ਬਰਨਾਲਾ ’ਚ ਕਬੱਡੀ ਖਿਡਾਰੀਆਂ ਨੇ ਕੀਤਾ ਹੌਲਦਾਰ ਦਾ ਕਤਲ

  • ਚਿਕਨ ਕਾਰਨਰ ਵਿਚ ਹੋਏ ਝਗੜੇ ਦੀ ਤਫ਼ਤੀਸ ਕਰਨ ਗਏ ਸਨ ਮ੍ਰਿਤਕ ਹੌਲਦਾਰ ਦਰਸ਼ਨ ਸਿੰਘ
  • ਮੁੱਖ ਮੰਤਰੀ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰਨਾਲਾ, 23 ਅਕਤੂਬਰ : ਸਥਾਨਕ 25 ਏਕੜ ਵਿਖੇ ਕਬੱਡੀ ਖਿਡਾਰੀਆਂ ਵਲੋਂ ਇੱਕ ਹੌਲਦਾਰ ਦਾ ਵੱਡੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਪੰਮਾ ਠੀਕਰੀਵਾਲ ਆਪਣੇ ਤਿੰਨ ਸਾਥੀਆਂ ਨਾਲ 25 ਏਕੜ ਵਿਖੇ ਇਕ ਚਿਕਨ ਕਾਰਨਰ ’ਤੇ ਸ਼ਰਾਬ ਪੀ ਰਿਹਾ ਸੀ, ਇਸ ਦੌਰਾਨ ਉੱਥੇ ਝਗੜਾ ਹੋ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਹੌਲਦਾਰ ਦਰਸ਼ਨ ਸਿੰਘ ਤਫ਼ਤੀਸ ਕਰਨ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਦੀ ਕਬੱਡੀ ਖਿਡਾਰੀ ਪੰਮਾ ਅਤੇ ਉਸਦੇ ਸਾਥੀਆਂ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ। ਹੌਲਦਾਰ ਉਨ੍ਹਾਂ ਨੂੰ ਥਾਣੇ ਚੱਲਣ ਲਈ ਕਹਿ ਰਹੇ ਸਨ ਤਾਂ ਕਬੱਡੀ ਖਿਡਾਰੀ ਪੰਮਾ ਅਤੇ ਉਸਦੇ ਤਿੰਨ ਸਾਥੀਆਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨ ’ਤੇ ਸੁੱਟ ਲਿਆ। ਹੌਲਦਾਰ ਦਰਸ਼ਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਤਾਇਨਾਤ ਸਾਰੇ ਪੁਲੀਸ ਮੁਲਾਜ਼ਮ ਉੱਥੋਂ ਚਲੇ ਗਏ। ਇਸ ਤੋਂ ਬਾਅਦ ਮੁਲਜ਼ਮ ਕਬੱਡੀ ਖਿਡਾਰੀ ਰੈਸਟੋਰੈਂਟ ਵਿੱਚ ਭੰਨਤੋੜ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ ’ਤੇ ਪੁੱਜ ਗਈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ। ਪੁਲਿਸ ਨੇ ਦੋਸ਼ੀਆਂ ਨੂੰ ਫੜਣ ਲਈ ਪਿੰਡ ਠੀਕਰੀਵਾਲ ਵਿਚ ਘੇਰਿਆ ਪਾਇਆ ਹੋਇਆ ਹੈ। ਜਦੋਂ ਇਸ ਸਬੰਧ ਥਾਣਾ ਸਿਟੀ ਵਨ ਦੇ ਇੰਚਾਰਜ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਖੁਲਾਸਾ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਮੁਲਾਜਮ ਦੇ ਕਤਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਲਿਖਿਆ ਕਿ ਬਰਨਾਲਾ ‘ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ, ਪ੍ਰਸ਼ਾਸਨ ਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਦੋਸ਼ੀਆਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ, ਦਰਸ਼ਨ ਸਿੰਘ ਜੀ ਦੇ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ, ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ HDFC ਬੈਂਕ ਵੱਲੋਂ ਵੀ 1 ਕਰੋੜ ਰੁਪਏ ਸਹਾਇਤਾ ਰਾਸ਼ੀ ਅਲੱਗ ਤੋਂ ਦਿੱਤੀ ਜਾਵੇਗੀ, ਬਹਾਦਰ ਪੁਲਸ ਕਰਮੀ ਦੇ ਜਜ਼ਬੇ ਨੂੰ ਦਿਲੋਂ ਸਲਾਮ