ਪੀਐਸਈਬੀ ਵੱਲੋਂ ਪੰਜਵੀਂ, ਅੱਠਵੀ, ਦਸਵੀਂ ਤੇ 12ਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਾਰੀਕਾਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੋਰਡ ਦੀਆਂ ਕਲਾਸਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਖਾਸ ਖ਼ਬਰ ਸਾਹਮਣੇ ਆਈ ਹੈ। ਪੀਐਸਈਬੀ ਨੇ ਵੱਖ-ਵੱਖ ਕਲਾਸਾਂ ਦੀਆਂ ਪ੍ਰੀਖਿਆਵਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਫ਼ਰਵਰੀ / ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪੰਜਵੀਂ, ਅੱਠਵੀ, ਦਸਵੀਂ ਤੇ 12ਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਮੀਡੀਆ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਫ਼ਰਵਰੀ/ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ 'ਚ ਪੰਜਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 16 ਫ਼ਰਵਰੀ 2023 ਤੋਂ 24 ਫ਼ਰਵਰੀ 2023 ਤੱਕ, ਅੱਠਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 20 ਫ਼ਰਵਰੀ 2023 ਤੋਂ 6 ਮਾਰਚ 2023 ਤੱਕ, ਦਸਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 21 ਮਾਰਚ 2023 ਤੋਂ 18 ਅਪ੍ਰੈਲ 2023 ਤੱਕ ਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 20 ਫ਼ਰਵਰੀ 2023 ਤੋਂ 13 ਅਪਰੈਲ 2023 ਤੱਕ ਕਰਵਾਈਆਂ ਜਾਣਗੀਆਂ। ਮਹਿਰੋਕ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਲਿਖਤੀ ਪ੍ਰੀਖਿਆਵਾਂ ਉਪਰੰਤ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਐੱਨ.ਐੱਸ.ਕਿਊ.ਐੱਫ ਵਿਸ਼ਿਆਂ ਦੀਆਂ, ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਪ੍ਰਯੋਗੀ ਵਿਸ਼ਿਆਂ ਤੇ ਦਸਵੀਂ ਸ਼੍ਰੇਣੀ ਦੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 23 ਜਨਵਰੀ ਤੋਂ ਪਹਿਲੀ ਫ਼ਰਵਰੀ ਤੱਕ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ। ਪੰਜਵੀਂ, ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਸਬੰਧੀ ਡੇਟ-ਸ਼ੀਟ ਤੇ ਵਿਸਥਾਰਪੂਰਵਕ ਜਾਣਕਾਰੀ ਬਾਅਦ ਵਿੱਚ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in 'ਤੇ ਉਪਲਬਧ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫ਼ਤਰੀ ਕੰਮ-ਕਾਜ ਵਾਲੇ ਦਿਨਾਂ ਵਿੱਚ ਟੈਲੀਫ਼ੋਨ ਨੰਬਰ 0172-5227333, 5227334 'ਤੇ ਅਤੇ ਈ-ਮੇਲ ਆਈ.ਡੀ. conductpseb@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।