ਸੂਬਾ ਸਰਕਾਰ ਵੱਲੋਂ ਇੱਕ ਨਵਾਂ ਹੁਕਮ ਜਾਰੀ, ਗਣਿਤ ਅਤੇ ਵਿਗਿਆਨ ਵਿਸ਼ਿਆ ਨਾਲ ਸਬੰਧਿਤ ਅਧਿਆਪਕ ਪੜ੍ਹਾਉਣ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਕਰਨਗੇ  

ਚੰਡੀਗੜ੍ਹ, 03 ਜਨਵਰੀ : ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਇਸੇ ਤਰ੍ਹਾਂ ਹੀ ਸੂਬਾ ਸਰਕਾਰ ਵੱਲੋਂ ਇੱਕ ਨਵਾਂ ਹੁਕਮ ਜਾਰੀ ਹੋਇਆ ਹੈ, ਜਿਸ ਵਿੱਚ ਸੂਬੇ ਦੇ 19000 ਸਕੂਲਾਂ ਵਿੱਚ ਤੈਨਾਤ ਗਣਿਤ ਅਤੇ ਵਿਗਿਆਨ ਵਿਸ਼ਿਆ ਨਾਲ ਸਬੰਧਿਤ ਤੇ ਹੋਰ ਕਿਸੇ ਵੀ ਕੰਮ ਦਾ ਬੋਝ ਪਾਉਣ ਤੋਂ ਰੋਕ ਕੇ ਸਿਰਫ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ ਨਾ ਹੀ ਉਨ੍ਹਾਂ ਨੂੰ ਸਕੂਲਾਂ ਵਿਚ ਆਉਣ ਵਾਲੇ ਵੱਖ-ਵੱਖ ਫੰਡਾਂ ਦਾ ਇੰਚਾਰਜ ਬਣਾਇਆ ਜਾਵੇਗਾ। ਉਨ੍ਹਾਂ ਦਾ ਇਕੋ ਇੱਕ ਕੰਮ ਹੋਵੇਗਾ ਬੱਚਿਆਂ ਨੂੰ ਵਿਗਿਆਨ ਅਤੇ ਗਣਿਤ ਬਾਰੇ ਪੜ੍ਹਾਉਣਾ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਅਧਿਆਪਕ ਦੂਜੇ ਕੰਮਾਂ ਦੇ ਬੋਝ ਕਾਰਨ ਹੋਰ ਕੰਮਾਂ ਵਿੱਚ ਰੁੱਝ ਜਾਂਦੇ ਹਨ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਾਇੰਸ ਅਤੇ ਮੈਥ ਅਧਿਆਪਕਾਂ ਤੋਂ ਕੋਈ ਹੋਰ ਕੰਮ ਨਾ ਲੈਣ ਦੇ ਆਦੇਸ਼ ਦਿਤੇ ਹਨ। ਸਿੱਖਿਆ ਵਿਭਾਗ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਕੂਲਾਂ ਵਿਚ ਕਈ ਤਰ੍ਹਾਂ ਦੇ ਫੰਡ ਹੁੰਦੇ ਹਨ। ਜਿਸ ਵਿੱਚ ਖੇਡਾਂ ਅਤੇ ਸਮੁੱਚੀ ਸਿੱਖਿਆ ਫੰਡ ਪ੍ਰਮੁੱਖ ਹਨ। ਜਦੋਂ ਸਾਇੰਸ ਅਤੇ ਗਣਿਤ ਦੇ ਅਧਿਆਪਕਾਂ ਨੂੰ ਇਨ੍ਹਾਂ ਫੰਡਾਂ ਦਾ ਇੰਚਾਰਜ ਬਣਾਇਆ ਜਾਂਦਾ ਹੈ ਤਾਂ ਉਹ ਇਸ ਕੰਮ ਵਿੱਚ ਰੁੱਝ ਜਾਂਦੇ ਹਨ। ਉਹ ਆਪਣੇ ਕੰਮ 'ਤੇ ਧਿਆਨ ਨਹੀਂ ਦੇ ਪਾਉਂਦੇ । ਜਦੋਂਕਿ ਗਣਿਤ ਅਤੇ ਵਿਗਿਆਨ ਵਿਸ਼ੇ ਔਖੇ ਹੋਣ ਕਾਰਨ ਜ਼ਿਆਦਾ ਧਿਆਨ ਮੰਗਦੇ ਹਨ। ਇਹਨਾਂ ਵਿਸ਼ਿਆਂ ਵਿੱਚ ਪ੍ਰੈਕਟੀਕਲ ਅਤੇ ਪ੍ਰਯੋਗ ਸ਼ਾਮਲ ਹੁੰਦੇ ਹਨ। ਅਜਿਹੀ ਸਥਿਤੀ ਵਿਚ ਇਨ੍ਹਾਂ ਅਧਿਆਪਕਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਜਾਣੀ ਚਾਹੀਦੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਬਚਾਈ ਜਾ ਸਕੇ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜੋ ਸਕੂਲਾਂ ਵਿੱਚ ਜਾ ਕੇ ਪੜ੍ਹਾਉਣ ਤੋਂ ਬਚਦੇ ਹਨ। ਅਜਿਹੇ ਅਧਿਆਪਕ ਦਫ਼ਤਰੀ ਕੰਮਾਂ ਵਿੱਚ ਹੀ ਆਪਣੀ ਡਿਊਟੀ ਪੂਰੀ ਕਰ ਲੈਂਦੇ ਹਨ। ਅਜਿਹੇ 'ਚ ਇਸ ਹੁਕਮ ਤੋਂ ਬਾਅਦ ਉਹ ਅਧਿਆਪਕ ਵੀ ਪ੍ਰਭਾਵਿਤ ਹੋਏ ਹਨ। ਸਿੱਖਿਆ ਵਿਭਾਗ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਗੰਭੀਰ ਹੈ। ਵਿਭਾਗ ਨੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਮਾਰਚ ਤੱਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਵਿਸ਼ੇਸ਼ ਮਾਮਲਿਆਂ ਵਿੱਚ ਹੀ ਛੁੱਟੀਆਂ ਦਿਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਚਾਈਲਡ ਕੇਅਰ ਲੀਵ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਗਏ ਹਨ। ਇਹ ਛੁੱਟੀ ਵੀ ਵਿਸ਼ੇਸ਼ ਹਾਲਤ ਵਿੱਚ ਦਿੱਤੀ ਜਾਂਦੀ ਹੈ।