ਬਠਿੰਡਾ 'ਚ ਲਿਖੇ ਖਾਲਿਸਤਾਨੀ ਨਾਅਰੇ ਤੇ ਬੰਬ ਧਮਾਕੇ ਕਰਨ ਦੀ ਵੀ ਦਿੱਤੀ ਧਮਕੀ

ਬਠਿੰਡਾ, 19 ਮਈ : ਬਠਿੰਡਾ ਵਿੱਚ ਵੱਖ-ਵੱਖ ਥਾਵਾਂ ਤੇ ਖਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਵੀ ਵੱਖ ਵੱਖ ਥਾਵਾਂ ਤੇ ਬੰਬ ਧਮਾਕੇ ਕਰਨ ਦੀ ਧਮਕੀ ਵੀ ਦਿੱਤੀ ਗਈ। ਜਾਣਕਾਰੀ ਅਨੁਸਾਰ ਪੁਲਿਸ ਨੂੰ 6 ਚਿੱਠੀਆਂ ਮਿਲੀਆਂ ਹਨ, ਜਿਸ ਵਿਚ 7 ਜੂਨ ਨੂੰ ਬੰਬ ਧਮਾਕੇ ਕਰਨ ਦੀ ਗੱਲ ਲਿਖੀ ਗਈ ਹੈ। ਇਹ ਪੱਤਰ ਸਿਆਸੀ ਆਗੂਆਂ, ਅਫ਼ਸਰਾਂ ਅਤੇ ਕਾਰੋਬਾਰੀਆਂ ਨੂੰ ਭੇਜੇ ਗਏ ਹਨ। ਇੱਕ ਕਾਪੀ ਅਸਲੀ ਹੈ ਅਤੇ ਬਾਕੀ ਫੋਟੋ ਕਾਪੀਆਂ ਹਨ।  ਹਾਲਾਂਕਿ  ਪੁਲਿਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਅਤੇ ਚੌਕਸੀ ਵਰਤਣ ਦੀ ਗੱਲ ਆਖ ਰਹੀ ਹੈ ਪਰ ਪੱਤਰਾਂ ਕਾਰਨ ਪੁਲਿਸ ਅਤੇ  ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਮੌੜ ਮੰਡੀ ਸਥਿਤ ਪ੍ਰਾਚੀਨ ਦੁਰਗਾ ਮੰਦਰ ਮਾਈਸਰਖਾਨਾ ਦੀਆਂ ਕੰਧਾਂ ਅਤੇ ਨੈਸ਼ਨਲ ਹਾਈਵੇ 'ਤੇ ਸਥਿਤ ਮੰਦਰ ਦੇ ਬੋਰਡ 'ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਗਏ ਹਨ। ਨਾਅਰੇ ਲਿਖਣ ਤੋਂ ਬਾਅਦ ਇੱਕ ਵੀਡੀਓ ਸ਼ੂਟ ਕੀਤੀ ਗਈ ਜਿਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ ਹੈ।  ਪਿੰਡ ਦੇ ਲੋਕਾਂ ਨੇ ਸਵੇਰੇ 7 ਵਜੇ ਦੇ ਕਰੀਬ ਮੰਦਰ ਦੀ ਚਾਰਦੀਵਾਰੀ ਅਤੇ ਆਸ-ਪਾਸ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਹੋਣ ਦੀ ਸੂਚਨਾ ਪੁਲੀਸ ਨੂੰ ਦਿੱਤੀ । ਮੌਕੇ 'ਤੇ ਪਹੁੰਚੀ ਪੁਲਸ ਨੇ ਨਾਅਰੇਬਾਜ਼ੀ ਨੂੰ ਮਿਟਵਾਇਆ। ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖਣ ਤੋਂ ਬਾਅਦ ਅੱਤਵਾਦੀ ਸੰਗਠਨ ਸ਼ਢਝ ਮੁਖੀ ਗੁਰਪੰਤਵੰਤ ਸਿੰਘ ਪੰਨੂ ਨੇ ਆਪਣੀ ਕੋਈ ਵੀ ਵੀਡੀਓ ਜਾਰੀ ਨਹੀਂ ਕੀਤੀ ਜਿਸ ਵਿਚ ਉਨ੍ਹਾਂ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲਈ ਹੋਵੇ। ਹੈਰਾਨੀ ਦੀ ਗੱਲ ਇਹ ਹੈ ਕਿ ਮੰਦਰ ਦੀ ਚਾਰਦੀਵਾਰੀ 'ਤੇ ਲੱਗੇ ਸੀਸੀਟੀਵੀ ਕੈਮਰੇ ਬੰਦ ਹਨ। ਇਹ ਮੰਦਰ ਪਿਛਲੇ ਕਈ ਮਹੀਨਿਆਂ ਤੋਂ ਪ੍ਰਸ਼ਾਸਨ ਦੇ ਅਧੀਨ ਹੈ ਜਿਸ ਕਰਕੇ ਇੱਥੇ 24 ਘੰਟੇ ਪੁਲਸ ਤਾਇਨਾਤ ਰਹਿੰਦੀ ਹੈ ਪਰ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ। ਵੀਡੀਓ ਦੇਖਣ ਤੋਂ ਜਾਪਦਾ ਹੈ ਕਿ  ਨਾਅਰੇ ਰਾਤ ਨੂੰ ਆਏ ਤੂਫਾਨ ਤੋਂ ਬਾਅਦ ਸਵੇਰੇ 3-4 ਵਜੇ ਦੇ ਕਰੀਬ ਲਿਖੇ ਗਏ ਹਨ ਕਿਉਂਕਿ ਵੀਡੀਓ 'ਚ ਗੁਰਦੁਆਰਾ ਸਾਹਿਬ 'ਚ ਚੱਲ ਰਹੇ ਪਾਠ ਦੀ ਆਵਾਜ਼ ਸੁਣਾਈ ਦੇ ਰਹੀ ਹੈ।ਥਾਣਾ ਕੋਟਫੱਤਾ ਦੇ ਮੁੱਖ ਚੋਣ ਅਫਸਰ  ਅੰਗਰੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਧਮਕੀ ਭਰੀ ਚਿੱਠੀ ਵੀ ਵਾਇਰਲ ਹੋਈ ਹੈ।  ਲਾਲ ਕਲਮ ਨਾਲ ਲਿਖੇ ਪੱਤਰ ਵਿੱਚ ਲਿਖਿਆ ਹੈ ਕਿ 7 ਜੂਨ ਨੂੰ ਬਠਿੰਡਾ ਵਿੱਚ 10 ਥਾਵਾਂ ’ਤੇ ਬੰਬ ਧਮਾਕੇ ਹੋਣਗੇ।  ਹੁਣ ਬਠਿੰਡਾ ਨੂੰ ਰੱਬ ਹੀ ਬਚਾ ਸਕਦਾ ਹੈ। ਇਸ ਮਾਮਲੇ ਵਿੱਚ ਐਸਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਕੋਤਵਾਲੀ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ  ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਇਹ ਚਿੱਠੀ ਕੱਲ੍ਹ ਤੋਂ ਵਾਇਰਲ ਹੋ ਰਹੀ ਹੈ।ਮਾਈਸਰਖਾਨਾ ਮੰਦਿਰ 'ਚ ਲੱਗੇ ਖਾਲਿਸਤਾਨ ਨਾਲ ਸਬੰਧਤ ਨਾਅਰਿਆਂ ਨੂੰ ਮਿਟਾਉਣ ਤੋਂ ਬਾਅਦ ਪੁਲਿਸ ਦੇ ਆਈਟੀ ਸੈੱਲ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਵਾਇਰਲ ਹੋਈ ਹੈ ਜਿਸ 'ਚ ਲਿਖਿਆ ਹੈ ਕਿ 7 ਜੂਨ ਨੂੰ ਬਠਿੰਡਾ 'ਚ 10 ਥਾਵਾਂ 'ਤੇ ਬੰਬ ਧਮਾਕੇ ਹੋਣਗੇ।  ਸਾਰਾ ਮਾਲ ਆ ਗਿਆ ਹੈ।  ਹੁਣ ਪੁਲਿਸ ਅਤੇ ਫੌਜ ਦੀ ਗੱਲ ਨਹੀਂ ਰਹੀ।  ਹੁਣ ਬਠਿੰਡਾ ਨੂੰ ਰੱਬ ਹੀ ਬਚਾ ਸਕਦਾ ਹੈ । ਬੰਬ ਧਮਾਕੇ ਵਾਲੇ ਸਥਾਨਾਂ ਦੇ ਨਾਮ ਇਸ ਪ੍ਰਕਾਰ ਹਨ: ਕਿਲਾ ਮੁਬਾਰਕ, ਜੱਸੀ, ਰੇਲਵੇ ਸਟੇਸ਼ਨ, ਆਦੇਸ਼ ਹਸਪਤਾਲ, ਮਿੰਨੀ ਸਕੱਤਰੇਤ, ਐਸ.ਐਸ.ਪੀ ਦਫ਼ਤਰ, ਜੇਲ੍ਹ, ਆਈ.ਟੀ.ਆਈ. ਪੁਲ, ਮਿੱਤਲ, ਨਵੀਂ ਕਾਰ ਪਾਰਕਿੰਗ, ਨਿਰੰਕਾਰੀ ਭਵਨ, ਕਿਸਾਨ ਧਰਨੇ ਨੇ । , ਇਹ ਧਮਾਕੇ ਰਿਮੋਟ ਤੋਂ ਹੋਣਗੇ।  ਅੰਮ੍ਰਿਤਸਰ ਬੰਬ ਧਮਾਕੇ ਦਾ ਟ੍ਰੇਲਰ ਸੀ।  ਪੰਜਾਬ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ। ਅੰਤ ਵਿੱਚ ਲਿਖਿਆ ਹੈ, ਮੈਨੂੰ ਫੜ ਕੇ ਦਿਖਾਓ, ਮੈਨੂੰ। ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਉਸ ਨੂੰ ਥਾਣਿਆਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਤਲਾਸ਼ੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਦੌਰਾਨ ਹਰ ਸ਼ੱਕੀ ਵਿਅਕਤੀ ਅਤੇ ਸ਼ੱਕੀ ਗਤੀਵਿਧੀਆਂ ਤੇ ਅਗਰ ਰੱਖਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦੀ ਸ਼ੱਕੀ ਚੀਜ਼ ਨਜ਼ਰ ਆਉਣ ਦੀ ਸੂਰਤ ਵਿੱਚ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਵੀ ਕੀਤੀ ਹੈ।