ਐਸਵਾਈਐਲ ਤੇ ਭਗਵੰਤ ਮਾਨ ਨੇ ਕੇਜਰੀਵਾਲ ਦੇ ਅੱਗ ਗੋਢੇ ਟੇਕੇ, ਪੰਜਾਬ ਦੀ ਗੱਲ ਕਰਨ ਵਾਲਿਆਂ ’ਤੇ ਆਪ ਸਰਕਾਰ ਤਸ਼ੱਦਦ ਕਰਦੀ ਹੈ : ਸੁਖਬੀਰ ਬਾਦਲ

  • ਬਹਿਸ ਦਾ ਚੈਲੇਂਜ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਭੱਜ ਗਿਆ ਹੈ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 10 ਅਕਤੂਬਰ :  ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਯੂਥ ਅਕਾਲੀ ਦਲ ਦੇ ਵਾਲੰਟੀਅਰਜ਼ ਨੇ ਅੱਜ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਤੇ ਸੂਬੇ ਨੂੰ ਦਰਪੇਸ਼ ਹੋਰ ਭੱਖਦੇ ਮਸਲਿਆਂ ’ਤੇ ਬਹਿਸ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਂਦਿਆਂ ਮਾਨ ਦੇ ਹੁਕਮਾਂ ’ਤੇ ਹੋਈ ਵਧੀਕੀ ਤੇ ਜਲ ਤੋਪਾਂ ਦਾ ਸਾਹਮਣਾ ਬਹਾਦਰੀ ਨਾਲ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਸਭ ਤੋਂ ਮੋਹਰੀ ਹੋਰ ਅਗਵਾਈ ਕਰਦਿਆਂ ਪਾਰਟੀ ਵਰਕਰਾਂ ਨੂੰ ਉਦੋਂ ਸੜਕ ’ਤੇ ਸੰਬੋਧਨ ਵੀ ਕੀਤਾ ਜਦੋਂ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਤੋਂ ਰੋਕ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਪੰਜਾਬ ਨਾਲ ਕੀਤੀ ਗੱਦਾਰੀ ’ਤੇ ਬਹਿਸ ਕਰਨ ਦੀ ਥਾਂ ਮੁੱਖ ਮੰਤਰੀ ਨੇ ਭੱਜਣ ਨੂੰ ਤਰਜੀਹ ਦਿੱਤੀ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕ ਵਾਹਨ ’ਤੇ ਚੜ੍ਹ ਕੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਚੰਡੀਗੜ੍ਹ ਦੀਆਂ ਸੜਕਾਂ ’ਤੇ ’ਭੱਜ ਗਿਆ ਬਈ ਭੱਜ ਗਿਆ’ ਦੇ ਨਾਅਰੇ ਗੂੰਜਣ ਲੱਗ ਪਏ। ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਦੇ ਨਾਂ ਵਾਲੀ ਖਾਲੀ ਚੇਅਰ ਵਾਹਨ ’ਤੇ ਰੱਖ ਦਿੱਤੀ ਤੇ ਦਰਸਾਇਆ ਕਿ ਕਿਵੇਂ ਭਗਵੰਤ ਮਾਨ ਬਹਿਸ ਤੋਂ ਭੱਜ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੈਨੂੰ ਚੁਣੌਤੀ ਦਿੱਤੀ ਸੀ ਕਿ ਐਸ ਵਾਈ ਐਲ ’ਤੇ ਬਹਿਸ ਕਰਕੇ ਵਿਖਾਉਣ ਤੇ ਮੈਂ ਚੁਣੌਤੀ ਪ੍ਰਵਾਨ ਕਰ ਲਈ ਅਤੇ ਇਹ ਵੀ ਐਲਾਨ ਕੀਤਾ ਕਿ ਮੈਂ ਬਹਿਸ ਵਾਸਤੇ ਉਹਨਾਂ ਦੀ ਰਿਹਾਇਸ਼ ’ਤੇ ਆਵਾਂਗਾ। ਉਹਨਾਂ ਕਿਹਾ ਕਿ ਮੈਂ ਸੋਚਿਆਸੀ  ਕਿ ਮੁੱਖ ਮੰਤਰੀ ਉਸੇ ਤਰੀਕੇ ਸਾਨੂੰ ਰਿਹਾਇਸ਼ ’ਤੇ ਜੀ ਆਇਆਂ ਆਖਣਗੇ ਜਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਗਵੰਤ ਮਾਨ ਤੇ ਆਪ ਲੀਡਰਸ਼ਿਪ ਸਮੇਤ ਉਹਨਾਂ ਦੀ ਰਿਹਾਇਸ਼ ’ਤੇ ਆਉਣ ਵਾਲੇ ਵਿਖਾਵਾਕਾਰੀਆਂ ਨੂੰ ਜੀ ਆਇਆਂ ਕਹਿੰਦੇ ਸਨ ਪਰ ਉਹਨਾਂ ਮੇਰਾ ਤੇ ਅਕਾਲੀ ਦਲ ਦਾ ਸਾਹਮਣਾ ਕਰਨ ਨਾਲੋਂ ਕੇਜਰੀਵਾਲ ਨਾਲ ਮੱਧ ਪ੍ਰਦੇਸ਼ ਭੱਜਣ ਨੂੰ ਤਰਜੀਹ ਦਿੱਤੀ। ਸਰਦਾਰ ਬਾਦਲ ਨੇ ਕਿਹਾ ਕਿ ਪਾਣੀ ਪੰਜਾਬ ਲਈ ਉਸੇ ਤਰੀਕੇ ਕੁਦਰਤੀ ਸਰੋਤ ਹੈ ਜਿਵੇਂ ਛਤੀਸਗੜ੍ਹ ਲਈ ਕੋਲਾ ਤੇ ਰਾਜਸਥਾਨ ਲਈ ਸੰਗਮਰਮਰ। ਉਹਨਾਂ ਕਿਹਾ ਕਿ ਇਹ ਸਰੋਤ 1955 ਵਿਚ ਸਾਡੇ ਤੋਂ ਖੋਹ ਲਿਆ ਗਿਆਸੀ  ਜਦੋਂ ਸਮੇਂ ਦੀ ਕਾਂਗਰਸ ਸਰਕਾਰ ਨੇ ਸਾਡਾ ਅੱਧਾ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਸੀ ਅਤੇ ਇਸ ਮਗਰੋਂ 1976 ਵਿਚ ਰਹਿੰਦੇ ਪਾਣੀ ਵਿਚੋਂ ਅੱਧਾ ਹਰਿਆਣਾ ਨੂੰ ਦੇ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਜਿਸ ਤਹਿਤ ਕੇਂਦਰ ਸਰਕਾਰ ਨਵੇਂ ਰਾਜਾਂ ਨੂੰ ਪਾਣੀ ਅਲਾਟ ਕਰ ਸਕਦੀ ਹੈ, ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਕੇ ਹੋਏ ਅਨਿਆਂ ਦੀ ਦਰੁੱਸਤੀ ਕਰਨ ਦੀ ਕੋਸ਼ਿਸ਼ ਕੀਤੀ। ਪਰ 1981 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਕੇਸ ਵਾਪਸ ਲੈਣ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਲਈ ਰਾਜ਼ੀ ਕੀਤਾ ਤੇ ਫਿਰ 1982 ਵਿਚ ਇੰਦਰਾ ਗਾਂਧੀ ਨੇ ਨਹਿਰ ਦੀ ਉਸਾਰੀ ਸ਼ੁਰੂ ਕਰਵਾਈ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਵੀ ਕਾਂਗਰਸ ਪਾਰਟੀ ਦੇ ਰਾਹ ਚਲ ਰਹੀ ਹੈ। ਉਹਨਾਂ ਕਿਹਾ ਕਿ ਆਪ ਹਰਿਆਣਾ ਤੇ ਰਾਜਸਥਾਨ ਨੂੰ ਹੋਰ ਪਾਣੀ ਦੇਣ ਦੀ ਤਿਆਰੀ ਵਿਚ ਹੈ ਤਾਂ ਜੋ ਇਹਨਾਂ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵੇਲੇ ਪਾਰਟੀ ਨੂੰ ਸਿਆਸੀ ਲਾਹਾ ਮਿਲ ਸਕੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਵਿਚ ਐਸ ਵਾਈ ਐਲ ’ਤੇ ਸੁਣਵਾਈ ਦੌਰਾਨ ਇਹ ਗੱਲ ਪ੍ਰਵਾਨ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣ ਲਈ ਸਹਿਮਤੀ ਪ੍ਰਗਟ ਕੀਤੀ ਹੈ ਪਰ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 2016 ਵਿਚ ਕਿਸਾਨ ਨੂੰ ਵਾਪਸ ਕੀਤੀ ਜ਼ਮੀਨ ਮੁੜ ਐਕਵਾਇਰ ਕਰਨ ਵਿਚ ਆ ਰਹੀ ਮੁਸ਼ਕਿਲ ਕਾਰਨ ਰੁਕਾਵਟਾਂ ਆ ਰਹੀਆਂ ਹਨ। ਸਰਦਾਰ ਬਾਦਲ ਨੇ ਨਸ਼ਾ ਤਸਕਰੀ ਵਿਚ ਹੋਏ ਅਥਾਹ ਵਾਧੇ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਆਪ ਦੇ ਵਿਧਾਇਕ ਡਰੱਗ ਮਾਫੀਆ ਤੋਂ ਮਹੀਨੇ ਲੈ ਰਹੇ ਹਨ ਜਿਸ ਕਾਰਨ ਸੂਬਾ ਪੁਲਿਸ ਨਸ਼ਾ ਮਾਫੀਆ ਦੇ ਸਰਗਰਨੇ ਗ੍ਰਿਫਤਾਰ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਰਾਜ ਦੇ ਰਾਜਪਾਲ ਵਿਚਾਲੇ ਖਿੱਚੋਤਾਣ ਦਾ ਕਾਰਨ ਵੀ ਨਸ਼ੇ ਹੀ ਹਨ। ਉਹਨਾਂ ਕਿਹਾ ਕਿ ਰਾਜਪਾਲ ਨੇ ਮੁੱਖ ਮੰਤਰੀ ਨੂੰ ਆਖਿਆ ਸੀ ਕਿ ਲੁਧਿਆਣਾ ਵਿਚ ਨਸ਼ਾ ਸ਼ਰਾਬ ਦੇ ਠੇਕਿਆਂ ’ਤੇ ਵਿਕ ਰਿਹਾ ਹੈ ਉਹਨਾਂ ਕਿਹਾ ਕਿ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਰਾਜਪਾਲ ਨੇ ਐਨ ਸੀ ਬੀ ਨੂੰ ਸੂਚਿਤ ਕੀਤਾ ਜਿਸਨੇ ਲੁਧਿਆਣਾ ਵਿਚ 66 ਸ਼ਰਾਬ ਦੇ ਠੇਕੇ ਸੀਲ ਕੀਤੇ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ ਤੇ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਸਰਕਾਰ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਹੀਂ ਦੇ ਰਹੀ, ਨਾ ਹੀ ਬੇਰੋਜ਼ਗਾਰੀ ਭੱਤਾ ਤੇ 2500 ਰੁਪਏ ਬੁਢਾਪਾ ਪੈਨਸ਼ਨ ਦੇ ਰਹੀ ਹੈ, ਨਾ ਹੀ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਰੈਗੂਲਰ ਕੀਤੇ ਹਨ, ਨਾ ਪੁਰਾਣੀ ਪੈਨਸ਼ਨ ਸਕੀਮ  ਬਹਾਲ ਕੀਤੀ ਹੈ, ਨਾ ਹੀ 10 ਦਿਨਾਂ ਵਿਚ ਨਸ਼ਾ ਤਸਕਰੀ ਖਤਮ ਕੀਤੀ ਤੇ ਨਾ ਹੀ ਵੀ ਵੀ ਆਈ ਪੀ ਸਕਿਓਰਿਟੀ ਕਲਚਰ ਖਤਮ ਕੀਤਾ ਹੈ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਰਾਜ ਦਾ ਸਰਕਾਰੀ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ ਤੇ 750 ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਵਾਲੇ ਰਾਜਾਂ ਵਿਚ ਪ੍ਰਚਾਰ ਵਾਸਤੇ ਪ੍ਰਾਈਵੇਟ ਜੈਟ ਕਿਰਾਏ ’ਤੇ ਲਿਆ ਜਾ ਰਿਹਾ ਹੈ ਜਿਸ ’ਤੇ ਸਰਕਾਰੀ ਖ਼ਜ਼ਾਨੇ ਤੋਂ 120 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸੀਨੀਅਰ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਜਦੋਂ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਹੀਰਾ ਸਿੰਘ ਗਾਬੜੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।
 

01