਇਲਾਵਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿਚ ਮਹਾਂਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ, 26 ਫਰਵਰੀ ਨੂੰ ਇਕ ਪਾਸੇ ਦਾ ਹਾਈਵੇ ਖੁੱਲ੍ਹਾ ਰਹੇਗਾ ਅਤੇ ਇਸ ਦਿਨ ਡਬਲਯੂ ਟੀ ਓ ਦਾ ਪੁਤਲਾ ਫੂਕਿਆ ਜਾਵੇਗਾ। 

ਅਮਿਤ ਸ਼ਾਹ, ਖੱਟਰ ਤੇ ਅਨਿਲ ਵਿੱਜ ਅਸਤੀਫ਼ਾ ਦੇਣ : ਐਸਕੇਐਮ
ਐਸਕੇਐਮ ਨੇ ਪੀਸੀ ਕਰਦਿਆਂ ਮੰਗ ਕੀਤੀ ਕਿ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅਸਤੀਫ਼ਾ ਦੇਣ, ਕਿਉਂਕਿ ਇਨ੍ਹਾਂ ਨੇ ਕਿਸਾਨਾਂ ਖਿਲਾਫ਼ ਤਾਨਾਸ਼ਾਹ ਜੰਗ ਦਾ ਐਲਾਨ ਕੀਤਾ ਹੈ। ਐਸਕੇਐਮ ਨੇ ਮੰਗ ਕੀਤੀ ਕਿ, ਹਰਿਆਣਾ ਪੁਲਿਸ ਵਲੋਂ ਗੋਲੀ ਚਲਾਉਣ ਤੇ ਉਨ੍ਹਾਂ ਖਿਲਾਫ਼ 302 ਅਤੇ ਹਰਿਆਣਾ ਦੇ ਸੀਐਮ ਤੇ ਗ੍ਰਹਿ ਮੰਤਰੀ ਖਿਲਾਫ਼ ਮਾਮਲਾ ਦਰਜ ਹੋਵੇ। ਗੋਲੀ ਨਾਲ ਸ਼ਹੀਦ ਹੋਏ ਕਿਸਾਨ ਦੀ ਜੁਡਿਸ਼ਨਲ ਇੰਨਕੁਆਰੀ ਕਰਵਾਈ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਵਲੋਂ 1 ਕਰੋੜ ਰੁਪਏ ਮਾਲੀ ਸਹਾਇਤਾ ਦਿੱਤੀ ਜਾਵੇ। 

ਹਾਈਕੋਰਟ ਦੀ ਬਾਰ ਐਸੋਸੀਏਸ਼ਨ ਵੱਲੋਂ ਕੱਲ੍ਹ 23 ਤਰੀਕ ਦਾ ਕੰਮ ਸਸਪੈਂਡ  
ਨੌਜਵਾਨ ਕਿਸਾਨ ਦੀ ਮੌਤ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਵੱਲੋਂ ਕੱਲ੍ਹ 23 ਤਰੀਕ ਦਾ ਕੰਮ ਸਸਪੈਂਡ ਕਰ ਦਿੱਤਾ ਗਿਆ ਹੈ, ਪਰ ਉਥੇ ਹੀ ਦੂਜੇ ਪਾਸੇ ਹਰਿਆਣਾ ਦੇ ਐਡਵੋਕੇਟ ਜਨਰਲ ਵੱਲੋਂ ਇਸ ਕੰਮ ਨੂੰ ਮੁਅੱਤਲ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਹਿੱਸਾ ਨਹੀਂ ਲੈਣਗੇ ਕਿਉਂਕਿ ਇਹ ਮੁੱਦਾ ਵਕੀਲਾਂ ਨਾਲ ਸਬੰਧਤ ਨਹੀਂ ਹੈ। ਜਿਸ ਕਾਰਨ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਡਟ ਕੇ ਖੜ੍ਹੀ ਨਜ਼ਰ ਆ ਰਹੀ ਹੈ, ਉਥੇ ਹੀ ਉਹੀ ਵਕੀਲ ਵੀ ਆਹਮੋ-ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ।