ਖਨੌਰੀ ਬਾਰਡਰ ਦੇ ਸ਼ਹੀਦ ਕਿਸਾਨ ਸ਼ੁਭਕਰਨ ਨੂੰ ਹੰਝੂਆਂ ਭਰੀ ਅੰਤਮ ਵਿਦਾਇਗੀ

ਬਠਿੰਡਾ, 29 ਫਰਵਰੀ : ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦੇ ਪਹਿਲੇ ‘ਖੇਤੀ ਸ਼ਹੀਦ’ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਸ਼ੁਭਕਰਨ ਸਿੰਘ ਗੱਗੂ ਦਾ ਅੱਜ ਬੇਹੱਦ ਗਮਗੀਨ ,ਸਰਕਾਰਾਂ ਪ੍ਰਤੀ ਰੋਸ ਅਤੇ ਕਿਸਾਨੀ ਰੋਹ ਦੇ ਮਹੌਲ ਦੌਰਾਨ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਆਮ ਲੋਕ ,ਸਿਆਸੀ ਨੇਤਾ ,ਪਿੰਡ ਵਾਸੀ ਅਤੇ ਰਿਸ਼ਤੇਦਾਰ ਦੋਸਤ ਵੀ ਹਾਜ਼ਰ ਸਨ। ਸਸਕਾਰ ਮੌਕੇ ਵੱਖ ਵੱਖ ਜੱਥੇਬੰਦੀਆਂ ਕਿਸਾਨੀ ਝੰਡਿਆਂ ਨਾਲ ਮੌਜੂਦ ਕਿਸਾਨਾਂ ਜਿੰਨ੍ਹਾਂ ਚੋਂ ਜਿਆਦਾਤਰ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਵੀ ਪੁੱਜੇ ਹੋਏ ਸਨ ਨੇ ਵੀ ਸ਼ਿਰਕਤ ਕੀਤੀ । ਸ਼ੁਭਕਰਨ ਦਾ ਅੰਤਮ ਸਸਕਾਰ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਦਾਨ ’ਚ ਦਿੱਤੀ ਜਮੀਨ ’ਚ ਕੀਤਾ ਗਿਆ ਹੈ। ਪਹਿਲਾਂ ਅੰਤਮ ਰਸਮਾਂ ਪਿੰਡ ਦੇ ਰਾਮਬਾਗ ’ਚ ਨਿਭਾਉਣ ਦੀ ਗੱਲ ਆਖੀ ਜਾ ਰਹੀ ਸੀ ਪਰ ਬਾਅਦ ’ਚ ਫੈਸਲਾ ਬਦਲ ਦਿੱਤਾ ਗਿਆ। ਇਸ ਜਮੀਨ ’ਚ  ਹੁਣ ਸ਼ੁਭਕਰਨ ਦੀ ਯਾਦਗਾਰ ਵੀ ਬਨਾਉਣ ਦੀ ਗੱਲ ਸਾਹਮਣੇ ਆ ਰਹੀ ਹੈ।  ਇਸ ਤੋਂ ਪਹਿਲਾਂ ਹਜਾਰਾਂ ਦੀ ਗਿਣਤੀ ਕਿਸਾਨਾਂ ਦੇ ਕਾਫਲੇ ਨਾਲ ਸ਼ਹੀਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਪਿੰਡ ਬੱਲ੍ਹੋ ਵਿਖੇ ਉਨ੍ਹਾਂ ਦੇ ਜੱਦੀ ਘਰ ਲਿਆਂਦੀ ਗਈ। ਪੈਦਲ ਚੱਲ ਰਹੇ ਇਸ ਕਾਫਲੇ ਦੀ ਅਗਵਾਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ , ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਕੌੜਿਆਂ ਵਾਲਾ ਕਰ ਰਹੇ ਸਨ ਜਦੋਂਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਸ਼ਭਕਰਨ ਦੇ ਘਰ ’ਚ ਪ੍ਰੀਵਾਰ ਨਾਲ ਮੌਜੂਦ ਸਨ। ਪੂਰੇ ਰਸਤੇ ਦੌਰਾਨ ਸਿੱਖ ਸੰਗਤਾ ਵੱਲੋਂ ਸਤਿਨਾਮ ਵਾਹਿਗਰੂ ਦਾ ਜਾਪ ਕੀਤਾ ਜਾਂਦਾ ਰਿਹਾ। ਇਸ ਮੌਕੇ ਵੱਖ ਵੱਖ ਸਿਆਸੀ ਸ਼ਖਸ਼ੀਅਤਾਂ ,ਹਜ਼ਾਰਾਂ ਦੀ ਗਿਣਤੀ ’ਚ ਇਲਾਕਾ ਵਾਸੀਆਂ, ਕਿਸਾਨ ਆਗੂਆਂ, ਪਿੰਡ ਵਾਸੀਆਂ ਅਤੇ ਸਾਕ ਸਨੇਹੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਸ਼ਹੀਦ ਦੀਆਂ ਦੋਵਾਂ ਭੈਣਾਂ ਨੇ ਕੰਬਦੇ ਹੱਥਾਂ ਨਾਲ ਆਪਣੇ ਇਕਲੌਤੇ ਉਸ ਭਰਾ ਦੇ ਸਿਰ ਸਿਹਰਾ ਸਜ਼ਾਇਆ ਜਿਸ ਨੂੰ ਉਨ੍ਹਾਂ ਨੇ ਵਿਆਹ ਵੇਲੇ ਸੱਚਮੁੱਚ ਘੋੜੀ ਤੇ ਬਿਠਾਉਣਾ ਸੀ ਜਦੋਂਕਿ ਹੁਣ ਉਸ ਨੂੰ ਇੰਜ ਤੋਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਤਿਕਾਰ ਵਜੋਂ ਸ਼ਹੀਦ ਦੀ ਮ੍ਰਿਤਕ ਦੇਹ ਤੇ ਜੱਥੇਬੰਦੀ ਦਾ ਝੰਡਾ ਪਾਇਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦਿਖਾਈ ਤਾਂ ਹਰ ਅੱਖ ਨਮ ਅਤੇ ਰੋਸ ਨਾਲ ਭਰੀ ਨਜ਼ਰ ਆਈ। ਪਿੰਡ ਦੀ ਗੱਲ ਕਰੀਏ ਤਾਂ ਗਲੀ ਮੁਹੱਲਿਆਂ ’ਚ ਮੌਤ ਵਰਗੀ ਚੁੱਪ ਪੱਸਰੀ ਹੋਈ ਹੈ। ਪਿੰਡ ਦੇ ਗਲੀ ਮੁਹੱਲਿਆਂ ’ਚ ਸ਼ਹੀਦ ਦੀ ਸ਼ਹਾਦਤ ਨੂੰ ਦਰਸਾਉਂਦੀਆਂ ਫਲੈਕਸਾਂ ਲਾਈਆਂ ਗਈਆਂ ਹਨ। ਇੱਕ ਪਿੰਡ ਵਾਸੀ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਪਿਛਲੇ 8 ਦਿਨਾਂ ’ਚ ਪਿੰਡ ਦੇ ਕਿਸੇ ਘਰ ਢੰਗ ਸਿਰ ਚੁੱਲ੍ਹਾ ਨਹੀਂ ਬਲਿਆ ਹੈ। ਦੱਸਣਯੋਗ ਹੈ ਕਿ  ਨੌਜਵਾਨ ਸ਼ੁਭਕਰਨ  ਕਿਸਾਨੀ ਮੰਗਾਂ ਮਨਵਾਉਣ ਲਈ ਖਨੌਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ ਗਿਆ ਹੋਇਆ ਸੀ ਜਿੱਥੇ 21 ਫਰਵਰੀ ਨੂੰ ਕਿਸਾਨਾਂ ਅਤੇ ਹਰਿਆਣਾ ਪੁਲੀਸ ਵਿੱਚ ਹੋਈ ਤਲਖੀ ਕਾਰਨ ਉਸ ਦੀ ਮੌਤ ਹੋ ਗਈ ਸੀ। ਸ਼ੁਭਕਰਨ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਰੱਖਿਆ ਹੋਇਆ ਸੀ ਜਿੱਥੇ ਕਿਸਾਨ ਆਗੂਆਂ ਨੇ ਐਫ ਆਈ ਆਰ ਦਰਜ ਕੀਤੇ ਬਗੈਰ ਪੋਸਟਮਾਰਟਮ ਨਾਂ ਕਰਵਾਉਣ ਦੀ ਮੰਗ ਰੱਖੀ ਸੀ। ਬੀਤੀ ਦੇਰ ਰਾਤ ਕਿਸਾਨ ਧਿਰਾਂ ਦੀ ਮੰਗ ਮੰਨੇ ਜਾਣ ਮਗਰੋਂ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਸੀ । ਇਸ ਮਗਰੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਖਨੌਰੀ ਬਾਰਡਰ ਤੇ ਲਿਆਂਦਾ ਗਿਆ ਜਿੱਥੇ ਕਿਸਾਨ ਆਗੂਆਂ ਅਤੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਥਾਨਕ ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਗ੍ਹਾ ਗੁਰੂ ਘਰ ਨੇ ਦਿੱਤੀ ਹੈ ਜਿੱਥੇ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਦੀ ਸਹਿਮਤੀ ਨਾਲ ਯਾਦਗਾਰ ਬਣਾਈ ਜਾਏਗੀ। ਉਨ੍ਹਾਂ ਆਖਿਆ ਕਿ ਸ਼ੁਭਕਰਨ ਸਿੰਘ ਕਿਸਾਨੀ ਅੰਦੋਲਨ ਦਾ ਸ਼ਹੀਦ ਹੈ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ।  ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੁਭਕਰਨ ਕਿਸਾਨ ਅੰਦੋਲਨ ਦਾ ਸ਼ਹੀਦ ਹੈ ਅਤੇ ਉਸ ਦੀ ਸ਼ਹਾਦਤ ਅਜਾਂਈ ਨਹੀਂ ਜਾਣ ਦਿੱਤੀ ਜਾਏਗੀ। 

ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਅੱਧੀ ਰਾਤ ਨੂੰ ਹੋਇਆ ਪੋਸਟਮਾਰਟਮ 
ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਮਗਰੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮ ਰਾਤ 11.00 ਵਜੇ ਦੇ ਕਰੀਬ ਹੋਇਆ। ਅੱਜ ਉਸਦੀ ਮ੍ਰਿਤਕ ਦੇਹ ਪਹਿਲਾਂ ਖਨੌਰੀ ਬਾਰਡਰ ਲਿਜਾਈ ਜਾਵੇਗੀ ਤੇ ਫਿਰ ਜੱਦੀ ਪਿੰਡ ਵਿਚ ਉਸਦਾ ਅੰਤਿਮ ਸਸਕਾਰ ਹੋਵੇਗਾ। ਸ਼ੁਭਕਰਨ ਸਿੰਘ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨ ’ਤੇ ਆਧਾਰ ’ਤੇ ਪਾਤੜਾਂ ਪੁਲਿਸ ਥਾਣੇ ਵਿਚ ਐਫ ਆਈ ਆਰ ਨੰਬਰ 00141 ਅਧੀਨ ਧਾਰਾ 302 ਆਈ ਪੀਸੀ  ਅਤੇ 114 ਆਈ ਪੀ ਸੀ ਤਹਿਤ ਦਰਜ ਕੀਤੀ ਗਈ ਹੈ।

ਸਰਕਾਰ ਵਲੋਂ ਸ਼ੁਭਕਰਨ ਨੂੰ ਐਲਾਨਿਆਂ ਸ਼ਹੀਦ  
ਭਗਵੰਤ ਮਾਨ ਸਰਕਾਰ ਦੇ ਵਲੋਂ ਕਿਸਾਨੀ ਮੋਰਚੇ ਵਿਚ ਗੋਲੀ ਲੱਗਣ ਕਾਰਨ ਜਾਨ ਗਵਾਉਣ ਵਾਲੇ ਸ਼ੁਭਕਰਨ ਨੂੰ ਸ਼ਹੀਦ ਐਲਾਨ ਦਿੱਤਾ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ, ਸ਼ਹੀਦ ਸ਼ੁਭਕਰਨ ਦੇ ਕੇਸ ਵਿਚ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸ਼ੁਭਕਰਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਹਾਇਤਾ ਰਾਸ਼ੀ ਅਤੇ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ।