ਪਟਿਆਲਾ ‘ਚ ਮਾਂ-ਪੁੱਤ ਦਾ ਕਤਲ, ਲਾਸ਼ਾਂ ਖੁਨ ਨਾਲ ਲੱਥਪੱਥ ਬਾਥਰੂਮ ‘ਚੋ ਮਿਲੀਆਂ

ਪਟਿਆਲਾ, 26 ਜੁਲਾਈ : ਸਥਾਨਕ ਸ਼ਹਿਰ ਦੇ ਸਰਹਿੰਦ ਰੋਡ ਤੇ ਪੈਂਦੇ ਪਿੰਡ ਝਿੱਲ ਦੇ ਸ਼ਹੀਦ ਉਧਮ ਸਿੰਘ ਨਗਰ ਵਿੱਚ ਮਾਂ-ਪੁੱਤ ਦਾ ਕਤਲ ਕਰ ਦੇਣ ਦੀ ਦੁੱਖਦਾਈ ਖਬਰ ਹੈ। ਦੋਵਾਂ ਦੀਆਂ ਲਾਸ਼ਾਂ ਬਾਥਰੂਮ ਵਿੱਚ ਖੁਨ ਨਾਲ ਲੱਥਪੱਥ ਮਿਲਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸ਼ਟਮਾਰਟਮ ਲਈ ਹਸਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਜਸਵੀਰ ਕੌਰ (50) ਅਤੇ ਹਰਵਿੰਦਰ ਸਿੰਘ ਜੱਗੀ (27) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮਨ ਸਿੰਘ ਨੇ ਦੱਸਿਆ ਕਿ ਉਹ ਆਟੋ ਲੈ ਕੇ ਕੰਮ ਤੇ ਗਿਆ ਹੋਇਆ ਸੀ, ਜਦੋਂ ਉਹ ਤਕਰੀਬਨ ਸ਼ਾਮ 4 ਵਜੇ ਘਰ ਆਇਆ ਤਾਂ ਘਰ ਅੰਦਰੋਂ ਬੰਦ ਸੀ, ਜਦੋਂ ਕਈ ਵਾਰ ਦਰਵਾਜਾ ਖੜਕਾਉਣ ਦੇ ਕਿਸੇ ਨੇ ਵੀ ਦਰਵਾਜਾ ਨਾ ਖੋਲਿ੍ਹਆ ਤਾਂ ਦਰਵਾਜੇ ਦਾ ਤਾਲਾ ਤੋੜ ਕੇ ਅੰਦਰ ਗਿਆ ਤਾਂ ਦੇਖਿਆ ਕਿ ਕਮਰਿਆਂ ਵਿੱਚ ਖੁਨ ਦੇ ਨਿਸ਼ਾਨ ਸਨ ਅਤੇ ਮਾਂ – ਪੁੱਤ ਦੀਆਂ ਲਾਸ਼ਾਂ ਖੂਨ ਨਾਲ ਲੱਥ ਪੱਥ ਬਾਥਰੂਮ ਵਿੱਚ ਪਈਆਂ ਸਨ। ਇਸ ਮੌਕੇ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਡੀਐਸਪੀ ਜਸਵਿੰਦਰ ਟਿਵਾਣਾ, ਐਸਐਚਓ ਪ੍ਰਦੀਪ ਸਿੰਘ ਬਾਜਵਾ ਫੋਰੈਂਸਿਕ ਟੀਮ ਨਾਲ ਮੌਕੇ ਤੇ ਪੁੱਜੇ ਅਤੇ ਬਾਰੀਕੀ ਨਾਲ ਜਾਂਚ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਮਾਂ ਪੁੱਤ ਤੇ ਤੇਜਧਾਰ ਹਥਿਆਰ ਨਾਲ ਗਰਦਨ ਤੇ ਹਮਲਾ ਕੀਤਾ ਗਿਆ ਹੈ ਅਤੇ ਹੋਰ ਵੀ ਸੱਟਾਂ ਦੇ ਨਿਸ਼ਾਨ ਮਿਲੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਦੋਸ਼ੀਆਂ ਵੱਲੋਂ ਖੁਨ ਨਾਲ ਲੱਥ ਪੱਥ ਹੋਏ ਫਰਸ਼ ਨੂੰ ਪਾਣੀ ਨਾਲ ਧੋਣ ਵੀ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ।