ਜ਼ੀਰਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, ਸਾਬਕਾ ਵਿਧਾਇਕ ਜ਼ੀਰਾ ਜ਼ਖ਼ਮੀ

ਜ਼ੀਰਾ, 01 ਅਕਤੂਬਰ 2024 : ਜ਼ੀਰਾ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ‘ਚ ਵਿਚਾਲੇ ਹਿੰਸਕ ਝੜੱਪ ਹੋ ਗਈ। ਜਿਸ ਤੋਂ ਬਾਅਦ ਇਲਾਕੇ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਨੂੰ ਲੈ ਕੇ ਜ਼ੀਰਾ ‘ਚ ਹੰਗਾਮਾ ਹੋਇਆ, ਜਿਸ ਦੌਰਾਨ ਕਥਿਤ ਤੌਰ ‘ਤੇ ਗੋਲੀ ਚੱਲਣ ਦੀ ਖ਼ਬਰ ਹੈ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਇੱਟਾਂ, ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਅੱਜ ਦੁਪਹਿਰ ਜਦੋਂ ਕੁਲਬੀਰ ਸਿੰਘ ਜ਼ੀਰਾ ਆਪਣੇ ਸਮਰਥਕਾਂ ਸਮੇਤ ਕਾਂਗਰਸ ਦੇ ਪੰਚ ਅਤੇ ਸਰਪੰਚ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜ਼ੀਰਾ ਦੇ ਮੇਨ ਚੌਕ ਨੇੜੇ ਸੀਨੀਅਰ ਸੈਕੰਡਰੀ ਸਕੂਲ ਵੱਲ ਜਾ ਰਹੇ ਸਨ ਤਾਂ ਉੱਥੇ ਮੌਜੂਦ ਇੱਕ ਹੋਰ ਸਿਆਸੀ ਪਾਰਟੀ ਦੇ ਸਮਰਥਕ ਵੀ ਆ ਗਏ। ਇਹ ਸਮਰਥਕ ਆਮ ਆਦਮੀ ਪਾਰਟੀ ਦੇ ਦੱਸੇ ਜਾ ਰਹੇ ਹਨ। ਮਾਹੌਲ ਗਰਮ ਹੋਣ ਕਾਰਨ ਦੋਵਾਂ ਧਿਰਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਗੋਲੀਬਾਰੀ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਾਰੀ ਘਟਨਾ ‘ਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਮੌਕੇ ‘ਤੇ ਮੌਜੂਦ ਫ਼ਿਰੋਜ਼ਪੁਰ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਜੱਦੋ ਜਹਿਦ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀ ਬੁਛਾੜਾਂ ਵੀ ਸੁੱਟੀਆਂ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀਬਾਰੀ ਪੁਲਿਸ ਵੱਲੋਂ ਕੀਤੀ ਗਈ ਜਾਂ ਦੋਵਾਂ ਧਿਰਾਂ ਦੇ ਸਮਰਥਕਾਂ ਵੱਲੋਂ। ਪੁਲਿਸ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।