ਪੰਜਾਬ 'ਚ ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ, ਮੀਂਹ ਪੈਣ ਦੀ ਸੰਭਾਵਨਾ 

ਚੰਡੀਗੜ੍ਹ, 5 ਅਗਸਤ : ਪੰਜਾਬ 'ਚ ਅੱਜ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਪਰ ਅੱਜ ਸੂਬੇ ਦੇ ਕੁਝ ਕੁ ਜ਼ਿਲ੍ਹਿਆਂ ਵਿਚ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਉਹ ਵੀ ਆਮ ਵਾਂਗ ਰਹੇਗੀ। ਮਾਝੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਸਵੇਰੇ ਮੀਂਹ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ 1.6, ਪਠਾਨਕੋਟ ਵਿਚ 18.2 ਅਤੇ ਗੁਰਦਾਸਪੁਰ ਵਿਚ 24.2 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿਚ ਹੁਸ਼ਿਆਰਪੁਰ ਵਿਚ 3 ਐਮ.ਐਮ., ਐਸ.ਬੀ.ਐਸ.ਨਗਰ ਵਿਚ 1.5 ਮਿਲੀਮੀਟਰ ਮੀਂਹ ਪਿਆ ਹੈ। ਸੂਬੇ ਵਿਚ ਪਿਛਲੇ ਹਫ਼ਤੇ ਤੋਂ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। 28 ਜੁਲਾਈ ਤੋਂ 3 ਅਗਸਤ ਤੱਕ ਪੰਜਾਬ ਵਿਚ ਆਮ ਨਾਲੋਂ 46 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਹੁਸ਼ਿਆਰਪੁਰ ਵਿਚ 99, ਗੁਰਦਾਸਪੁਰ ਵਿਚ 93, ਜਲੰਧਰ ਵਿਚ 69, ਅੰਮ੍ਰਿਤਸਰ ਵਿਚ 54, ਰੂਪਨਗਰ ਵਿਚ 67, ਮੁਹਾਲੀ ਵਿਚ 90, ਐਸਬੀਐਸ ਨਗਰ ਵਿਚ 72, ਮੋਗਾ ਵਿੱਚ 77, ਫਾਜ਼ਿਲਕਾ ਵਿਚ 70 ਅਤੇ ਤਰਨਤਾਰਨ ਵਿਚ 56 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। 28 ਜੁਲਾਈ ਤੋਂ 3 ਅਗਸਤ ਤੱਕ ਪੰਜਾਬ ਵਿਚ ਸਿਰਫ਼ 23.2 ਐਮਐਮ ਮੀਂਹ ਹੀ ਦਰਜ ਕੀਤਾ ਗਿਆ ਹੈ। ਜਦੋਂ ਕਿ ਇਨ੍ਹੀਂ ਦਿਨੀਂ ਪੰਜਾਬ ਵਿੱਚ 43.1MM ਸਾਧਾਰਨ ਸਥਿਤੀ ਹੁੰਦੀ ਹੈ, ਜੋ ਕਿ ਆਮ ਨਾਲੋਂ 46% ਘੱਟ ਹੈ। ਪੰਜਾਬ ਵਿਚ ਸਭ ਤੋਂ ਵੱਧ ਮੀਂਹ ਪਟਿਆਲਾ ਵਿਚ 47.8 ਐਮਐਮ ਦਰਜ ਕੀਤਾ ਗਿਆ ਹੈ, ਪਰ ਇਹ ਵੀ ਪਟਿਆਲਾ ਸ਼ਹਿਰ ਦੇ ਪਿਛਲੇ ਅੰਕੜਿਆਂ ਨਾਲੋਂ 18 ਫੀਸਦੀ ਘੱਟ ਹੈ। ਦੂਜੇ ਪਾਸੇ ਸਭ ਤੋਂ ਘੱਟ ਬਾਰਿਸ਼ ਹੁਸ਼ਿਆਰਪੁਰ 'ਚ ਦਰਜ ਕੀਤੀ ਗਈ, ਜਿਥੇ 1MM ਤੋਂ ਘੱਟ ਬਾਰਿਸ਼ ਸਿਰਫ 0.8MM ਦਰਜ ਕੀਤੀ ਗਈ। ਅਗਲੇ ਹਫ਼ਤੇ ਵੀ ਪੰਜਾਬ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਪੰਜਾਬ ਦੇ ਸ਼ਹਿਰਾਂ ਦਾ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਰਹਿਣ ਦਾ ਅੰਦਾਜ਼ਾ ਲਗਾ ਰਿਹਾ ਹੈ। ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਠਾਨਕੋਟ, ਹੁਸ਼ਿਆਰਪੁਰ, ਐਸ.ਏ.ਐਸ.ਨਗਰ, ਨਵਾਂ ਸ਼ਹਿਰ, ਮੁਹਾਲੀ ਵਿਚ 5 ਤੋਂ 10 ਐਮਐਮ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੂਰੇ ਰਾਜ ਵਿਚ 1 ਤੋਂ 5 ਐਮਐਮ ਤੱਕ ਹੀ ਮੀਂਹ ਪੈ ਸਕਦਾ ਹੈ।