ਪੰਜਾਬ ਪੁਲਿਸ ਨੇ ਰਿੰਦਾ ਗੈਂਗ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਟਾਲਿਆ, ਇੱਕ ਪਿਸਤੌਲ ਬਰਾਮਦ

  • ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ
  • ਸੂਬੇ ਦੇ ਮੋਹਤਬਾਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਗ੍ਰਿਫਤਾਰ ਕੀਤੇ ਸ਼ੂਟਰ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ, 17 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਹਮਾਇਤ ਪ੍ਰਾਪਤ ਅਤੇ ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਸੂਬੇ ਦੇ ਮੋਹਤਬਾਰ ਵਿਅਕਤੀਆਂ ਦੀ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲ ਦਿੱਤਾ ਹੈ। ਡੀਜੀਪੀ ਪੰਜਾਬ, ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ਼ ਰਾਜਾ ਬੈਂਸ ਵਾਸੀ ਬਟਾਲਾ ਅਤੇ ਬਾਵਾ ਸਿੰਘ ਵਾਸੀ ਪਿੰਡ ਲੁੱਧਰ (ਅੰਮ੍ਰਿਤਸਰ), ਗੁਰਕ੍ਰਿਪਾਲ ਸਿੰਘ ਉਰਫ਼ ਗਗਨ ਰੰਧਾਵਾ ਅਤੇ ਅਮਾਨਤ ਗਿੱਲ ਦੋਵੇਂ ਵਾਸੀ ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋੋਸ਼ੀਆਂ ਕੋਲੋਂ .32 ਬੋਰ ਦਾ ਇੱਕ ਪਿਸਤੌਲ ਅਤੇ 10 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਿੰਦਾ ਅਤੇ ਹੈਪੀ ਪਾਸੀਆ ਵੱਲੋਂ ਸੂਬੇ ਦੇ ਕੁਝ ਪ੍ਰਮੁੱਖ ਵਿਅਕਤੀਆਂ ਦੀ ਮਿੱਥਕੇ ਹੱਤਿਆ ਕਰਨ ਦੀ ਯੋਜਨਾ ਬਣਾਉਣ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਸ਼ੂਟਰਾਂ ਨੂੰ ਨਿਯੁਕਤ ਕਰਨ ਬਾਰੇ ਪੁਖ਼ਤਾ ਇਤਲਾਹ ਮਿਲਣ ਉਪਰੰਤ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਦੀਆਂ ਪੁਲਿਸ ਟੀਮਾਂ ਨੇ ਇੱਕ ਵਿਸ਼ੇਸ਼ ਆਪੇ੍ਰਸ਼ਨ ਚਲਾਇਆ ਅਤੇ ਵਿਕਰਮਜੀਤ ਉਰਫ਼ ਰਾਜਾ ਬੈਂਸ ਅਤੇ ਬਾਵਾ ਸਿੰਘ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗਸਟਰ ਹੈਪੀ ਪਾਸੀਆ ਨੇ ਮੁਲਜ਼ਮ ਵਿਕਰਮਜੀਤ ਨਾਲ ,ਟਾਰਗੇਟ ਕਿਲਿੰਗ ਕਰਨ ਸਬੰਧੀ 15 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਤੰਬਰ 2023 ਦੇ ਆਖਰੀ ਹਫ਼ਤੇ ਮੁਲਜ਼ਮ ਵਿਕਰਮਜੀਤ ਵੱਲੋਂ ਰੇਕੀ ਵੀ ਕੀਤੀ ਗਈ ਸੀ। ਡੀਜੀਪੀ ਨੇ ਦੱਸਿਆ ਕਿ ਅਗਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਕਰਮਜੀਤ ਲਈ ਪਿਸਤੌਲ ਅਤੇ ਜਿੰਦਾ ਕਾਰਤੂਸਾਂ ਦਾ ਪ੍ਰਬੰਧ ਹੈਪੀ ਪਾਸੀਆ ਨੇ ਆਪਣੇ ਸਥਾਨਕ ਸਾਥੀਆਂ ਗੁਰਕਿਰਪਾਲ ਸਿੰਘ ਉਰਫ਼ ਗਗਨ ਰੰਧਾਵਾ, ਹਰੀ ਸਿੰਘ ਉਰਫ਼ ਹੈਰੀ ਅਤੇ ਅਮਾਨਤ ਗਿੱਲ, ਸਾਰੇ ਵਾਸੀ ਅੰਮ੍ਰਿਤਸਰ ਰਾਹੀਂ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਪੁਲਿਸ ਟੀਮਾਂ ਨੇ ਗੁਰਕ੍ਰਿਪਾਲ ਸਿੰਘ ਅਤੇ ਅਮਾਨਤ ਗਿੱਲ ਨੂੰ ਵੀ ਕਾਬੂ ਕਰ ਲਿਆ ਹੈ, ਜਦਕਿ ਹਰੀ ਸਿੰਘ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਸਬੰਧੀ ਯੂਏਪੀਏ ਦੀ ਧਾਰਾ 17,18 ,20, ਆਈਪੀਸੀ ਦੀ ਧਾਰਾ 115, 153, 153ਏ ਅਤੇ 120ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।