ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਦਿੱਲੀ ਵਿੱਚ ਮੌਤ,  ਪਰਲ ਘੋਟਾਲੇ  'ਚ ਸੀਬੀਆਈ ਨੇ  2016 ਵਿੱਚ ਕੀਤਾ ਸੀ ਗ੍ਰਿਫ਼ਤਾਰ

ਚੰਡੀਗੜ੍ਹ, 26 ਅਗਸਤ 2024 : ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਦਿੱਲੀ ਵਿੱਚ ਮੌਤ ਹੋ ਗਈ। ਭੰਗੂ 45 ਹਜ਼ਾਰ ਕਰੋੜ ਰੁਪਏ ਦੇ ਪਰਲ ਘੋਟਾਲੇ ਦਾ ਮਾਸਟਰਮਾਈਂਡ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਸ ਨੂੰ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸੀ। ਜਦੋਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਨ੍ਹਾਂ ਨੂੰ ਦਿੱਲੀ ਦੇ ਡੀਡੀਯੂ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭੰਗੂ ਨੇ ਬਰਨਾਲਾ ਤੋਂ ਨਵੀਂ ਕੰਪਨੀ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਖੋਲ੍ਹੀ ਸੀ। ਇਹ ਇੱਕ ਚੇਨ ਸਿਸਟਮ ਸਕੀਮ ਸੀ ਜਿਸ ਵਿੱਚ ਦਾਅਵਿਆਂ ਅਤੇ ਮੁਨਾਫ਼ੇ ਦੇ ਵਾਅਦਿਆਂ ਦੇ ਲਾਲਚ ਵਿੱਚ ਪੰਜ ਕਰੋੜ ਤੋਂ ਵੱਧ ਲੋਕਾਂ ਨੇ ਇਸ ਵਿੱਚ ਪੈਸਾ ਲਗਾਇਆ ਸੀ। ਆਮ ਲੋਕਾਂ ਤੋਂ ਇਕੱਠੀ ਕੀਤੀ ਇਸ ਛੋਟੀ ਜਿਹੀ ਰਕਮ ਨਾਲ ਉਸ ਨੇ ਪਰਲਜ਼ ਗਰੁੱਪ ਦਾ ਵੱਡਾ ਸਾਮਰਾਜ ਬਣਾਇਆ ਸੀ। ਭੰਗੂ ਨੇ ਇਸ ਪੈਸੇ ਨੂੰ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰਾਂ ਵਿੱਚ ਨਿਵੇਸ਼ ਕੀਤਾ ਪਰ ਵਾਅਦੇ ਮੁਤਾਬਕ ਉਸ ਦੇ ਪੈਸੇ ਨਿਵੇਸ਼ਕਾਂ ਨੂੰ ਵਾਪਸ ਨਹੀਂ ਕੀਤੇ ਗਏ। ਇਸ ਕਾਰਨ ਲੋਕਾਂ ਨੇ ਕੰਪਨੀ ਖਿਲਾਫ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਨੂੰ ਵਧਦਾ ਦੇਖ ਕੇ CBI ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਲ ਗਰੁੱਪ ਦੀ ਜਾਇਦਾਦ ਜ਼ਬਤ ਕਰਕੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਮਾਨ ਸਰਕਾਰ ਨੇ ਜਾਇਦਾਦ ਜ਼ਬਤ ਕਰਨ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਸਤੰਬਰ ਵਿੱਚ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪ੍ਰੇਮ ਕੌਰ ‘ਤੇ ਜਾਇਦਾਦ ਦੇ ਤਬਾਦਲੇ ‘ਚ ਬੇਨਿਯਮੀਆਂ ਦਾ ਦੋਸ਼ ਸੀ।