ਰਾਮਪੁਰਾ ਫੂਲ ‘ਚ ਵਿਅਕਤੀ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ, ਦੋ ਵਿਅਕਤੀਆਂ ਦੀ ਮੌਤ, ਖੁਦ ਵੀ ਕੀਤੀ ਖੁਦਕਸ਼ੀ

ਰਾਮਪੁਰਾ ਫੂਲ, 10 ਨਵੰਬਰ : ਰਾਮਪੁਰਾ ਫੂਲ ਦੇ ਪਿੰਡ ਕੋਠਾ ਗੁਰੁ ‘ਚ ਦੋ ਪਰਿਵਾਰਾਂ ਦੀ ਆਪਸੀ ਲੜਾਈ-ਝਗੜੇ ਕਾਰਨ ਤਿੰਨ ਲੋਕਾਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਵਿੱਚ ਇੱਕ ਵਿਅਕਤੀ ਉਹ ਵੀ ਸ਼ਾਮਲ ਹੈ, ਜਿਸ ਦਾ ਉਕਤ ਦੋਵੇਂ ਪਰਿਵਾਰਾਂ ਨਾਲ ਸਿਵਾਏ ਬੋਲਚਾਲ ਤੋਂ ਕੋਈ ਵੱਡਾ ਸਬੰਧ ਨਹੀਂ ਸੀ। ਗੋਲੀਆਂ ਮਾਰ ਕੇ ਦੋ ਵਿਅਕਤੀਆਂ ਨੂੰ ਮਾਰਨ ਵਾਲੇ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਗੁਰਸ਼ਾਂਤ ਸਿੰਘ ਅਤੇ ਭੋਲਾ ਸਿੰਘ ਉਰਫ ਵੱਡੇ ਘਰ ਵਾਲਾ ਵਜੋਂ ਹੋਈ ਹੈ। ਜਦੋਂ ਕਿ ਖੁਦਕੁਸ਼ੀ ਕਰਨ ਵਾਲੇ ਦੀ ਪਛਾਣ ਗੁਰਸ਼ਰਨ ਸਿੰਘ ਉਰਫ ਸ਼ਰਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਠਾ ਗੁਰੁ ਦੇ ਮਨਿੰਦਰ ਸਿੰਘ ਉਰਫ ਨਿੰਦੀ ਕੁੱਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਜਿਸ ਦੀ ਆਤਮਿਕ ਸ਼ਾਂਤੀ ਲਈ ਪੌਣੇ ਸਾਲ ਹੋਣ ਤੇ ਪਾਠ ਪ੍ਰਕਾਸ਼ ਕਰਵਾਇਆ ਹੋਇਆ ਸੀ, ਅੱਜ ਭੋਗ ‘ਚ ਸ਼ਾਮਲ ਹੋਣ ਲਈ ਗੁਰਸ਼ਾਂਤ ਸਿੰਘ ਆਇਆ ਸੀ, ਜਿਸ ਨੂੰ ਦੇਖ ਕੇ ਗੁਰਸ਼ਰਨ ਸਿੰਘ ਨੇ ਆਪਣੇ ਘਰ ਵਿੱਚੋਂ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਸ਼ਾਂਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਜਦੋਂ ਪਿੰਡ ਦੇ ਕੁੱਝ ਲੋਕ ਗੁਰਸ਼ਾਂਤ ਸਿੰਘ ਨੂੰ ਦੇਖਣ ਗਏ ਤਾਂ ਗੁਰਸ਼ਰਨ ਸਿੰਘ ਨੇ ਉਨ੍ਹਾਂ ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਨੌਜਵਾਨ ਭੋਲਾ ਸਿੰਘ ਦੀ ਪਿੱਠ ਤੇ ਗੋਲੀ ਲੱਗਣ ਕਾਰਨ ਉਸਦੀ ਵੀ ਮੌਤ ਹੋ ਗਈ, ਕੁਲਦੀਪ ਸਿੰਘ ਪੁੱਤਰ ਜੈਲ ਸਿੰਘ ਜ਼ਖਮੀ ਹੈ। ਗੋਲੀਆਂ ਚੱਲਣ ਕਾਰਨ ਅਤੇ ਦੋ ਮੌਤਾਂ ਹੋਣ ਕਾਰਨ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਮ੍ਰਿਤਕ ਭੋਲਾ ਸਿੰਘ ਦੀ ਲਾਸ਼ ਨੂੰ ਚੁੱਕਣ ਲਈ ਕੋਈ ਅੱਗੇ ਨਾ ਆਇਆ। ਜਦੋਂ ਇਸ ਘਟਨਾਂ ਤੋਂ ਬਾਅਦ ਪੁਲਿਸ ਪਾਰਟੀ ਪਿੰਡ ਕੋਠੇ ਗੁਰੁ ਪੁੱਜੀ ਅਤੇ ਕਥਿਤ ਦੋਸ਼ੀ ਗੁਰਸ਼ਰਨ ਸਿੰਘ ਨੂੰ ਘੇਰਨ ਲਈ ਪੁਲਿਸ ਨੇ ਗੁਆਂਢੀਆਂ ਦੇ ਘਰਾਂ ਦੀਆਂ ਛੱਤਾਂ ਰਾਹੀਂ ਗੁਰਸ਼ਰਨ ਸਿੰਘ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਨ੍ਹਾਂ ਦੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਪੁਲਿਸ ਮੁਲਾਜਮਾਂ ਵੱਲੋਂ ਵੀ ਹਵਾਈ ਫਾਇਰ ਕਰਨ ਲਈ ਮਜ਼ਬੂਰ ਹੋਣਾ ਪਿਆ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਫਾਇਰਿੰਗ ਤਕਰੀਬਨ ਅੱਧਾ ਘੰਟਾ ਹੁੰਦੀ ਰਹੀ, ਗੁਰਸ਼ਰਨ ਸਿੰਘ ਨੇ ਤਿੰਨ ਦਰਜ਼ਨ ਦੇ ਕਰੀਬ ਗੋਲੀਆਂ ਚਲਾਈਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਦਾ ਅੱਜ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸਤੇ ਕੋਈ ਭੂਤ ਸਵਾਰ ਹੋ ਗਿਆ ਹੋਵੇ। ਇਸ ਘਟਨਾਂ ਸਬੰਧੀ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਵੀ ਕਥਿਤ ਦੋਸ਼ੀ ਗੁਰਸ਼ਰਨ ਸਿੰਘ ਤਾਬੜਤੋੜ ਗੋਲੀਆਂ ਚਲਾਉਂਦੇ ਦਿਖਾਈ ਦੇ ਰਿਹਾ ਹੈ। ਡੀਐਸਪੀ ਰਾਮਪੁਰਾ ਫੂਲ ਮੋਹਿਤ ਅੱਗਰਵਾਲ ਨੇ ਦੱਸਿਆ ਕਿ ਮਾਮਲਾ ਦੋ ਪ੍ਰੀਵਾਰਾਂ ਦੀ ਰੰਜਿਸ਼ ਦਾ ਹੈ। ਇਸ ਸਬੰਧ ’ਚ ਇੱਕ ਐਫ ਆਈ ਆਰ ਦਰਜ ਹੋਈ ਹੈ ਜਿਸ ਦੀ ਸੁਣਵਾਈ ਅਦਾਲਤ ’ਚ ਚੱਲ ਰਹੀ ਹੈ ਜਿਸ ਬਾਰੇ ਜਾਂਚ ਦੌਰਾਨ ਇਹ ਵੀ ਪਤਾ ਲਾਇਆ ਜਾਏਗਾ ਕਿ ਅਸਲ ’ਚ ਇਹ ਕੀ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਅੱਜ ਗੁਰਸ਼ਰਨ ਸਿੰਘ ਨੇ ਆਪਣੇ ਸ਼ਰੀਕੇ ਵਿੱਚੋਂ ਭਰਾ ਲੱਗਦੇ ਗੁਰਸ਼ਾਂਤ ਸਿੰਘ ਨੂੰ ਆਪਣੀ ਲਾੲਸੰਸੀ ਰਾਈਫਲ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੋਲੀਆਂ ਲੱਗਣ ਨਾਲ ਪਿੰਡ ਵਾਸੀ ਭੋਲਾ ਸਿੰਘ ਵੀ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਪਿੰਡ ਵਾਸੀ ਜਸਪਾਲ ਸਿੰਘ ਪਾਲਾ ਤੋਂ ਇਲਾਵਾ ਤੇਜੀ ਅਤੇ ਘੋਨਾ ਜਖਮੀ ਹੋਏ ਹਨ, ਜਿੰਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ਾਂ ਕਬਜੇ ’ਚ ਲੈਕੇ ਪੋਸਟਮਾਰਟਮ ਲਈ ਰਾਮਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਨੇ ਪੁਲਿਸ ਨੂੰ ਜਾਣਕਾਰੀ ਅਤੇ ਕੁੱਝ ਕਾਗਜ਼ ਪੱਤਰ ਦਿੱਤੇ ਹਨ, ਜਿੰਨ੍ਹਾਂ ਮੁਤਾਬਕ ਗੁਰਸ਼ਰਨ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇੰਨ੍ਹਾਂ ਤੱਥਾਂ ਦੇ ਨਾਲ ਨਾਲ ਸਮੁੱਚੇ ਮਾਮਲੇ ਦੀ ਪੂਰੀ ਡੁੰਘਾਈ ਨਾਲ ਪੜਤਾਲ ਕੀਤੀ ਜਾਏਗੀ।