ਸੁਨਾਮ 'ਚ ਵਾਪਰਿਆ ਵੱਡਾ ਹਾਦਸਾ, ਇੱਕ ਔਰਤ ਸਮੇਤ 4 ਮਨਰੇਗਾ ਮਜ਼ਦੂਰਾਂ ਦੀ ਮੌਤ

ਸੁਨਾਮ, 16 ਸਤੰਬਰ 2024 : ਸੁਨਾਮ ‘ਚ ਵੱਡਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਤੋਂ ਸੁਨਾਮ ਜਾ ਰਹੇ ਮਾਲ ਨਾਲ ਭਰੇ ਇੱਕ ਟੈਂਪੂ ਨੇ ਸੜਕ ਕਿਨਾਰੇ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਗੁੱਸੇ ‘ਚ ਆਏ ਲੋਕਾਂ ਨੇ ਪਟਿਆਲਾ ਰੋਡ ‘ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਹਾਦਸੇ ਵਿੱਚ ਮਰਨ ਵਾਲੇ ਲੋਕ ਨੇੜਲੇ ਪਿੰਡ ਬਿਸਨਪੁਰਾ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਹਾਦਸੇ ਬਾਰੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟੈਂਪੂ ਪਟਿਆਲਾ ਤੋਂ ਆ ਰਿਹਾ ਸੀ। ਇੱਥੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਦੁਪਹਿਰ ਸਮੇਂ ਉਹ ਖਾਣਾ ਖਾਣ ਲਈ ਸੜਕ ਕਿਨਾਰੇ ਬੈਠੇ ਸਨ ਪਰ ਅਚਾਨਕ ਇੱਕ ਵਾਹਨ ਆ ਗਿਆ ਅਤੇ ਡਰਾਈਵਰ ਨੇ ਇਨ੍ਹਾਂ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਉੱਥੇ ਕੰਮ ਕਰਦੇ ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਵੀ ਇੱਥੇ ਕੰਮ ਕਰਦੇ ਸਨ ਪਰ ਕਿਸੇ ਕਾਰਨ ਉਨ੍ਹਾਂ ਨੂੰ ਇੱਥੋਂ ਜਾਣਾ ਪਿਆ। ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਸ ਥਾਂ ‘ਤੇ ਹਾਦਸਾ ਹੋ ਗਿਆ ਸੀ। ਇਸ ਮੌਕੇ ਬਿਸ਼ਨਪੁਰਾ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਰੇਗਾ ਮਜ਼ਦੂਰ ਖਾਣਾ ਖਾਣ ਲਈ ਸਾਈਡ 'ਤੇ ਬੈਠੇ ਸੀ ਤਾਂ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਉਨ੍ਹਾਂ ਉੱਪਰ ਕੈਂਟਰ ਚਾੜ੍ਹ ਦਿੱਤਾ ਜਿਸ ਵਿਚ ਜਰਨੈਲ ਸਿੰਘ, ਹਰਪਾਲ ਸਿੰਘ, ਛੋਟਾ ਸਿੰਘ ਅਤੇ ਇਕ ਔਰਤ ਗੁਰਦੇਵ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੈਂਪੂ ਡਰਾਈਵਰ ਨੂੰ ਕੁੱਝ ਲੋਕਾਂ ਨੇ ਰੋਕ ਲਿਆ ਹੈ ਅਤੇ ਪੁਲਿਸ ਤੋਂ ਕਾਰਵਾਈ ਕਰਨੇ ਦੀ ਮੰਗ ਕਰ ਰਹੇ ਹਾਂ। ਇਸ ਬਾਬਤ ਉਨ੍ਹਾਂ ਨੇ ਰੋਡ ਵੀ ਜਾਮ ਕੀਤਾ ਹੈ। ਇਸ ਸਬੰਧੀ ਮੌਕੇ 'ਤੇ ਪੁੱਜੇ ਥਾਣਾ ਮੁਖੀ ਸਿਟੀ ਸੁਨਾਮ ਪ੍ਰਤੀਕ ਜਿੰਦਲ ਨੇ ਕਿ ਇਸ ਮਾਮਲੇ ‘ਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ ਤੋਂ ਬਾਅਦ ਟੈਂਪੂ ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਟੈਂਪੂ ਅਜੇ ਪੁਲਿਸ ਦੀ ਹਿਰਾਸਤ ‘ਚ ਹੈ।