ਲੁਧਿਆਣਾ 'ਚ ਵੱਖ ਵੱਖ ਸੜਕ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਮੌਤ

ਲੁਧਿਆਣਾ, 18 ਅਪ੍ਰੈਲ : ਲੁਧਿਆਣਾ 'ਚ ਵੱਖ ਵੱਖ ਸੜਕ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਡੇਹਲੋਂ ਦੇ ਇਲਾਕੇ ਵਿੱਚ ਇੱਕ ਸਾਈਕਲ ਸਵਾਰ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਫੇਟ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਇਲਾਜ ਲਈ ਸਿਵਲ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪਿੰਡ ਬੂਲ ਵਾਸੀ ਹਰਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੇ ਇਲਾਕੇ ਸੂਆ ਰੋਡ ਸਾਹਮਣੇ ਪੀਰਾਂ ਦੀ ਦਰਗਾਹ ਕੋਲ ਇੱਕ ਸਾਈਕਲ ਸਵਾਰ ਦੀ ਮੋਟਰਸਾਈਕਲ ਨਾਲ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦੀ ਸ਼ਨਾਖਤ ਅਨੀਸ਼ ਰਾਮ (27) ਵਾਸੀ ਮੱਕੜ ਕਲੋਨੀ ਵਜੋਂ ਕੀਤੀ ਗਈ ਹੈ। ਮ੍ਰਿਤਕ ਆਪਣੇ ਵਾਕਫਕਾਰ ਨਾਲ ਈਸਟਮੈਨ ਚੌਕ ਤੋਂ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਤਾਂ ਇੱਕ ਮੋਟਰਸਾਈਕਲ ਦੇ ਚਾਲਕ ਨੇ ਉਸ ਵਿੱਚ ਫੇਟ ਮਾਰੀ, ਜਿਸ ਨਾਲ ਦੋਹੇਂ ਜਣੇ ਸਾਈਕਲ ਤੋਂ ਹੇਠਾਂ ਡਿੱਗ ਗਏ ਤੇ ਨਾਲ ਹੀ ਇੱਕ ਤੇਜ਼ ਰਫਤਾਰੀ ਆਟੋ ਚਾਲਕ ਨੇ ਅਨੀਸ਼ ਰਾਮ ਨੂੰ ਫੇਟ ਮਾਰੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਜਾਂਦਿਆਂ ਰਸਤੇ ਵਿੱਚ ਉਸਦੀ ਮੌਤ ਹੋ ਗਈ। ਇੱਕ ਹੋਰ ਮਾਮਲੇ ਵਿੱਚ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਮੰਗਲੀ ਟਾਂਡਾ ਵਾਸੀ ਜਗਪਾਲ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਤਾਏ ਦਾ ਲੜਕਿਆਂ ਬਲਵੀਰ ਸਿੰਘ (55) ਅਤੇ ਮੇਜਰ ਸਿੰਘ (55) ਸਮੇਤ ਪਿੰਡ ਹਵਾਸ ਤੋਂ ਆਪਣੀਆਂ ਸਕੂਟਰੀਆਂ ’ਤੇ ਪਿੰਡ ਜਾ ਰਹੇ ਸੀ ਤਾਂ ਪਿੰਡ ਮੰਗਲੀ ਟਾਂਡਾ ਕੋਲ ਜਗਦੀਸ਼ ਸਿੰਘ ਵਾਸੀ ਪਿੰਡ ਲੁਹਾਰਾ ਜੋ ਆਪਣੀ ਕਾਰ ਤੇ ਸਵਾਰ ਹੋ ਕੇ ਤੇਜ਼ ਰਫਤਾਰ ਆ ਰਿਹਾ ਸੀ, ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਹੇਂ ਜਣੇ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ। ਮੇਜਰ ਸਿੰਘ ਨੂੰ ਸੁਖਮਨੀ ਹਸਪਤਾਲ ਮੰਗਲੀ ਟਾਂਡਾ ਵਿਖੇ ਦਾਖਲ ਕਰਾਇਆ ਗਿਆ ਜਦਕਿ ਬਲਵੀਰ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਮ੍ਰਿਤਕ ਕਰਾਰ ਦੇ ਦਿੱਤਾ।