ਰਾਜ ਦੇ 5500 ਐਲੀਮੈਂਟਰੀ ਅਤੇ 2200 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਾਲਾ ਵਰਕ ਲਈ ਰਾਸ਼ੀ ਜਾਰੀ : ਹਰਜੋਤ ਬੈਂਸ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਪ੍ਰਣਾਲੀ ਨੂੰ ਹੋਰ ਚੁਸਤ ਤੇ ਸਮੇਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਦੇ 5500 ਐਲੀਮੈਂਟਰੀ ਸਕੂਲਾਂ ਅਤੇ 2200 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਾਲਾ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ। ਬੈਂਸ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਕੂਲਾਂ ਵਿਚ ਬਾਲਾ ਵਰਕ  ਕਰਵਾਇਆ ਜਾਣ ਹੈ ਅਤੇ  ਬਾਲਾ ਵਰਕ ਪਾਠ ਪੁਸਤਕ ਉਤੇ ਅਧਾਰਿਤ ਹੋਵੇਗਾ, ਪ੍ਰਾਇਮਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਮਹੀਨੀਆਂ ਦੇ ਨਾਂ, ਅੰਕਾਂ ਅਤੇ ਸ਼ਬਦਾਂ ਵਿੱਚ ਗਿਣਤੀ, ਗਣਿਤ ਦੇ ਫਾਰਮੂਲੇ, ਸ਼ਬਦ ਭੰਡਾਰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਬਣਾਏ ਜਾ ਸਕਦੇ ਹਨ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਹਾਈ ਅਤੇ ਸੈਕੰਡਰੀ ਪੱਧਰ ਤੇ ਕਰਵਾਏ ਜਾਣ ਵਾਲੇ ਬਾਲਾ ਵਰਕ ਲਈ ਸਕੂਲ ਪੱਧਰ ਤੇ ਵਿਸਾ਼ ਵਾਰ ਅਧਿਆਪਕਾਂ ਦੀ ਕਮੇਟੀ ਬਣਾ ਕੇ ਸਮੱਗਰੀ ਦੀ ਚੌਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੀ ਸਮੱਗਰੀ ਦੀ ਲੈਬਲਿੰਗ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲਾ ਵਰਕ ਲਈ ਸਕੂਲ ਦੇ ਵਰਾਂਡੇ ਅਤੇ ਪਿੱਲਰਾਂ ਦੀ ਵਰਤੋਂ ਮੁੱਖ ਤੌਰ ਤੇ ਕੀਤੀ ਜਾਵੇ ਤਾਂ ਜੋ ਸਕੂਲ ਸਮੇਂ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਸਿੱਖਣ ਸਿਖਾਉਣ ਪ੍ਰਕਿਰਿਆ ਸੁਭਾਵਿਕ ਤੌਰ ਤੇ ਜਾਰੀ ਰਹੇ ਅਤੇ ਨਾਲ ਦੇ ਨਾਲ ਹੀ ਸਕੂਲ ਦੀ ਦਿੱਖ ਵੀ ਸੁੰਦਰ ਨਜ਼ਰ ਆਏ।