“MA ਕਰ ਰਹੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਕੀਤਾ ਰੌਸ਼ਨ”

ਦੇਸ਼ ਨੂੰ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦਿਵਾਉਣ ਵਾਲੀ ਹਰਨਾਜ਼ ਕੌਰ ਸੰਧੂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਕੁਮਾਰ ਨੇ ਹਰਨਾਜ਼ ਨੂੰ ਇਸ ਖਿਤਾਬ ਜਿੱਤਣ ਲਈ ਵਧਾਈ ਦਿੱਤੀ ਤੇ ਇਸ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਹਰਨਾਜ਼ ਨੇ ਪੰਜਾਬ ਯੂਨੀਵਰਸਿਟੀ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੀਯੂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ ਕਿ ਅਦਾਕਾਰਾ-ਮਾਡਲ ਹਰਨਾਜ਼ ਸੰਧੂ ਵੱਲੋਂ 79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ 21 ਸਾਲਾਂ ਬਾਅਦ ਮਿਸ ਯੂਨੀਵਰਸ 2021 ਦਾ ਤਾਜ ਜਿੱਤਣਾ ਪੰਜਾਬ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ।

ਦੱਸ ਦੇਈਏ ਕਿ ਹਰਨਾਜ਼ ਨੇ ਕਾਲਜ ਤੋਂ ਆਈ.ਟੀ. ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਸ ਵੇਲੇ ਵਿੱਚ ਪਬਲਿਕ ਐਡਮਨਿਸਟ੍ਰੇਸ਼ਨ ਪ੍ਰਸ਼ਾਸਨ ਵਿੱਚ ਐੱਮ.ਏ. ਕਰ ਰਹੀ ਹੈ। ਉਹ 2017 ਵਿੱਚ ਮਿਸ ਫਰੈਸ਼ ਫੇਸ ਚੁਣੀ ਗਈ ਸੀ। ਮਿਸ ਇੰਡੀਆ ਵਰਲਡ-2020 ਦੇ ਚੋਟੀ ਦੇ 20 ਫਾਈਨਲਿਸਟਾਂ ਵਿੱਚੋਂ ਹਰਨਾਜ਼ ਇੱਕ ਸੀ। ਇਸ ਤੋਂ ਇਲਾਵਾ ਉਹ ਮਿਸ ਇੰਡੀਆ ਯੂਨੀਵਰਸ, ਮਿਸ ਚੰਡੀਗੜ੍ਹ ਦੀ ਜੇਤੂ, ਬੰਬਈ ਵਿੱਚ ਕੌਮੀ ਪੱਧਰ ‘ਤੇ ਚੰਡੀਗੜ੍ਹ ਦੀ ਪ੍ਰਤੀਨਿਧੀ, ਮਿਸ ਮੈਕਸ ਐਮਰਜਿੰਗ ਸਟਾਰ 2018 ਦੀ ਫਾਈਨਲਿਸਟ, ਮਿਸ ਦੀਵਾ ਇੰਡੀਆ 2018 ਅਤੇ ਫੈਬ ਕਲਰਜ਼ ਫੈਮਿਨਾ ਮਿਸ ਇੰਡੀਆ ਪੰਜਾਬ 2019 ਰਹਿ ਚੁੱਕੀ ਹੈ। ਉਸ ਨੇ ਪੰਜਾਬੀ ਫਿਲਮਾਂ ‘ਪੌ ਬਾਰ੍ਹਾਂ’ ਤੇ ‘ਬਾਈ ਜੀ ਕੁੱਟਣਗੇ’ ਵਿੱਚ ਵੀ ਕੰਮ ਕੀਤਾ ਹੈ, ਜੋਕਿ ਅਜੇ ਪ੍ਰੋਡਕਸ਼ਨ ਅਧੀਨ ਹਨ।

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਕੁਮਾਰ ਨੇ ਕਿਹਾ ਕਿ ਆਪਣੇ ਕਰੀਅਰ ਵਿੱਚ ਅਜਿਹੀਆਂ ਉਚਾਈਆਂ ਤੱਕ ਪਹੁੰਚ ਕੇ ਉਹ ਇੱਕ ਰੋਲ ਮਾਡਲ ਅਤੇ ਚਾਹਵਾਨ ਵਿਦਿਆਰਥੀਆਂ ਲਈ ਪ੍ਰੇਰਣਾ ਬਣ ਸਕਦੀ ਹੈ।