ਸੁਖਦੇਵ ਢੀਂਡਸਾ ਨੇ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵਲੋਂ ਅੱਠ ਸੀਨੀਅਰ ਆਗੂਆਂ ਦੀ ਬਰਤਰਫ਼ੀ ਨੂੰ ਸਿਰੇ ਤੋਂ ਕੀਤਾ ਰੱਦ

  • ਕਿਹਾ, ਬਰਤਰਫ਼ੀ ਦਾ ਅਧਿਕਾਰ ਸਿਰਫ਼ ਵਰਕਿੰਗ ਕਮੇਟੀ ਕੋਲ 
  • ‘ਜਲਦੀ ਡੈਲੀਗੇਟ ਅਜਲਾਸ ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕੀਤਾ ਜਾਵੇਗਾ’

ਚੰਡੀਗੜ੍ਹ, 31 ਜੁਲਾਈ 2024 : ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵਲੋਂ ਕੱਲ ਅੱਠ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਬਰਤਰਫੀ ਦਾ ਅਧਿਕਾਰ ਸਿਰਫ ਵਰਕਿੰਗ ਕਮੇਟੀ ਕੋਲ ਹੈ। ਇਸ ਦੇ ਨਾਲ ਹੀ ਸ. ਢੀਂਡਸਾ ਨੇ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਡੈਲੀਗੇਟਾਂ ਦਾ ਇਜਲਾਸ ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕੀਤਾ ਜਾਵੇਗਾ। ਸ਼੍ਰੀ ਢੀਂਡਸਾ ਨੇ ਕਿਹਾ ਕਿ ਹੁਣ ਜਦੋਂ ਡੇਰਾ ਸੱਚਾ ਸੌਦਾ ਦੇ ਰਾਜਸੀ ਵਿੰਗ ਦੇ ਮੁੱਖੀ ਨੇ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਮੁੱਖੀ ਰਾਮ ਰਹੀਮ ਨਾਲ ਮੁਲਾਕਾਤਾਂ ਕਰਨ ਦਾ ਸੱਚ ਜੱਗ ਜ਼ਾਹਰ ਕਰ ਦਿੱਤਾ ਹੈ ਤਾਂ ਸੁਖਬੀਰ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ। ਉਹਨਾਂ ਕਿਹਾ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਅਜੇ ਵੀ ਪਾਰਟੀ ਵਰਕਰਾਂ ਅਤੇ ਸਮੂਹ ਪੰਜਾਬੀਆਂ ਖਾਸ ਕਰ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਉਲਟ ਪਾਰਟੀ ਪ੍ਰਧਾਨ ਦੀ ਪਦਵੀ ਨੂੰ ਚਿੰਬੜਿਆ ਬੈਠਾ ਹੈ, ਪਰ ਅਸਲ ਵਿਚ ਹੁਣ ਉਹ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ਼ ਪੂਰੀ ਤਰਾਂ ਗੁਆ ਚੁੱਕਿਆ ਹੈ ਤੇ ਪਾਰਟੀ ਇਕ ਤਰਾਂ ਨਾਲ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ। ਪਾਰਟੀ ਸਰਪ੍ਰਸੱਤ ਨੇ ਕਿਹਾ ਕਿ ਇਸ ਲਈ ਹੀ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਦਾ ਡੈਲੀਗੇਟ ਅਜਲਾਸ ਬੁਲਾ ਕੇ ਪਾਰਟੀ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇ ਤਾਂ ਕਿ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇ। ਉਹਨਾਂ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਛੇਤੀ ਹੀ ਜਨਰਲ ਅਜਲਾਸ ਦਾ ਸਮਾਂ ਤੇ ਅਸਥਾਨ ਬਾਰੇ ਫੈਸਲਾ ਕਰਨਗੇ। ਸ਼੍ਰੀ ਢੀਂਡਸਾ ਨੇ ਕਿਹਾ ਕਿ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਵਲੋਂ ਕੱਲ ਕੀਤੇ ਗਏ ਫੈਸਲੇ ਪਾਰਟੀ ਦੇ ਸੰਵਿਧਾਨ ਅਤੇ ਰਿਵਾਇਤਾਂ ਤੋਂ ਬਿਲਕੁਲ ਉਲਟ ਹਨ ਇਸ ਲਈ ਰੱਦ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਪਾਰਟੀ ਵਿਰੋਧੀ ਕਾਰਵਾਈਆਂ ਜਾਂ ਪਾਰਟੀ ਨੂੰ ਕਿਸੇ ਢੰਗ ਨਾਲ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਆਗੂ ਨੂੰ ਪਾਰਟੀ ਵਿਚੋਂ ਕੱਢਣ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਹੈ। ਉਹਨਾਂ ਹੋਰ ਸਪਸ਼ਟ ਕੀਤਾ ਕਿ ਅਨੁਸਾਸ਼ਨੀ ਕਮੇਟੀ ਸਿਰਫ਼ ਵਰਕਿੰਗ ਕਮੇਟੀ ਜਾਂ ਪਾਰਟੀ ਪ੍ਰਧਾਨ ਨੂੰ ਸਿਫਾਰਸ਼ ਕਰ ਸਕਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਰਵਾਈ ਕਰਨ ਤੋਂ ਪਹਿਲਾਂ ਨਾ ਕੋਈ ਕਮੇਟੀ ਦੀ ਮੀਟਿੰਗ ਬੁਲਾਈ ਗਈ, ਨਾ ਕੱਢੇ ਜਾਣ ਵਾਲੇ ਆਗੂਆਂ ਨੂੰ ਕੋਈ ਨੋਟਿਸ ਦਿੱਤਾ ਗਿਆ ਤੇ ਸਿਰਫ ਬਲਵਿੰਦਰ ਸਿੰਘ ਭੂੰਦੜ ਆਏ ਤੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰਕੇ ਚਲੇ ਗਏ ਜੋ ਕਿ ਸਰਾਸਰ ਗੈਰ ਸੰਵਿਧਾਨਕ ਹੈ।  ਪਾਰਟੀ ਸਰਪ੍ਰਸਤ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਤੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦਸਮ ਪਾਤਸ਼ਾਹ ਦਾ ਸੁਆਂਗ ਰਚਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਘੜਣ ਦੇ ਦੋਸ਼ੀ ਰਾਮ ਰਹੀਮ ਨੂੰ ਮਿਲ ਕੇ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਉਥੇ ਸਮੁੱਚੇ ਖਾਲਸਾ ਪੰਥ ਨਾਲ ਵੀ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਜਿਹੜੇ ਅਕਾਲੀ ਆਗੂ ਹੁਣ ਡੇਰੇ ਦੇ ਆਗੂ ਪ੍ਰਦੀਪ ਕਲੇਰ ਨੂੰ ਹੁਣ ਬੇਅਦਬੀਆਂ ਦੀ ਸਾਜ਼ਿਸ਼ ਰੱਚਣ ਦਾ ਮੁੱਖ ਦੋਸ਼ੀ ਕਹਿ ਰਹੇ ਹਨ ਉਹ ਇਹ ਦਸਣ ਕਿ ਸੁਖਬੀਰ ਸਿੰਘ ਬਾਦਲ ਨੇ ਉਸ ਆਗੂ ਨੂੰ ਰਾਮ ਰਹੀਮ ਨਾਲ ਰਾਬਤਾ ਰੱਖਣ ਲਈ ਆਪਣਾ ਏਲਚੀ ਕਿਉਂ ਬਣਾਇਆ ਅਤੇ ਆਪਣੇ ਘਰ ਬੁਲਾ ਬੁਲਾ ਕੇ ਕਿਉਂ ਉਸ ਨਾਲ ਮੁਲਾਕਾਤਾਂ ਕਰਦਾ ਰਿਹਾ। ਜਿਸ ਨੇ ਮੁਆਫ਼ੀ ਵਾਲੀੳਾਂ ਚਿੱਠੀਆਂ ਦਾ ਅਦਾਨ ਪ੍ਰਦਾਨ ਵੀ ਕੀਤਾ ਸੀ। ਸ਼੍ਰੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਸਿੱਖ ਪੰਥ ਦੇ ਰਾਜਸੀ ਪ੍ਰਗਟਾਉ ਅਤੇ ਸਿਆਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਹੋਂਦ ਵਿਚ ਆਈ ਸੀ, ਇਸ ਲਈ ਇਸ ਨੂੰ ਚੜ੍ਹਦੀ ਕਲਾ ਵਿਚ ਲੈ ਕੇ ਜਾਇਆ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੂਜਾ ਸ਼੍ਰੋਮਣੀ ਅਕਾਲੀ ਦਲ ਹੀ ਹੁਣ ਬੜੇ ਗੰਭੀਰ ਸੰਕਟ ਵਿਚੋਂ ਨਿਕਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਥਕ ਮਰਿਆਦਾ ਤੋੜਨ ਦੇ ਗੰਭੀਰ ਇਲਜ਼ਾਮ ਲੱਗਦੇ ਆ ਰਹੇ ਹਨ। ਪਿਛਲੇ ਦਿਨਾਂ ਵਿਚ ਜੋ ਸਾਹਮਣੇ ਆਇਆ ਹੈ, ਉਸ ਨਾਲ ਸਾਡੇ ਸਾਰਿਆਂ ਦਾ ਸਿਰ ਨੀਵਾਂ ਹੋਇਆ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਡੇਰਾ ਸਿਰਸਾ ਮੁਖੀ ਨੂੰ ਮਿਲਦੇ ਰਹੇ ਤੇ ਇਸ ਤੋਂ ਘਿਨਾਉਣਾ ਪਾਪ ਕੀਤਾ ਕਿ ਉਸ ਗੱਲ ਦੀ ਵਿਚੋਲਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਕਰਦਾ ਰਿਹਾ ਹੈ। ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ ਤਾਂ ਸਮੁੱਚੀ ਨਾਨਕ ਨਾਮ ਲੇਵਾ ਦੇ ਮਨਾਂ ਵਿਚ ਗਹਿਰੀ ਸੱਟ ਵੱਜੀ ਹੈ। ਇਸ ਤੋਂ ਅੱਗੇ ਬੋਲਦਿਆਂ ਗੁਰਪ੍ਰਤਾਪ ਸਿੰਘ ਬਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੂੰ ਸਰਕਲ ਪ੍ਰਧਾਨ ਸਾਹਿਬਾਨਾਂ ਨੂੰ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ, ਜ਼ਿਲਾ ਪ੍ਰਧਾਨਾਂ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਸਾਰੇ ਅੱਗੇ ਆਉਣ ਕਿਉਂਕਿ ਪਾਰਟੀ ’ਤੇ ਬੜਾ ਗੰਭੀਰ ਸੰਕਟ ਹੈ। ਪਾਰਟੀ ਪ੍ਰਧਾਨ ਦੀਆਂ ਆਪਹੁਦਰੀਆਂ ਕਰਕੇ ਸਾਰਿਆਂ ਦਾ ਸਿਰ ਨੀਵਾਂ ਹੋਇਆ ਹੈ। ਇਸ ਸਮੇਂ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸਮੁੱਚੀ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ, ਲੀਡਰ ਸਹਿਬਾਨਾਂ ਨੂੰ, ਸ੍ਰੋਮਣੀ ਕਮੇਟੀ ਮੈਂਬਰ ਸਹਿਬਾਨਾਂ ਨੂੰ ਬੇਨਤੀ ਹੈ ਕੀਤੀ ਹੈ ਕਿ ਸਾਰੇ ਹੀ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਸਾਥ ਦਿਓ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਕਨਵੀਨਰ ਸ: ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜੰਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੌਲੀ, ਜਸਟਿਸ ਨਿਰਮਲ ਸਿੰਘ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾ, ਰਣਧੀਰ ਸਿੰਘ ਰੱਖੜਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਅਮਰਿੰਦਰ ਸਿੰਘ ਲਿਬੜਾ, ਤਜਿੰਦਰਪਾਲ ਸਿੰਘ ਸੰਧੂ, ਬੀਬੀ ਪਰਮਜੀਤ ਕੌਰ ਗੁਲਸ਼ਨ, ਸੁਰਿੰਦਰ ਕੌਰ ਦਿਆਲ, ਸਤਵਿੰਦਰ ਸਿੰਘ ਟੌਹੜਾ ਆਦਿ ਵੀ ਹਾਜ਼ਰ ਸਨ।