ਮਹਿੰਗਾਈ ਭੱਤੇ ਵਿੱਚ 6% ਦਾ ਵਾਧਾ, ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦਾ ਕਰਵਾਇਆ ਮੂੰਹ ਮਿੱਠਾ


ਚੰਡੀਗੜ੍ਹ : ਦੀਵਾਲੀ ਮੌਕੇ ਪੰਜਾਬ ਕੈਬਨਿਟ ਵੱਲੋਂ ਮੁਲਾਜਮਾਂ ਦੇ ਮਹਿੰਗਾਈ ਭੱਤੇ ਵਿੱਚ 6% ਦਾ ਵਾਧਾ ਕੀਤਾ ਗਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਲਿਆ ਗਿਆ। ਇਹ ਖਬਰ ਸੁਣ ਕੇ ਮੁਲਾਜਮਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ। ਗੌਰਤਲਬ ਹੈ ਪਿਛਲੇ ਕਾਫੀ ਸਮੇਂ ਤੋਂ ਮੁਲਾਜਮ ਜਥੇਬੰਦੀਆਂ ਇਹਨਾਂ ਮੰਗਾਂ ਸਬੰਧੀ ਸੰਘਰਸ਼ ਕਰਦੀਆ ਆ ਰਹੀਆਂ ਸਨ। ਪੰਜਾਬ ਸਿਵਲ ਸਕੱਤਰੇਤ ਵਿੱਚ ਅੱਜ ਰੌਣਕ ਵਾਲਾ ਮਹੌਲ ਸੀ। ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਇਕੱਠੀਆ ਹੋਈਆ ਸਾਰੇ ਕਾਡਰਾਂ ਦੀਆ ਜਥੇਬੰਦੀਆਂ ਨੇ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਅਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ।  ਇਸ ਮੌਕੇ ਮੁਲਾਜਮ ਆਗੂ ਸੁਖਚੈਨ ਸਿੰਘ ਖਹਿਰਾ, ਜਸਪ੍ਰੀਤ ਸਿੰਘ ਰੰਧਾਵਾ, ਮਲਕੀਅਤ ਸਿੰਘ ਔਜਲਾ, ਪਰਮਦੀਪ ਸਿੰਘ ਭਵਾਤ, ਮਨਜੀਤ ਸਿੰਘ ਰੰਧਾਵਾ, ਸ਼ੁਸ਼ੀਲ ਕੁਮਾਰ, ਬਲਰਾਜ ਸਿੰਘ, ਕੁਲਵੰਤ ਸਿੰਘ, ਜਸਬੀਰ ਕੌਰ, ਦਵਿੰਦਰ ਜੁਗਨੀ, ਅਲਕਾ ਚੋਪੜਾ ਅਤੇ ਹੋਰਨਾਂ ਨੇ ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਦਾ ਮੂੰਹ ਮਿੱਠਾ ਕਰਵਾਇਆ। ਉਹਨਾਂ ਸ੍ਰੀ ਵੀ.ਕੇ.ਜੰਜੂਆ ਮੁੱਖ ਸਕੱਤਰ, ਸ੍ਰੀ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ, ਸ੍ਰੀ ਕੁਮਾਰ ਰਾਹੁਲ, ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਅਤੇ ਹੋਰਨਾਂ ਉੱਚ ਅਧਿਕਾਰੀਆਂ ਦਾ ਵੀ ਮਿਲ ਕੇ ਧੰਨਵਾਦ ਕੀਤਾ ਅਤੇ ਦੀਵਾਲੀ ਦੀ ਵਧਾਈ ਦਿੱਤੀ।