ਪੰਜਾਬ ਦੀ ਪਰਾਲੀ ਹੁਣ ਕੇਰਲ ਭੇਜੀ ਜਾਵੇਗੀ, ਪਸ਼ੂਆਂ ਲਈ ਬਣੇਗਾ ਚਾਰਾ

ਚੰਡੀਗੜ੍ਹ : ਪੰਜਾਬ ਵਿਚ ਆਏ ਦਿਨ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਪ੍ਰਦੂਸ਼ਣ ਦੀ ਸਥਿਤੀ ਨੂੰ ਵੀ ਗੰਭੀਰ ਕਰ ਰਿਹਾ ਹੈ। ਪਰ ਹੁਣ ਪੰਜਾਬ ‘ਚ ਪਰਾਲੀ ਦੇ ਹੱਲ ਦਾ ਨਵਾਂ ਰਾਹ ਖੁੱਲ੍ਹਦਾ ਦਿਖਾਈ ਦੇ ਰਿਹਾ ਹੈ। ਜੇਕਰ ਇਹ ਕਾਮਯਾਬ ਹੁੰਦਾ ਹੈ ਤਾਂ ਸੂਬੇ ਅੰਦਰ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਨੌਬਤ ਨਹੀਂ ਆਵੇਗੀ। ਇਸ ਦਰਮਿਆਨ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੀ ਪਰਾਲੀ ਹੁਣ ਕੇਰਲ ਭੇਜੀ ਜਾਵੇਗੀ। ਇਸ ਦੀ ਵਰਤੋਂ ਪਸ਼ੂਆਂ ਦੇ ਚਾਰੇ ਲਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਰੇਲ ਜ਼ਰੀਏ ਪੰਜਾਬ ਦੀ ਪਰਾਲੀ ਕੇਰਲ ਭੇਜੀ ਜਾਵੇਗੀ। ਦਰਅਸਲ ਤਟਵਰਤੀ ਸੂਬਾ ਹੋਣ ਕਾਰਨ ਵਾਹੀਯੋਗ ਜ਼ਮੀਨ ਘੱਟ ਹੋਣ ਕਾਰਨ ਕੇਰਲ ਵਿਚ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਨਹੀਂ ਹੋ ਪਾਉਂਦਾ। ਇਸ ਲਈ ਪੰਜਾਬ ਦੀ ਪਰਾਲੀ ਦਾ ਇਸਤੇਮਾਲ ਪਸ਼ੂਆਂ ਦੇ ਚਾਰੇ ਲਈ ਕੀਤਾ ਜਾਵੇਗਾ। ਇਸ ਨਾਲ ਕੇਰਲ ਦੇ ਲੱਖਾਂ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਦੱਸ ਦੇਈਏ ਕਿ ਪੰਜਾਬ ‘ਚ ਹਰ ਸਾਲ 2 ਕਰੋੜ ਟਨ ਪਰਾਲੀ ਪੈਦਾ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਕਰੋੜਾਂ ਟਨ ਪਰਾਲੀ ਸੰਭਾਲਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਪੰਜਾਬ ਸਰਕਾਰ ਨੇ ਕੇਰਲ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਦੇਸ਼ ਵਿਚ ਦੁੱਧ ਉਤਪਾਦਨ ਵਿਚ ਪੰਜਾਬ ਦੇ ਬਾਅਦ ਕੇਰਲ ਦਾ ਨਾਂ ਆਉਂਦਾ ਹੈ। ਦੋਵੇਂ ਸਰਕਾਰਾਂ ਦੇ ਇਸ ਫੈਸਲੇ ਨਾਲ ਕੇਰਲ ਦੇ ਲੱਖਾਂ ਦੁੱਧ ਉਤਪਾਦਕਾਂ ਨੂੰ ਫਾਇਦਾ ਹੋਵੇਗਾ। ਭਾਰਤੀ ਖੇਤੀ ਖੋਜ ਕੌਂਸਲ ਵਲੋਂ ਜਾਰੀ ਅੰਕੜਿਆਂ ਮੁਤਾਬਕ 15 ਸਤੰਬਰਤੋਂ 5 ਨਵੰਬਰ ਵਿਚ ਇਕੱਲੇ ਪੰਜਾਬ ਵਿਚ ਪਰਾਲੀ ਸਾੜਨ ਦੇ 24900 ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਹਰਿਆਣਾ ਵਿਚ 2530, ਮੱਧ ਪ੍ਰਦੇਸ਼ ਵਿਚ 2246, ਯੂਪੀ ਵਿ 927, ਰਾਜਸਥਾਨ ਵਿਚ 587 ਤੇ ਦਿੱਲੀ ਵਿਚ ਪਰਾਲੀ ਵਿਚ ਪਰਾਲੀ ਸਾੜਨ ਦੀਆਂ 9 ਘਟਨਾਵਾਂ ਦਰਜ ਕੀਤੀਆਂ ਗਈਆਂ।