ਹਰਿਮੰਦਰ ਸਾਹਿਬ ਨੇੜੇ 5 ਦਿਨਾਂ ਵਿੱਚ ਤੀਜਾ ਧਮਾਕਾ, ਪੁਲਿਸ ਵੱਲੋਂ ਧਮਾਕਿਆਂ ਦੇ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ

ਅੰਮ੍ਰਿਤਸਰ, 11 ਮਈ : ਹਰਿਮੰਦਰ ਸਾਹਿਬ ‘ਚ ਕਰੀਬ 6 ਦਿਨਾਂ ‘ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਰਾਤ 12.10 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਹੜਕੰਪ ਮੱਚ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਿਸ ਰਾਤ ਨੂੰ ਹੀ ਉਥੇ ਪਹੁੰਚ ਗਈ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਟੀਮਾਂ ਮੌਕੇ ਤੋਂ ਸੈਂਪਲ ਲੈ ਰਹੀਆਂ ਹਨ। 2 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਲੜਕਾ-ਲੜਕੀ ਸਰਾਏ ਦੇ ਕਮਰੇ ਨੰਬਰ 225 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਕੋਲੋਂ ਇਕ ਸ਼ੱਕੀ ਬੈਗ ਵੀ ਬਰਾਮਦ ਹੋਇਆ ਹੈ। ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ 6 ਅਤੇ 8 ਮਈ ਨੂੰ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ  ਧਮਾਕਾ ਹੋਇਆ ਸੀ। ਇਹ ਦੋਵੇਂ ਘੱਟ ਘਣਤਾ ਵਾਲੇ ਕਰੂਡ ਬੰਬ ਸਨ। ਪਹਿਲਾ ਧਮਾਕਾ 6 ਮਈ ਦੀ ਅੱਧੀ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ ‘ਚ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ ਸਨ। 5 ਤੋਂ 6 ਸ਼ਰਧਾਲੂ ਜ਼ਖਮੀ ਹੋ ਗਏ ਸਨ। ਦੂਜਾ ਧਮਾਕਾ 8 ਮਈ ਨੂੰ ਸਵੇਰੇ 6.30 ਵਜੇ ਹੈਰੀਟੇਜ ਸਟਰੀਟ ‘ਚ ਹੋਇਆ। ਪੁਲਿਸ ਨੇ ਦੱਸਿਆ ਸੀ ਕਿ ਬੰਬ ਨੂੰ ਕੋਲਡ ਡਰਿੰਕ ਦੇ ਟੀਨ ਵਿੱਚ ਪਾ ਕੇ ਲਟਕਾਇਆ ਗਿਆ ਸੀ। ਇਸ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।

ਧਮਾਕਿਆਂ ਦੇ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ : ਡੀਜੀਪੀ ਯਾਦਵ 
ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ 'ਚ ਕਰੀਬ 5 ਦਿਨਾਂ 'ਚ ਤੀਜੀ ਵਾਰ ਧਮਾਕਾ ਹੋਇਆ। ਇਸ ਧਮਾਕੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਧਮਾਕਿਆਂ ਦੇ ਮਾਮਲੇ ਨੂੰ ਹੱਲ ਕੀਤਾ ਜਾ ਚੁੱਕਿਆ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜ ਵਿਅਕਤੀਆਂ ਨੂੰ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਆਜ਼ਾਦਵੀਰ ਅਤੇ ਅਮਰੀਕ ਸਿੰਘ ਨੇ ਆਈਈਡੀ ਅਸੈਂਬਲ ਕੀਤੇ ਸੀ। ਇਸ ਆਈਈਡੀ ਨੂੰ ਸ੍ਰੀ ਗੁਰੂ ਰਾਮਦਾਸ ਸਰਾਂ ’ਚ ਅਸੈਂਬਲ ਕੀਤਾ ਗਿਆ ਸੀ। ਡੀਜੀਪੀ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਲਈ ਐਸਆਈਟੀ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਹਰਜੀਤ ਸਿੰਘ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਤਿੰਨ ਧਮਾਕੇ ਕੀਤੇ ਸੀ। ਡੀਜੀਪੀ ਨੇ ਦੱਸਿਆ ਕਿ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਆਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਵਜੋਂ ਹੋਈ ਹੈ। ਅਮਰੀਕ ਸਿੰਘ ਅਤੇ ਆਜ਼ਾਦਵੀਰ ਨੇ ਇਹ ਵਿਸਫੋਟਕ ਅਸੈਬੰਲ ਕਰਨ ਲਈ ਅੰਮ੍ਰਿਤਸਰ ਦੇ ਅੰਨਗੜ ਇਲਾਕੇ ਦੇ ਸਾਹਿਬ ਸਿੰਘ ਕੋਲੋ ਇਹ ਵਿਸਫੋਟਕ ਪਦਾਰਥ ਲਏ ਸੀ ਇਸ ਤੋਂ ਬਾਅਦ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਵੱਲੋ ਇਹ ਵਿਸਫੋਟ ਕੀਤੇ ਗਏ। ਡੀਜੀਪੀ ਨੇ ਦੱਸਿਆ ਕਿ ਇਕ ਕਿਲੋ 100 ਗ੍ਰਾਮ ਦੇ ਕਰੀਬ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਨਾਲ ਇਕ ਔਰਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਕਿ ਅਮਰੀਕ ਸਿੰਘ ਦੀ ਪਤਨੀ ਦੱਸੀ ਜਾ ਰਹੀ ਹੈ। ਜਿਸ ਤੋਂ ਜਾਂਚ ਤੋਂ ਬਾਅਦ ਹੀ ਇਸ ਮਾਮਲੇ ’ਚ ਉਸਦਾ ਕੀ ਰੋਲ ਹੈ ਇਹ ਦੇਖਿਆ ਜਾਵੇਗਾ। ਡੀਜੀਪੀ ਨੇ ਦੱਸਿਆ ਕਿ ਗੁਰੂ ਰਾਮਦਾਸ ਸਰਾਂ ਵਿੱਚ ਤਿੰਨ ਕੰਟੇਨਰ ਬਰਾਮਦ ਹੋਏ ਹਨ ਅਤੇ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਚ ਪਹਿਲਾਂ ਵਿਸਫੋਟ ਆਜ਼ਾਦਵੀਰ ਵਲੋਂ ਹੈਰੀਟੇਜ ਸਟਰੀਟ ਪਾਰਕਿੰਗ ਵਿਖੇ ਕੀਤਾ ਗਿਆ ਸੀ ਇਨ੍ਹਾਂ ਸਾਰੇ ਵਿਸਫੋਟਕਾਂ ਸਬੰਧੀ ਅਸੀਂ ਪੂਰੀ ਤਰ੍ਹਾਂ ਜਾਂਚ ਕਰਦਿਆਂ ਇਹਨਾਂ ਦੇ ਸਾਰੇ ਫੋਨ ਦੇ ਲਿੰਕ ਪੁਲਿਸ ਵੱਲੋਂ ਟਰੇਸ ਕੀਤੇ ਜਾਣਗੇ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਸਾਹਿਬ ਸਿੰਘ ਨਾਂ ਦੇ ਨੌਜਵਾਨ ਕੋਲ ਇਸ ਵਿਸਫੋਟਕ ਸਮੱਗਰੀ ਦਾ ਲਾਇਸੈਂਸ ਵੀ ਹੈ ਜਿਸਨੇ ਆਜ਼ਾਦਵੀਰ ਅਤੇ ਅਮਰੀਕ ਸਿੰਘ ਨੂੰ ਇਹ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਈ ਸੀ ਅਤੇ ਆਜ਼ਾਦਵੀਰ ਅਤੇ ਅਮਰੀਕ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਕੀਤਾ। ਇਸ ਦੌਰਾਨ ਡੀਜੀਪੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੇ ਸਹਿਯੋਗ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

