"ਸ਼੍ਰੀ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਅਕਾਲ ਚਲਾਣੇ ਤੋਂ ਬਹੁਤ ਸਦਮਾ ਪਹੁੰਚਿਆ ਹੈ : ਰਾਹੁਲ ਗਾਂਧੀ

ਲੁਧਿਆਣਾ, 14 ਜਨਵਰੀ : ਇਕ ਦਿਨ ਦੇ ਬ੍ਰੇਕ ਤੋਂ ਬਾਅਦ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਆਪਣੀ ਭਾਰਤ ਜੋੜੋ ਯਾਤਰਾ ਮੁੜ ਸ਼ੁਰੂ ਕੀਤੀ। ਇਸ ਤੋਂ ਬਾਅਦ ਦੁਪਹਿਰ ਨੂੰ ਫਿਲੌਰ-ਗੁਰਾਇਆ ਵਿਖੇ ਟੀ-ਬ੍ਰੇਕ ਹੋਵੇਗਾ। ਬਾਅਦ ਦੁਪਹਿਰ ਇਹ ਯਾਤਰਾ ਗੁਰਾਇਆ ਤੋਂ ਫਗਵਾੜਾ ਲਈ ਰਵਾਨਾ ਹੋਈ। ਜਿੱਥੇ ਰਾਤ ਠਹਿਰੇਗੀ। ਅਗਲੇ ਦਿਨ ਯਾਤਰਾ ਜਲੰਧਰ ਸ਼ਹਿਰ ਵਿੱਚ ਹੋਵੇਗੀ। ਰਾਹੁਲ ਗਾਂਧੀ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਹੁਣ ਉਸ ਦੀ ਆਪਣੀ ਸੁਰੱਖਿਆ ਤੋਂ ਇਲਾਵਾ ਪੰਜਾਬ ਪੁਲਿਸ ਦੇ 250 ਜਵਾਨਾਂ ਦੀ ਘੇਰਾਬੰਦੀ ਹੋਵੇਗੀ। ਬਿਨਾਂ ਇਜਾਜ਼ਤ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਣ ਦਿੱਤਾ ਜਾਵੇਗਾ। ਮੌਸਮ ਦੇ ਕਾਰਨ ਅੱਜ ਵੀ ਯਾਤਰਾ ਸਵੇਰੇ 7 ਵਜੇ ਹੀ ਸ਼ੁਰੂ ਹੋ ਗਈ। ਸਵੇਰੇ 5.30 ਵਜੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸ਼ਨ। ਰਸਤੇ ਵਿੱਚ ਹਰ ਕੋਈ ਰਾਹੁਲ ਗਾਂਧੀ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।

  • ਚੌਧਰੀ ਦੀ ਮੌਤ ਤੋਂ ਬਾਅਦ ਯਾਤਰਾ ਰੋਕੀ

ਯਾਤਰਾ ’ਚ ਸ਼ਾਮਿਲ ਹੋਣ ਸਮੇਂ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਐਮ.ਪੀ. ਚੌਧਰੀ ਸੰਤੋਖ ਸਿੰਘ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਯਾਤਰਾ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਦੇ ਘਰ ਵਿਖੇ ਚਲੇ ਗਏ। ਪਤਾ ਲੱਗਾ ਹੈ ਕਿ ਚੌਧਰੀ ਸੰਤੋਖ ਸਿੰਘ ਦਾ ਐਤਵਾਰ ਨੂੰ ਸੰਸਕਾਰ ਕੀਤਾ ਜਾਵੇਗਾ, ਉਨ੍ਹਾਂ ਦੇ ਅੰਤਿਮ ਸਸਕਾਰ ’ਚ ਵੀ ਰਾਹੁਲ ਗਾਂਧੀ ਅਤੇ ਸੀਨੀਅਰ ਕਾਂਗਰਸੀ ਆਗੂ ਸ਼ਾਮਿਲ ਹੋਣਗੇ। ਦੁਖੀ ਪਰਿਵਾਰ ਨੂੰ ਮਿਲਣ ਪੁੱਜੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇੱਕ ਮਿਹਨਤੀ ਆਗੂ ਅਤੇ ਪਾਰਟੀ ਦਾ ਮਜ਼ਬੂਤ ​​ਥੰਮ ਦੱਸਿਆ। ਗਾਂਧੀ ਨੇ ਚੌਧਰੀ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। "ਸ਼੍ਰੀ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਅਕਾਲ ਚਲਾਣੇ ਤੋਂ ਬਹੁਤ ਸਦਮਾ ਪਹੁੰਚਿਆ ਹੈ। ਉਹ ਧਰਤੀ ਤੋਂ ਨੀਵੇਂ ਅਤੇ ਮਿਹਨਤੀ ਨੇਤਾ, ਇੱਕ ਚੰਗੇ ਵਿਅਕਤੀ ਅਤੇ ਕਾਂਗਰਸ ਪਰਿਵਾਰ ਦੇ ਇੱਕ ਮਜ਼ਬੂਤ ​​ਥੰਮ੍ਹ ਸਨ, ਜਿਨ੍ਹਾਂ ਨੇ ਆਪਣਾ ਜੀਵਨ ਯੂਥ ਕਾਂਗਰਸ ਤੋਂ ਲੈ ਕੇ ਸੰਸਦ ਮੈਂਬਰ ਤੱਕ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਮੈਂ ਦੁਖੀ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।

  • ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ 17 ਜਨਵਰੀ ਨੂੰ  ਹੁਸ਼ਿਆਰਪੁਰ ਵਿਖੇ ਹੋਵੇਗੀ।

ਰਮੇਸ਼ ਨੇ ਇੱਕ ਟਵੀਟ ਵਿੱਚ ਕਿਹਾ, "ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਿਨ੍ਹਾਂ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਸੀ, ਦੇ ਸਤਿਕਾਰ ਵਜੋਂ ਭਾਰਤ ਜੋੜੋ ਯਾਤਰਾ 24 ਘੰਟਿਆਂ ਲਈ ਮੁਅੱਤਲ ਕੀਤੀ ਜਾਵੇਗੀ। ਯਾਤਰਾ ਭਲਕੇ ਬਾਅਦ ਦੁਪਹਿਰ ਖਾਲਸਾ ਕਾਲਜ ਗਰਾਊਂਡ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਜੋ ਕਿ 15 ਜਨਵਰੀ ਨੂੰ ਜਲੰਧਰ ਵਿਖੇ ਹੋਣੀ ਸੀ, ਹੁਣ 17 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਹੋਵੇਗੀ।