ਸਮਰਾਲਾ 'ਚ ਟੈਕਸੀ ਡਰਾਈਵਰ ਦੀ ਗੋਲ਼ੀਆਂ ਮਾਰ ਕੇ ਹੱਤਿਆ, ਪੁਲਿਸ ਨੇ ਕੀਤੀ ਜਾਂਚ ਸ਼ੁਰੂ

ਸਮਰਾਲਾ, 10 ਅਗਸਤ 2024 : ਸਮਰਾਲਾ ਪੁਲਿਸ ਨੂੰ ਪਿੰਡ ਹਰਿਓ ਪੁਲ ਨੇੜੇ ਚੰਡੀਗੜ੍ਹ-ਲੁਧਿਆਣਾ ਬਾਈਪਾਸ ਤੋਂ  ਇਕ ਟੈਕਸੀ ਡਰਾਈਵਰ ਦੀ ਲਾਸ਼ ਮਿਲੀ ਹੈ, ਜਿਸ ਦੀ ਛਾਤੀ ਤੇ ਬਾਹਾਂ 'ਤੇ ਗੋਲ਼ੀਆਂ ਲੱਗੀਆਂ ਸਨ। ਲਾਸ਼ ਮਿਲਣ ਦੀ ਸੂਚਨਾਂ ਮਿਲਣ ਤੇ ਮੌਕੇ ਤੇ ਪੁੱਜੇ ਡੀਐਸਪੀ ਤਰਲੋਚਨ ਸਿੰਘ ਅਤੇ ਪੁਲਿਸ ਪਾਰਟੀ ਨੇ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ, ਜੋ ਕਿ ਆਲਟੋ ਟੈਕਸੀ ਡਰਾਈਵਰ ਸੀ। ਟੈਕਸੀ ਡਰਾਈਵਰ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਮੁਲਜ਼ਮ ਲੁਟੇਰੇ ਆਲਟੋ ਕਾਰ ਖੋਹ ਕੇ ਲੈ ਗਏ। ਸਮਰਾਲਾ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਲਾਸ਼ ਮਿਲਣ ਦੀ ਸੂਚਨਾ ਦਿੱਤੀ ਅਤੇ ਪੀੜਤ ਪਰਿਵਾਰ ਮੌਕੇ 'ਤੇ ਪਹੁੰਚ ਗਿਆ। ਮ੍ਰਿਤਕ ਰਵੀ ਕੁਮਾਰ ਦੇ ਪਿਤਾ ਜੈ ਕੁਮਾਰ ਨੇ ਦੱਸਿਆ ਕਿ ਉਸਦਾ ਪੁੱਤਰ ਤਿੰਨ-ਚਾਰ ਮਹੀਨਿਆਂ ਤੋਂ ਟੈਕਸੀ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸਦੇ ਪੁੱਤਰ ਨੂੰ ਇੱਕ ਚੰਡੀਗੜ੍ਹ ਤੋਂ ਲੁਧਿਆਣੇ ਦੀ ਸਵਾਰੀ ਮਿਲੀ ਸੀ ਜਿਸ ਨੂੰ ਛੱਡਣ ਲਈ ਉਹ ਲੁਧਿਆਣਾ ਜਾ ਰਿਹਾ ਸੀ, ਇਸ ਤੋਂ ਬਾਅਦ ਸਵੇਰੇ 4 ਵਜੇ ਫਿਰ ਫੋਨ ਆਉਂਦਾ ਹੈ ਤੇ ਉਹ ਕਹਿੰਦਾ ਹੈ ਪਾਪਾ ਮੈਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਉਸ ਤੋਂ ਬਾਅਦ ਅਸੀਂ ਡਰ ਗਏ। ਇਸ ਲਈ ਮੈਂ ਆਪਣੇ ਬੇਟੇ ਨੂੰ ਦੁਬਾਰਾ ਫੋਨ ਕੀਤਾ ਤੇ ਪੁੱਛਿਆ ਕਿ ਤੁਸੀਂ ਕਿੱਥੇ ਹੋ ਤਾਂ ਮੇਰੇ ਬੇਟੇ ਨੇ ਮੈਨੂੰ ਲੋਕੇਸ਼ਨ ਭੇਜੀ ਤੇ ਉਸ ਤੋਂ ਬਾਅਦ ਫੋਨ ਨਹੀਂ ਚੁੱਕਿਆ ਤਾਂ ਲਾਸ਼ ਮਿਲੀ। ਮ੍ਰਿਤਕ ਰਵੀ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਾਨੂੰ ਗੋਲ਼ੀ ਲੱਗੀ ਨੌਜਵਾਨ ਦੀ ਲਾਸ਼ ਮਿਲੀ ਹੈ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਆਪਣੀ ਟੈਕਸੀ 'ਚ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਿਹਾ ਸੀ। ਜਲਦੀ ਹੀ ਇਸ ਕਤਲ ਦਾ ਭੇਤ ਸੁਲਝਾ ਲਿਆ ਜਾਵੇਗਾ।