ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ 

ਚੰਡੀਗੜ੍ਹ, 22 ਜਨਵਰੀ : ਹਰਿਆਣਾ ਅਤੇ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਤ ਦੀ ਠੰਢ ਕਾਰਨ ਹਿਮਾਚਲ ਦੇ ਊਨਾ ਵਿੱਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਹੁਣ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 31 ਜਨਵਰੀ 2024 ਤੱਕ ਲਾਗੂ ਰਹੇਗਾ। ਚੰਡੀਗੜ੍ਹ ‘ਚ ਸਵੇਰੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਮੇਵਾਤ, ਪਲਵਲ, ਫਰੀਦਾਬਾਦ ਵਿੱਚ ਸੰਘਣੀ ਧੁੰਦ-ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਦੋਂ ਕਿ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ।  ਮੌਸਮ ਵਿਭਾਗ ਨੇ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਇੱਕ ਵਾਰ ਫਿਰ ਰੈੱਡ ਅਲਰਟ ਜਾਰੀ ਕੀਤਾ ਹੈ। ਠੰਡੀਆਂ ਹਵਾਵਾਂ ਅਤੇ ਧੁੱਪ ਦੀ ਘਾਟ ਕਾਰਨ ਦਿਨ ਭਰ ਠੰਢ ਛਾਈ ਰਹੀ। ਦਸ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਐਸਬੀਐਸ ਨਗਰ ਸਭ ਤੋਂ ਠੰਢਾ ਰਿਹਾ, ਜਿੱਥੇ ਦਿਨ ਦਾ ਤਾਪਮਾਨ 8.5 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ ਆਮ ਨਾਲੋਂ ਨੌ ਡਿਗਰੀ ਘੱਟ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਘੱਟ ਸੀ। ਚੰਡੀਗੜ੍ਹ, ਅੰਮ੍ਰਿਤਸਰ, ਮੁਹਾਲੀ ਅਤੇ ਰੂਪਨਗਰ ਵਿਚ ਵੱਧ ਤੋਂ ਵੱਧ ਤਾਪਮਾਨ ਨੌਂ ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਮੋਗਾ ਵਿੱਚ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਸੱਤ ਤੋਂ ਅੱਠ ਡਿਗਰੀ ਸੈਲਸੀਅਸ ਘੱਟ ਰਿਹਾ ਜਦੋਂਕਿ ਰਾਤ ਦਾ ਤਾਪਮਾਨ ਇੱਕ ਤੋਂ ਦੋ ਡਿਗਰੀ ਸੈਲਸੀਅਸ ਵੱਧ ਰਿਹਾ।