ਮੁਕੇਰੀਆਂ ਰੇਡ ਮਾਰਨ ਗਈ ਸੀਆਈਏ ਦੀ ਟੀਮ ਤੇ ਹੋਈ ਫਾਇਰੰਗ, ਇੱਕ ਮੁਲਾਜ਼ਮ ਦੀ ਮੌਤ 

ਮੁਕੇਰੀਆਂ, 17 ਮਾਰਚ : ਕਸਬਾ ਮੁਕੇਰੀਆਂ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਰੇਡ ਮਾਰਨ ਗਈ ਸੀਆਈਏ ਸਟਾਫ ਦੀ ਟੀਮ ਉਤੇ ਫਾਇਰੰਗ ਹੋਈ ਹੈ, ਜਿਸ ਨਾਲ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਹੁਸ਼ਿਆਰਪੁਰ ਸੀਆਈਏ ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿੱਚ ਇੱਕ ਗੈਂਗਸਟਰ ਹਥਿਆਰਾਂ ਸਮੇਤ ਲੁਕਿਆ ਹੋਇਆ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਸਵੇਰੇ ਜਾਲ ਵਿਛਾ ਦਿੱਤਾ। ਜਿਵੇਂ ਹੀ ਦੋਸ਼ੀ ਨੇ ਪੁਲਿਸ ਨੂੰ ਦੇਖਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਦੋਵੇਂ ਪਾਸਿਆਂ ਤੋਂ ਫਾਇਰਿੰਗ ਹੋਈ ਅਤੇ ਇੱਕ ਗੋਲੀ ਸੀਆਈਏ ਸਟਾਫ ਦੇ ਅੰਮ੍ਰਿਤਪਾਲ ਦੀ ਛਾਤੀ ਵਿੱਚ ਲੱਗੀ। ਉਸ ਨੂੰ ਤੁਰਤ ਨੇੜੇ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਫਾਇਰਿੰਗ ਦੌਰਾਨ ਜਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਅੰਮ੍ਰਿਤਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁਕੇਰੀਆਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਹ ਵਾਰਦਾਤ ਵਾਲੀ ਥਾਂ ‘ਤੇ ਹਥਿਆਰ ਸੁੱਟ ਕੇ ਫਰਾਰ ਹੋ ਗਿਆ। ਉਸ ਦੀ ਭਾਲ ਲਈ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਘਰਾਂ ਅਤੇ ਖੇਤਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਕਰੀਬ 10 ਕੱਟੇ ਹੋਏ ਖੋਲ ਬਰਾਮਦ ਕੀਤੇ ਹਨ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਜਿਸ ਵਿੱਚ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਸਮੇਤ ਕਈ ਧਾਰਾਵਾਂ ਜੋੜੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਗੈਂਗਸਟਰ ਰਾਣਾ ਮੂਲ ਰੂਪ ਤੋਂ ਮੁਕੇਰੀਆ ਦੇ ਪਿੰਡ ਮਨਸੂਰਪੁਰ ਦਾ ਰਹਿਣ ਵਾਲਾ ਹੈ। ਇਹ ਮੁਕਾਬਲਾ ਮਨਸੂਰਪੁਰ ਦੇ ਨਾਲ ਲੱਗਦੇ ਪਿੰਡ ਮਹਿਕਪੁਰ ਨੇੜੇ ਹੋਇਆ। ਪੁਲੀਸ ਅਨੁਸਾਰ ਇਸ ਗੈਂਗਸਟਰ ਖ਼ਿਲਾਫ਼ ਹੁਸ਼ਿਆਰਪੁਰ ਵਿੱਚ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।