ਪੀਸੀਐਸ ਅਫ਼ਸਰ ਐਸੋਸੀਏਸ਼ਂ ਦੀ ਮੁੱਖ ਮੰਤਰੀ ਮਾਨ ਨਾਲ ਮੀਟਿੰਗ ਰਹੀ ਬੇ-ਨਤੀਜਾ

ਚੰਡੀਗੜ੍ਹ, 9 ਜਨਵਰੀ  : ਪੀ.ਸੀ.ਐਸ. ਅਫਸਰ ਐਸੋਸੀਏਸ਼ਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਕਰ ਕੇ ਪੀ ਸੀ ਐਸ ਅਫਸਰ ਐਸੋਸੀਏਸ਼ਨ ਨੇ ਫ਼ੈਸਲਾ ਲਿਆ ਹੈ ਕਿ ਉਹ ਇਕ ਹਫਤੇ ਲਈ ਸਮੂਹਿਕ ਛੁੱਟੀ 'ਤੇ ਜਾਣ ਦਾ ਆਪਣਾ ਫ਼ੈਸਲਾ ਬਰਕਰਾਰ ਰੱਖਣਗੇ। ਉਨ੍ਹਾਂ ਅੱਗੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਐਸੋਸੀਏਸ਼ਨ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਬੇਨਤੀ ਕਰਨ ਨੂੰ ਮਜਬੂਰ ਹੈ। ਉਨ੍ਹਾਂ ਦਾ ਕਹਿਣਾ ਕਿ ਹੁਣ ਇਹ ਫੈਸਲਾ ਕਰਨਾ ਸਰਕਾਰ ਦੇ ਅਧਿਕਾਰਾਂ ਦੇ ਹੱਥ ਹੈ ਕਿ ਪੀ.ਸੀ.ਐੱਸ ਅਧਿਕਾਰੀ ਕਿਸ ਤਰੀਕ ਨੂੰ ਆਪਣੀ ਡਿਊਟੀ 'ਤੇ ਵਾਪਸ ਆਉਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮੁੱਦੇ 'ਤੇ ਕੀ ਕਦਮ ਚੁੱਕਦੀ ਹੈ। ਕਾਬਿਲੇਗੌਰ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਰੋਸ ਵਜੋਂ ਬੀਤੇ ਦਿਨ ਪੰਜਾਬ ਸਿਵਲ ਸਰਵਿਸਿਜ਼ ਅਫਸਰ ਐਸੋਸੀਏਸ਼ਨ ਨੇ ਸਮੂਹਿਕ ਛੁੱਟੀ ਉੱਤੇ ਜਾਣ ਦਾ ਐਲਾਨ ਕੀਤਾ ਹੈ।

ਮੀਟਿੰਗ ਦੌਰਾਨ ਪੀਸੀਐਸ ਅਫਸਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਅੱਗੇ ਰੱਖੀਆਂ ਮੰਗਾਂ ਦਾ ਵੇਰਵਾ

  • ਪਹਿਲੀ ਮੰਗ 'ਚ ਇਹ ਯਕੀਨੀ ਬਣਾਉਣ ਨੂੰ ਕਿਹਾ ਗਿਆ ਕਿ ਨਰਿੰਦਰ ਸਿੰਘ ਧਾਲੀਵਾਲ ਨੂੰ ਤੁਰੰਤ ਰਿਹਾਅ ਕੀਤਾ ਜਾਵੇ। 
  • ਦੂਜੀ ਇਹ ਕਿ ਵਿਜੀਲੈਂਸ ਬਿਊਰੋ ਦੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਜਾਵੇ ਜਿਨ੍ਹਾਂ ਨੇ ਪੀ.ਸੀ.ਐੱਸ ਨੂੰ ਮੁਕੱਦਮੇ 'ਚ ਫਰੇਮ ਕੀਤਾ ਅਤੇ ਉਹਨਾਂ ਅਧਿਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੁਅੱਤਲ ਕੀਤਾ ਜਾਵੇ।
  • ਅੱਗੇ ਉਨ੍ਹਾਂ ਮੰਗ ਕੀਤੀ ਹੈ ਕਿ ਪੁੱਛਗਿੱਛ ਅਤੇ ਐੱਫ.ਆਈ.ਆਰ ਦਰਜ ਕਰਨ ਦੇ ਮਾਮਲਿਆਂ ਵਿੱਚ ਐੱਸ.ਓ.ਪੀ ਇੱਕ ਹਫ਼ਤੇ ਦੇ ਅੰਦਰ ਤਿਆਰ ਕੀਤੀ ਜਾਵੇ। ਵਿਜੀਲੈਂਸ ਬਿਊਰੋ ਦੁਆਰਾ ਸਾਰੇ ਸਰਕਾਰੀ ਅਧਿਕਾਰੀਆਂ ਵਿਰੁੱਧ ਦਰਜ ਕੀਤੀਆਂ ਗਈਆਂ ਸਾਰੀਆਂ ਪੁੱਛਗਿੱਛਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਚਾਹੇ ਉਹ ਕਿਸੇ ਵੀ ਵਿਭਾਗ ਦੀ ਹੋਵੇ।
  • ਅੰਤ 'ਚ ਉਨ੍ਹਾਂ ਮੰਗ ਕੀਤੀ ਹੈ ਕਿ ਨਰਿੰਦਰ ਸਿੰਘ ਧਾਲੀਵਾਲ ਦੇ ਖ਼ਿਲਾਫ਼ ਐੱਫ.ਆਈ.ਆਰ. ਨੂੰ ਰੱਦ ਕੀਤਾ ਜਾਵੇ।