01

 

ਜੇਕਰ ਅਮਰੀਕ ਸਿੰਘ ਸ਼੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ 'ਚ ਹੋਏ ਬੰਬ ਧਮਾਕੇ 'ਚ ਸ਼ਾਮਲ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ : ਲਖਬੀਰ ਸਿੰਘ

ਅੰਮ੍ਰਿਤਸਰ ਚ ਦਰਬਾਰ ਸਾਹਿਬ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਆਦੀਆ ਦਾ ਰਹਿਣ ਵਾਲਾ ਹੈ। ਉਹ ਗੁਜਰਾਤ ਵਿੱਚ ਇੱਕ ਟਰੱਕ ਡਰਾਈਵਰ ਹੈ। ਜਿਸ ਦਾ ਪ੍ਰੇਮ ਵਿਆਹ ਪਿਛਲੇ ਸਾਲ ਹੀ 8 ਜੂਨ 2022 ਨੂੰ ਪਿੰਡ ਪੁਰੋਵਾਲ ਕਰੀਆਂ ਵਾਸੀ ਮਨਦੀਪ ਕੌਰ ਨਾਲ ਹੋਇਆ ਸੀ। 27 ਫਰਵਰੀ ਨੂੰ ਆਖਰੀ ਵਾਰ ਘਰੋਂ ਗਿਆ ਸੀ। ਮੁਲਜ਼ਮ ਦੇ ਵੱਡੇ ਭਰਾ ਪਲਵਿੰਦਰ ਸਿੰਘ ਨੂੰ ਦੋਰਾਂਗਲਾ ਥਾਣੇ ਦੀ ਪੁਲੀਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਚੋਰੀ ਦੇ ਕੇਸ ਦਰਜ ਹਨ। ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਦੇ ਪਿਤਾ ਲਖਬੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਮਰੀਕ ਸਿੰਘ ਸ਼੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ 'ਚ ਹੋਏ ਬੰਬ ਧਮਾਕੇ 'ਚ ਸ਼ਾਮਲ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਸਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਅੱਜ ਪਤਾ ਲੱਗਾ ਹੈ, ਜਦੋਂ ਪੁਲਿਸ ਉਨ੍ਹਾਂ ਦੇ ਘਰ ਆਈ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਗੁਜਰਾਤ ਵਿੱਚ ਟਰੱਕ ਡਰਾਈਵਰ ਹੈ ਅਤੇ 27 ਫਰਵਰੀ ਨੂੰ ਆਖ਼ਰੀ ਵਾਰ ਘਰੋਂ ਗਿਆ ਸੀ, ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਉਸ ਨੇ ਲਵ ਮੈਰਿਜ ਕਰਵਾਈ ਸੀ ਅਤੇ ਉਦੋਂ ਤੋਂ ਹੀ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਸੀ। ਉਸਦੇ ਪਿਤਾ ਨੇ ਵੀ ਕਿਹਾ ਕਿ ਜੇਕਰ ਅਮਰੀਕ ਦੋਸ਼ੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।