ਪਟਿਆਲਾ ਦੇ ਚੀਕਾ ਰੋਡ ਤੇ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਤ

ਪਟਿਆਲਾ, 30 ਨਵੰਬਰ : ਸਥਾਨਕ ਸ਼ਹਿਰ ਦੇ ਚੀਕਾ ਰੋਡ ਤੇ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਸੰਜੂ (23) ਵਾਸੀ ਚਰਾਸੋ ਅਤੇ ਗੁਰਤੇਜ ਸਿੰਘ ਵਾਸੀ ਬਲਬੇੜਾ ਵਜੋਂ ਹੋਈ ਹੈ। ਮੌਕੇ ਤੇ ਪੁੱਜੀ ਪੁਲਿਸ ਚੌਂਕੀ ਬਲਬੇੜਾ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸੂਬਾ ਸਿੰਘ ਨੇ ਦੱਸਿਆ ਕਿ ਸੰਜੂ ਮਜ਼ਦੂਰੀ ਦਾ ਕੰਮ ਕਰਦਾ ਸੀ, ਦੇਰ ਰਾਤ ਉਹ ਆਪਣਾ ਕੰਮ ਕਰਨ ਤੋਂ ਬਾਅਦ ਵਾਪਸ ਪਿੰਡ ਜਾ ਰਿਹਾ ਸੀ, ਤਾਂ ਉਸਦੇ ਦੋਸਤ ਨੇ ਉਸਨੂੰ ਆਪਣੇ ਨਾਲ ਮੋਟਸਾਈਕਲ ਤੇ ਬਿਠਾ ਲਿਆ । ਜਦੋਂ ਉਹ ਰਾਧਾ ਸੁਆਮੀ ਡੇਰੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਕਾਰ ਚਾਲਕ ਤਾਂ ਮੌਕੇ ਤੋਂ ਫਰਾਰ ਹੋ ਗਿਆ, ਪਰ ਹਾਦਸੇ ਵਿੱਚ ਜਖ਼ਮੀ ਹੋਏ ਦੋਵੇਂ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।  ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਜੂ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਕਾਰ ਚਾਲਕ ਤੇ ਕੇਸ ਦਰਜ ਕਰਲਿਆ ਗਿਆ ਹੈ ਅਤੇ ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।