ਪੌਂਗ ਡੈਮ ਤੋਂ 5000 ਕਿਊਸਿਕ ਪਾਣੀ ਹੀ ਛੱਡਿਆ, ਮਾਝੇ ਵਿਚ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ 

ਚੰਡੀਗੜ੍ਹ, 16 ਜੁਲਾਈ : ਅੱਜ ਪੌਂਗ ਡੈਮ ਦੇ 5 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ ਜੋ ਪਾਣੀ ਛੱਡਿਆ ਗਆ ਹੈ, ਉਹ ਸਤਲੁਜ ਵਿੱਚ ਆਵੇਗਾ, ਜਿਸ ਕਾਰਨ ਸਤਲੁਜ ਵਿੱਚ ਪਾਣੀ ਦਾ ਪੱਧਰ ਵਧ ਜਾਵੇਗਾ, ਜਿਸ ਕਾਰਨ ਨੇੜਲੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ  ਪੌਂਗ ਡੈਮ ਦੇ ਇਸ ਕਦਮ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਪੌਂਗ ਡੈਮ ਤੋਂ ਟਰਬਾਈਨਾਂ ਰਾਹੀਂ 18,000 ਕਿਊਸਿਕ ਪਾਣੀ ਪਹਿਲਾਂ ਹੀ ਛੱਡਿਆ ਜਾ ਰਿਹਾ ਸੀ। ਫਿਲਹਾਲ ਫਲੱਡ ਗੇਟ ਤੋਂ ਸਿਰਫ਼ 5000 ਕਿਊਸਿਕ ਪਾਣੀ ਹੀ ਛੱਡਿਆ ਜਾਵੇਗਾ। ਜਿਸ ਦਾ ਬਹੁਤਾ ਪਾਣੀ ਆਲੇ-ਦੁਆਲੇ ਦੀਆਂ ਨਹਿਰਾਂ ਵਿਚ ਵੀ ਛੱਡਿਆ ਜਾਵੇਗਾ। ਅਜਿਹੇ 'ਚ ਸਤਲੁਜ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਥਿਤੀ ਕੰਟਰੋਲ 'ਚ ਰਹੇਗੀ। ਪੰਜਾਬ ਦੇ ਮਾਝੇ ਵਿਚ ਵੀ ਹੁਣ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 4 ਮੀਟਰ ਹੇਠਾਂ ਰਹਿ ਗਿਆ ਹੈ। ਡੈਮ ਦਾ ਪਾਣੀ 523 ਮੀਟਰ ਤੱਕ ਪਹੁੰਚ ਗਿਆ ਹੈ। ਜਦਕਿ ਇਸ ਦਾ ਖਤਰੇ ਦਾ ਪੱਧਰ 527 ਮੀਟਰ ਹੈ। ਅਜਿਹੇ 'ਚ ਫਲੱਡ ਗੇਟ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ। ਜੇਕਰ ਰਣਜੀਤ ਸਾਗਰ ਡੈਮ ਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਰਾਵੀ ਦੇ ਪਾਣੀ ਦਾ ਪੱਧਰ ਵਧੇਗਾ। ਭਾਵੇਂ ਇਹ ਪਾਣੀ ਸਿੱਧਾ ਪਾਕਿਸਤਾਨ ਪਹੁੰਚ ਜਾਵੇਗਾ, ਪਰ ਇਸ ਤੋਂ ਪਹਿਲਾਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਹਾਲਾਤ ਵਿਗੜ ਜਾਣਗੇ।  ਅੱਜ ਵੀ 15 ਜ਼ਿਲ੍ਹਿਆਂ ਵਿਚ ਮੀਂਹ ਪਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਿਚ ਮੀਂਹ ਪਵੇਗਾ। ਹਾਲਾਂਕਿ ਇਸ ਦੇ ਆਮ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਰਕਾਰ ਨੇ ਭਲਕੇ ਤੋਂ ਸਕੂਲ ਖੋਲ੍ਹਣ ਦੀਆਂ ਸ਼ਰਤਾਂ ਵੀ ਜਾਰੀ ਕਰ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਨ੍ਹਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਬਾਰੇ ਕਿਹਾ ਕਿ ਜਿਨ੍ਹਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਜਿੱਥੇ ਸਕੂਲਾਂ ਵਿਚ ਪਾਣੀ ਭਰ ਗਿਆ ਹੈ, ਉਨ੍ਹਾਂ ਦੀ ਛੁੱਟੀ ਦਾ ਫੈਸਲਾ ਜ਼ਿਲ੍ਹੇ ਦੇ ਡੀ.ਸੀ. ਕਰਨਗੇ, ਬਾਕੀ ਸਕੂਲ ਕੱਲ੍ਹ ਸਵੇਰ ਤੋਂ ਖੁੱਲ੍ਹਣਗੇ।