ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ 19 ਅਗਸਤ ਤੋਂ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਠੱਪ ਰੱਖਣ ਦਾ ਐਲਾਨ 

  • ਐਸੋਸੀਏਸ਼ਨ ਨੇ ਲੋਕਾਂ ਨੂੰ ਕੀਤੀ ਅਪੀਲ, ‘ਦਫ਼ਤਰਾਂ ਦੇ ਚੱਕਰ ਨਾ ਲਗਾਉਣ ਤੇ ਨਾ ਹੀ ਲੈਣ ਅੰਪਾਇਟਮੈਂਟ'

ਚੰਡੀਗੜ੍ਹ, 17 ਅਗਸਤ 2024 : ਪੰਜਾਬ ਦੇ ਸਮੂਹ ਜ਼ਿਲ੍ਹਾ ਮਾਲ ਅਫਸਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ 19 ਅਗਸਤ ਤੋਂ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਠੱਪ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਰੈਵੀਨਿਊ ਅਫਸਰ ਐਸੋਸ਼ੀਏਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਪ੍ਰਧਾਨ ਸੁਚਰਨ ਸਿੰਘ ਚੰਨੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ 18 ਅਗਸਤ ਤੱਕ ਮੰਗਾਂ ਮੰਨਣ ਲਈ ਅਪੀਲ ਕੀਤੀ ਗਈ ਸੀ ਅਤੇ ਨਾਲ ਹੀ ਇਹ ਵੀ ਚੇਤਾਵਨੀ ਕੀਤੀ ਗਈ ਸੀ ਕਿ ਜੇਕਰ ਮਿਥੀ ਮਿਤੀ ਤੱਕ ਮੰਗਾਂ ਦਾ ਹੱਲ ਨਹੀਂ ਨਿਕਲਦਾ ਤਾਂ ਐਸੋਸ਼ੀਏਸ਼ਨ ਨੂੰ ਮਜਬੂਰ ਹੋ ਕੇ 19 ਅਗਸਤ 2024 ਤੋਂ ਸਮੁੱਚੇ ਪੰਜਾਬ ਦਾ ਕੰਮ ਬੰਦ ਕੀਤਾ ਜਾਵੇਗਾ। ਪ੍ਰੰਤੂ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਐਸੋਸੀਏਸ਼ਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਤਹਿਸੀਲਦਾਰਾਂ ਵਿਚੋਂ ਪੀਸੀਐਸ ਕਾਡਰ ਲਈ ਨੌਮੀਨੇਸ਼ਨ ਵਾਸਤੇ ਸਾਲ 2021 ਅਤੇ 2022 ਸਬੰਧੀ ਪੈਡਿੰਗ ਪਏ ਪੈਨਲ ਨੂੰ ਭੇਜਣ ਬਾਰੇ, ਤਹਿਸੀਲ/ਸਬ ਤਹਿਸੀਲ ਦਫ਼ਤਰਾਂ ਵਿੱਚ ਸੁਰੱਖਿਆ ਕਰਮਚਾਰੀ ਦਿੱਤੇ ਜਾਣ, ਰੈਵੀਨਿਊ ਅਫਸਰਾਂ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਜਾਣ, ਚਾਰਜਸੀਟਾਂ ਨੂੰ ਦਾਖਲ ਦਫ਼ਤਰ ਕਰਨ ਬਾਰੇ, ਜ਼ਿਲ੍ਹਾ ਪੱਧਰ ਉਤੇ ਲੀਗਲ ਸੈਲ ਸਥਾਪਤ ਕੀਤੇ ਜਾਣ ਅਤੇ ਐਸਐਫਟੀ ਦੀ ਅਦਾਇਗੀ ਕੀਤੀ ਜਾਵੇ। ਐਸੋਸੀਏਸ਼ਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 19 ਅਗਸਤ ਤੋਂ ਦਫ਼ਤਰੀ ਕੰਮਾਂ ਵਿੱਚ ਖੱਜਲ ਖਰਾਬੀ ਤੋਂ ਬਚਣ ਲਈ ਦਫਤਰਾਂ ਦੇ ਚੱਕਰ ਨਾ ਲਗਾਉਣ ਅਤੇ ਨਾ ਹੀ ਰਜਿਸਟ੍ਰੇਸ਼ਨ ਦੇ ਕੰਮ ਸਬੰਧੀ ਅੰਪਾਇਟਮੈਂਟਾਂ ਲਈਆਂ ਜਾਣ।