ਮੋਗਾ ਨੇੜੇ ਦੋ ਬੱਸਾਂ ਵਿਚਕਾਰ ਭਿਆਨਕ ਹਾਦਸਾ, ਕਈ ਮੌਤਾਂ, ਦਰਜਨਾਂ ਜ਼ਖ਼ਮੀ

ਮੋਗਾ 'ਚ ਤੜਕਸਾਰ ਦੋ ਬੱਸਾਂ ਹੋਈ ਸਿੱਧੀ ਟੱਕਰ ਦੌਰਾਨ 4 ਲੋਕਾਂ ਦੀ ਮੌਤ ਤੇ 20 ਜਣਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਿਨ੍ਹਾਂ ਵਿਚੋਂ 15 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਮੋਗਾ ਦੇ ਡੀਸੀ ਸੰਦੀਪ ਹੰਸ ਵੀ ਪਹੁੰਚ ਗਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 : 30 ਤੇ ਮੋਗਾ ਸਾਈਡ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਮਿੰਨੀ ਬੱਸ ਦੀ ਸਿੱਧੀ ਟੱਕਰ ਹੋ ਗਈ ਜਿਸ ਵਿਚ 4 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਤੇ 15 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ।

hospital

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਕਾਂਗਰਸੀ ਵਰਕਰ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਚੰਡੀਗਡ਼੍ਹ ਮਿੰਨੀ ਬੱਸ ਰਾਹੀਂ ਜਾ ਰਹੇ ਸਨ। ਮਿੰਨੀ ਬੱਸ ਜਨੇਰ ਨੇੜੇ ਅਚਾਨਕ ਲਿੰਕ ਰੋਡ ਤੋਂ ਨਿਕਲ ਕੇ ਹਾਈਵੇਅ ’ਤੇ ਆਈ ਤਾਂ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਮਿੰਨੀ ਬੱਸ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕਿ ਦੋਵੇਂ ਬੱਸਾਂ ਦੇ ਚਾਲਕਾਂ ਦੀ ਮੌਤ ਹੋ ਗਈ । ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਬਚਾਉਣ ਲਈ ਆਲੇ ਦੁਆਲੇ ਦੇ ਲੋਕ ਇਕੱਠੇੇ ਹੋਣ ਲੱਗੇ ਅਤੇ 25 ਮਿੰਟਾਂ ਵਿਚ ਐਂਬੂਲੈਂਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ।