ਮਿਸ਼ਨ ਵਾਤਸਲਿਆ ਬਾਰੇ ਲੋਕਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਹੋਰ ਜਾਗਰੂਕ ਕੀਤਾ ਜਾਵੇ: ਡਾ.ਬਲਜੀਤ ਕੌਰ

ਚੰਡੀਗੜ੍ਹ :  ਪੰਜਾਬ ਰਾਜ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਵਾਤਸਲਿਆ ਬਾਰੇ ਸਬੰਧਤ ਅਧਿਕਾਰੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।  ਅੱਜ ਇੱਥੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮਹੀਨਾਵਾਰ ਕਾਰਜਗੁਜ਼ਾਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਮਿਸ਼ਨ ਵਾਤਸਲਿਆ ਸਕੀਮ ਅਪ੍ਰੈਲ 2022 ਤੋਂ ਲਾਗੂ ਹੋ ਚੁੱਕੀ ਹੈ, ਇਸ ਸਕੀਮ ਦਾ ਉਦੇਸ਼ ਬੱਚਿਆਂ ਦੇ ਬੁਨਿਆਦੀ ਸੁਰੱਖਿਆ, ਅਧਿਕਾਰਾਂ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਯਕੀਨੀ ਬਣਾਉਣਾ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਤਸਲਿਆਂ ਸਕੀਮ ਸਬੰਧੀ ਨਵੀਆਂ ਗਾਈਡਲਾਈਨ ਬਾਰੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ ਨੂੰ ਮੀਟਿੰਗ, ਵੀਡੀਓ ਕਾਨਫਰੰਸ ਅਤੇ ਟ੍ਰੇਨਿੰਗ ਰਾਹੀਂ ਜਾਗਰੂਕ ਕੀਤਾ ਜਾਵੇ, ਤਾਂ ਜੋ ਹਰ ਇੱਕ ਅਧਿਕਾਰੀ ਨੂੰ ਆਪਣੀ-ਆਪਣੀ ਭੂਮਿਕਾ ਦਾ ਪੂਰਾ ਗਿਆਨ ਹੋ ਸਕੇ ਅਤੇ ਮਿਸ਼ਨ ਵਾਤਸਲਿਆ ਨੂੰ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਹੁਕਮ ਕੀਤੇ ਕਿ ਮਿਸ਼ਨ ਵਾਤਸਲਿਆ ਦੀ ਅਸਾਮੀਆਂ ਵਿਰੁੱਧ ਭਰਤੀ ਕਰਨ ਵੇਲੇ ਸਟੇਅ ਆਫਟਰ ਕੇਅਰ ਹੋਮ ਵਿੱਚ ਰਹਿਣ ਵਾਲੇ 18 ਸਾਲ ਜਾਂ ਵੱਧ ਉਮਰ ਦੇ ਬੱਚਿਆ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ  ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਹਰ ਜਿਲ੍ਹੇ ਵਿੱਚ ਬਾਲ ਘਰ ਸਥਾਪਿਤ ਕਰਨ ਬਾਰੇ ਤਜ਼ਵੀਜ਼ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਅਸੁਰੱਖਿਆ ਨਾ ਮਹਿਸੂਸ ਕਰੇ, ਇਸ ਤੋਂ ਇਲਾਵਾ ਜਿਹਨਾਂ ਬਾਲ ਘਰਾਂ ਵਿੱਚ ਸਮਰੱਥਾ ਤੋ ਜ਼ਿਆਦਾ ਬੱਚੇ ਰਹਿ ਰਹੇ ਹਨ ਉਨ੍ਹਾਂ ਨੂੰ ਦੂਸਰਿਆਂ ਜ਼ਿਲ੍ਹਿਆਂ ਦੇ ਬਾਲ ਘਰਾਂ ਵਿੱਚ ਤਬਦੀਲ ਕੀਤਾ ਜਾਵੇਗਾ।  ਉਨ੍ਹਾਂ ਜਿਲ੍ਹਾ ਅੰਮ੍ਰਿਤਸਰ ਦੇ ਸੁਧਾਰ ਘਰ ਦੀ ਉਸਾਰੀ ਸਬੰਧੀ ਕਾਰਜ਼ ਵਿੱਚ ਹੋਰ ਤੇਜ਼ੀ ਲਿਆਉਣ ਦੇ ਹੁਕਮ ਵੀ ਦਿੱਤੇ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਉਨ੍ਹਾਂ ਦੇ ਵਿਆਹ ਉਪਰੰਤ ਬਦਲੀ ਕਰਵਾਉਣ ਸਬੰਧੀ ਨਵੀਆਂ ਹਦਾਇਤਾਂ ਬਣਾਉਣ ਦੇ ਕਾਰਜ਼ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਅਤੇ ਨਾਲ ਹੀ ਕਿਹਾ ਕਿ ਤਜ਼ਵੀਜ਼ ਇਸ ਤਰ੍ਹਾਂ ਦੀ ਬਣਾਈ ਜਾਵੇ ਕਿ ਆਂਗਣਵਾੜੀ ਵਰਕਰ ਦੀ ਬਦਲੀ ਨੂੰ ਸਰਕਲ ਲੈਵਲ ਉੱਤੇ ਕੀਤਾ ਜਾ ਸਕੇ। ਇਸ ਦੇ ਨਾਲ ਹੀ ਤਰੱਕੀ ਦੇ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇ। ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੀ ਡਾਇਰੈਕਟਰ ਮਾਧਵੀ ਕਟਾਰੀਆ ਨੇ ਪੀ.ਪੀ.ਟੀ. ਰਾਹੀਂ ਮਿਸ਼ਨ ਵਾਤਸਲਿਆ ਦੀ ਨਵੀਂ ਹਦਾਇਤਾਂ ਸਬੰਧੀ ਵਿਸਥਾਰ ਪੂਰਵ ਜਾਣਕਾਰੀ ਦਿੱਤੀ।