ਪੰਜਾਬ ਵਿੱਚ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ, ਤੇਜ਼ ਹਵਾ ਚੱਲਣ ਦੀ ਵੀ ਚੇਤਾਵਨੀ

ਚੰਡੀਗੜ੍ਹ, 9 ਜੁਲਾਈ : ਪੰਜਾਬ ਵਿੱਚ ਭਾਰੀ ਮੀਂਹ ਨੂੰ ਲੈ ਕੇ 6 ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਤੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਰਾਜਪੁਰਾ, ਡੇਰਾਬਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾਂ ਅਤੇ ਖਰੜ ਵਿਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਬੀਤੇ ਦਿਨ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪਿਆ। ਕੱਲ੍ਹ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਨਹਿਰਾਂ ਵਿਚ ਪਾਣੀ ਵਧ ਗਿਆ ਹੈ। ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਪਿੰਡ ਰਾਏਪੁਰ ਨੇੜੇ ਮਲੂਕਪੁਰਾ ਨਹਿਰ ਵਿਚ ਪਾੜ ਪੈਣ ਕਾਰਨ ਪਾਣੀ ਨੇ ਫ਼ਸਲਾਂ ਬਰਬਾਦ ਕਰ ਦਿਤੀਆਂ ਹਨ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਨਦੀਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ। ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਰੀਬ 6 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਥੇ 40 ਕਿਲੋਮੀਟਰ ਤੱਕ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਲੁਧਿਆਣਾ, ਚਮਕੌਰ ਸਾਹਿਬ, ਸਮਰਾਲਾ, ਬਲਾਚੌਰ, ਫਿਲੌਰ, ਨਕੋਦਰ, ਫਗਵਾੜਾ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ, ਬਟਾਲਾ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਬੁਢਲਾਡਾ, ਪਟਿਆਲਾ, ਰਾਜਪੁਰਾ, ਖੰਨਾ, ਖਰੜ, ਖਮਾਣੋਂ, ਰੂਪਨਗਰ, ਬਲਾਚੌਰ, ਸ਼ਾਹਕੋਟ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਰਾਏਕੋਟ, ਜਗਰਾਓ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ ਅਤੇ ਪਠਾਨਕੋਟ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਥੇ 30 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਬੀਤੇ ਦਿਨ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਜਿਸ ਕਾਰਨ ਜਨਜੀਵਨ ਵਿਅਸਤ ਹੋ ਗਿਆ। ਚੰਡੀਗੜ੍ਹ ਵਿੱਚ 302.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜਦੋਂ ਕਿ ਐਸਬੀਐਸ ਨਗਰ ਵਿੱਚ 268 ਐਮਐਮ, ਰੋਪੜ ਵਿੱਚ 236 ਐਮਐਮ, ਗੁਰਦਾਸਪੁਰ ਵਿੱਚ 141 ਐਮਐਮ, ਫਿਰੋਜ਼ਪੁਰ ਵਿੱਚ 111 ਐਮਐਮ, ਫਤਿਹਗੜ੍ਹ ਸਾਹਿਬ ਵਿੱਚ 103.5 ਐਮਐਮ, ਬਠਿੰਡਾ ਵਿੱਚ 151.4 ਐਮਐਮ ਮੀਂਹ ਦਰਜ ਕੀਤਾ ਗਿਆ ਹੈ।