ਬਠਿੰਡਾ, ਫਿਰੋਜ਼ਪੁਰ ਅਤੇ ਜਗਰਾਓਂ ‘ਚ ਵਾਪਰੇ ਭਿਆਨਕ ਹਾਦਸੇ, ਤਿੰਨ ਮੌਤਾਂ ਅਤੇ ਕਈ ਜਖ਼ਮੀ 

ਚੰਡੀਗੜ੍ਹ, 17 ਜਨਵਰੀ : ਸੂਬੇ ਦੇ ਵੱਖ ਵੱਖ ਜਿਲਿ੍ਹਆਂ ਵਿੱਚ ਵਾਪਰੇ ਹਾਦਸਿਆਂ ਵਿੱਚ ਤਿੰਨ ਮੌਤਾਂ ਅਤੇ ਕਈ ਜਖ਼ਮੀ ਹੋਣ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ, ਫਿਰੋਜ਼ਪੁਰ ਅਤੇ ਜਗਰਾਓਂ ‘ਚ ਭਿਆਨਕ ਹਾਦਸੇ ਵਾਪਰੇ ਅਤੇ ਜਿੰਨ੍ਹਾਂ ‘ਚ ਇੱਕ ਬੱਚੀ, ਔਰਤ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਬਠਿੰਡਾ ‘ਚ ਦੇਰ ਰਾਤ ਅੰਡਰਬ੍ਰਿਜ ਹੇਠਾਂ ਸੌਂ ਰਹੇ ਇੱਕ ਬੇਰੁਜ਼ਗਾਰ ਪ੍ਰਵਾਸੀ ਤੇ ਮਜ਼ਦੂਰ ਪਰਿਵਾਰ ਨੂੰ ਕਾਰ ਨੇ ਕੁਚਲ ਦਿੱਤਾ। ਇਸ ਘਟਨਾ ‘ਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਲੜਕੀ ਦੀ ਪਛਾਣ ਨੰਦਿਨੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕਾਰ ਚਾਲਕ ਆਪਣੇ ਪਰਿਵਾਰ ਸਮੇਤ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਜਲਾਲਾਬਾਦ ਸਥਿਤ ਆਪਣੇ ਘਰ ਨੂੰ ਪਰਤ ਰਿਹਾ ਸੀ। ਦੇਰ ਰਾਤ ਫਲਾਈਓਵਰ ਦੇ ਹੇਠਾਂ ਤੋਂ ਲੰਘਦੇ ਸਮੇਂ ਸਾਹਮਣੇ ਤੋਂ ਆ ਰਹੀ ਗੱਡੀ ਦੀ ਲਾਈਟ ਚਾਲਕ ਦੀਆਂ ਅੱਖਾਂ ‘ਤੇ ਪਈ ਅਤੇ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਠੀਕ ਬਣੀ ਹੋਈ ਹੈ। ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ‘ਤੇ ਧੁੰਦ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਪਿੰਡ ਲਲਚੀਆਂ ਨੇੜੇ ਇੱਕ ਸਰਕਾਰੀ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਜਿਸ ‘ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ 10 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਓਵਰਟੇਕ ਕਰ ਰਹੀ ਇੱਕ ਆਲਟੋ ਕਾਰ ਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਬੱਸ ‘ਚ ਸਵਾਰ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਆਲਟੋ ਕਾਰ ‘ਚ ਸਵਾਰ 3 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਧੁੰਦ ਕਾਰਨ ਕਾਰ ਚਾਲਕ ਸਾਹਮਣੇ ਤੋਂ ਆ ਰਹੀ ਬੱਸ ਦਾ ਪਤਾ ਨਹੀਂ ਲਗਾ ਸਕਿਆ, ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ ਤੋਂ ਕਾਰ ਰਾਹੀਂ ਆ ਰਹੀ ਸੀ। ਹਾਦਸੇ ਵਿੱਚ ਕਾਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।  ਜਗਰਾਓਂ ਵਿਚ ਆਪਣੀ ਰਿਸ਼ਤੇਦਾਰੀ ਵਿਚ ਲੋਹੜੀ ਫੰਕਸ਼ਨ ਵਿਚ ਵੱਖ-ਵੱਖ ਬਾਈਕ ‘ਤੇ ਜਾ ਰਹੇ ਪਿਤਾ ਸਾਹਮਣੇ ਹੀ ਇਕ ਕਾਰ ਨੇ ਪੁੱਤਰ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬਾਈਕ ਸਵਾਰ ਤਿੰਨੋਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿਚ 24 ਸਾਲਾ ਨੌਜਵਾਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿੰਦਾ ਸਿੰਘ ਵਾਸੀ ਕੋਟ ਮੁਹੰਮਦ ਖਾਂ ਧਰਮਕੋਟ ਵਜੋਂ ਹੋਈ ਹੈ। ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਕਾਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਲੇਮਪੁਰਾ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿੱਧਵਾਂ ਬੇਟ ਦੇ ASI ਰਾਜਕੁਮਾਰ ਨੇ ਦੱਸਿਆ ਕਿ ਪਿੰਡ ਖੁਰਸ਼ੇਦਪੁਰਾ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ‘ਤੇ ਲੋਹੜੀ ਦਾ ਫੰਕਸ਼ਨ ਸੀ। ਉਸ ਨੇ ਉਥੇ ਹੀ ਰੁਕਣਾ ਸੀ, ਜਿਸ ਕਾਰਨ ਉਹ ਆਪਣੀ ਬਾਈਕ ‘ਤੇ ਤੇ ਪੁੱਤਰ ਆਪਣੇ ਦੋਸਤਾਂ ਨਾਲ ਦੂਜੀ ਬਾਈਕ ‘ਤੇ ਆ ਰਹੇ ਸਨ। ਜਦੋਂ ਉਹ ਗੁਰਦੁਆਰੇ ਕੋਲ ਪਹੁੰਚੇ ਤਾਂ ਦੂਜੇ ਪਾਸਿਓਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਦੇ ਬੇਟੇ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬਾਈਕ ਸਵਾਰ ਤਿੰਨੋਂ ਲੜਕੇ ਹੇਠਾਂ ਡਿੱਗ ਗਏ ਤੇ ਗੰਭੀਰ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਨਾਲ ਉਸ ਨੇ ਤਿੰਨਾਂ ਲੜਕਿਆਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਪਰ ਇਲਾਜ ਦੌਰਾਨ ਉਸ ਦੇ ਬੇਟੇ ਦੀ ਮੌਤ ਹੋ ਗਈ। ਪਰ ਇਲਾਜ ਦੌਰਾਨ ਸ਼ਿੰਦਾ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਦੂਜੇ ਪਾਸੇ ਪਿਤਾ ਦੇ ਬਿਆਨਾਂ ‘ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।