ਪੰਜਾਬ ਸਰਕਾਰ ਹੋਈ ਸਖ਼ਤ, ਪਰਾਲੀ ਨੂੰ ਅੱਗ ਲਗਾਈ ਤਾਂ ਅਸਲਾ ਲਾਇਸੰਸ ਹੋਣਗੇ ਰੱਦ  

ਚੰਡੀਗੜ੍ਹ, 23 ਸਤੰਬਰ 2024 : ਪੰਜਾਬ ਵਿੱਚ ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਵੱਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਜਾਣਕਾਰੀ ਅਨੁਸਾਰ ਐਤਵਾਰ ਨੂੰ ਪਰਾਲੀ ਸਾੜਨ ਦੇ 11 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸਖ਼ਤ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਤਾਂ ਉਨ੍ਹਾਂ ਦੀ ਰੈੱਡ ਐਂਟਰੀ ਕੀਤੀ ਜਾਵੇਗੀ, ਅਸਲਾ ਲਾਇਸੈਂਸ ਵੀ ਰੱਦ ਕੀਤੇ ਜਾਣਗੇ। ਇਨ੍ਹਾਂ ਹੀ ਨਹੀਂ ਨਵੇਂ ਸਿਰੇ ਤੋਂ ਅਸਲੇ ਦਾ ਲਾਇਸੈਂਸ ਵੀ ਅਪਲਾਈ ਨਹੀਂ ਕੀਤੇ ਜਾ ਸਕਣਗੇ। ਹਰ ਸਾਲ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਸਖਤੀ ਦਿਖਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰਾਲੀ ਸਾੜਨ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਲਗਾਤਾਰ ਨੰਬਰ ਇੱਕ ਬਣ ਗਿਆ ਹੈ। ਇੱਥੇ 15 ਸਤੰਬਰ ਤੋਂ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 39 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਤਸੱਲੀਬਖਸ਼ ਸਥਿਤੀ ਵਿੱਚ ਹੈ, ਜਿਸ ਰਫ਼ਤਾਰ ਨਾਲ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੇ ਨਾਲ ਹੀ ਬਾਰਿਸ਼ ਵਿੱਚ ਵੀ ਕਮੀ ਆਈ ਹੈ। ਅਜਿਹੇ ਵਿੱਚ ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਹਵਾ ਦੇ ਪ੍ਰਦੂਸ਼ਿਤ ਹੋਣ ਦਾ ਖਤਰਾ ਹੈ।